ਜ਼ਿਲ੍ਹਾ ਪੁਲਿਸ ਨੇ ਵੱਖ-ਵੱਖ ਥਾਵਾਂ ਤੋਂ ਫੜ੍ਹੀ ਲਾਹਣ ਤੇ ਨਜਾਇਜ਼ ਸ਼ਰਾਬ, 2 ਔਰਤਾਂ ਸਣੇ 7 ਖਿਲਾਫ਼ ਕੇਸ ਦਰਜ; 6 ਜਣੇ ਗ੍ਰਿਫ਼ਤਾਰ

ਤਰਨਤਾਰਨ, 17 ਜੁਲਾਈ : ਤਰਨਤਾਰਨ ਜ਼ਿਲ੍ਹੇ ਦੀ ਪੁਲਿਸ ਨੇ ਵੱਖ ਵੱਖ ਥਾਵਾਂ ਤੋਂ ਲਾਹਣ ਅਤੇ ਨਜਾਇਜ਼ ਸ਼ਰਾਬ ਬਰਾਮਦ ਕਰਨ ਦਾ ਦਾਅਵਾ ਕੀਤਾ ਹੈ। ਜਦੋਂਕਿ ਇਲਾਕਿਆਂ ਨਾਲ ਸਬੰਧਤ ਥਾਣਿਆਂ ਵਿਚ ਦੋ ਔਰਤਾਂ ਸਣੇ ਸੱਤ ਲੋਕਾਂ ਖਿਲਾਫ ਆਬਕਾਰੀ ਐਕਟ ਦੀਆਂ ਧਾਰਾਵਾਂ ਤਹਿਤ ਕੇਸ ਦਰਜ ਕਰਕੇ ਅੱਧਾ ਦਰਜਨ ਲੋਕਾਂ ਨੂੰ ਗ੍ਰਿਫ਼ਤਾਰ ਵੀ ਕਰ ਲਿਆ ਹੈ। ਐੱਸਐੱਸਪੀ ਦੀਪਕ ਪਾਰੀਕ ਨੇ ਦੱਸਿਆ ਕਿ ਥਾਣਾ ਸਰਹਾਲੀ ਦੇ ਏਐੱਸਆਈ ਸਤਨਾਮ ਸਿੰਘ ਪੁਲਿਸ ਪਾਰਟੀ ਸਮੇਤ ਗਸ਼ਤ ਦੌਰਾਨ ਪਿੰਡ ਦਦੇਹਰ ਸਾਹਿਬ ਤੋਂ ਠੱਠਾ ਵੱਲ ਜਾ ਰਹੇ ਸੀ। ਜਦੋਂ ਉਹ ਪਨਗੋਟਾ ਵਾਲੇ ਲਿੰਕ ਰੋਡ ’ਤੇ ਪੁੱਜੇ ਤਾਂ ਦੋ ਔਰਤਾਂ ਸਣੇਤ ਤਿੰਨ ਜਣੇ ਪਲਾਸਟਿਕ ਦੀਆਂ ਕੈਨੀਆਂ ਲੈ ਕੇ ਆਉਂਦੇ ਦਿਖਾਈ ਦਿੱਤੇ। ਸ਼ੱਕ ਦੇ ਅਧਾਰ ’ਤੇ ਉਨ੍ਹਾਂ ਨੂੰ ਕਾਬੂ ਕਰਕੇ ਕੈਨੀਆਂ ਦੀ ਜਾਂਚ ਕੀਤੀ ਤਾਂ ਉਸ ਵਿੱਚੋਂ 39 ਬੋਤਲਾਂ ਨਜਾਇਜ਼ ਸ਼ਰਾਬ ਬਰਾਮਦ ਹੋਈ। ਜਦੋਂਕਿ ਪ੍ਰਤਾਪ ਸਿੰਘ ਪੁੱਤਰ ਬਲਵਿੰਦਰ ਸਿੰਘ ਵਾਸੀ ਠੱਠਾ, ਹਰਮਨ ਕੌਰ ਪਤਨੀ ਪਲਵਿੰਦਰ ਸਿੰਘ ਵਾਸੀ ਅਬੋਹਰ ਹੁਣ ਠੱਠਾ ਅਤੇ ਹਰਪ੍ਰੀਤ ਕੌਰ ਪਤਨੀ ਰਣਜੀਤ ਸਿੰਘ ਰਿੰਕੂ ਵਾਸੀ ਸਰਹਾਲੀ ਜੋ ਹੁਣ ਠੱਠਾ ਵਿਖੇ ਰਹਿ ਰਹੀ ਹੈ ਵਜੋਂ ਪਛਾਣੇ ਗਏ ਉਕਤ ਲੋਕਾਂ ਨੂੰ ਆਬਕਾਰੀ ਐਕਟ ਤਹਿਤ ਨਾਮਜ਼ਦ ਕੀਤਾ ਗਿਆ ਹੈ। ਇਸੇ ਤਰ੍ਹਾਂ ਹੀ ਥਾਣਾ ਹਰੀਕੇ ਦੇ ਏਐੱਸਆਈ ਗੱਜਣ ਸਿੰਘ ਦੀ ਅਗਵਾਈ ਵਾਲੀ ਪੁਲਿਸ ਪਾਰਟੀ ਨੂੰ ਸੂਚਨਾ ਮਿਲੀ ਸੀ ਕਿ ਹਰਦਿਆਲ ਸਿੰਘ ਭੋਲਾ ਪੁੱਤਰ ਅਵਤਾਰ ਸਿੰਘ ਵਾਸੀ ਪਿੰਡ ਕੋਟ ਦਾਤਾ ਆਪਣੇ ਘਰ ਵਿਚ ਨਜਾਇਜ਼ ਸ਼ਰਾਬ ਕੱਢ ਕੇ ਵੇਚਦਾ ਹੈ। ਉਨ੍ਹਾਂ ਨੇ ਛਾਪੇਮਾਰੀ ਕੀਤੀ ਤਾਂ ਹਰਦਿਆਲ ਸਿੰਘ 40 ਲੀਟਰ ਲਾਹਣ ਸਮੇਤ ਗ੍ਰਿਫਤਾਰ ਕਰ ਲਿਆ। ਉਨ੍ਹਾਂ ਦੱਸਿਆ ਕਿ ਥਾਣਾ ਸਦਰ ਪੱਟੀ ਦੇ ਏਐੱਸਆਈ ਗੁਰਮੀਤ ਸਸਿੰਘ ਦੀ ਅਗਵਾਈ ਵਾਲੀ ਪੁਲਿਸ ਪਾਰਟੀ ਨੇ ਨਜਾਇਜ਼ ਸ਼ਰਾਬ ਦੇ ਕਾਰੋਬਾਰੀ ਕਰਨ ਵਾਲੇ ਵਿਅਕਤੀ ਦੀ ਮਿਲੀ ਸੂਚਨਾ ਦੇ ਤਹਿਤ ਪਿੰਡ ਤੂਤ ਵਿਚ ਛਾਪੇਮਾਰੀ ਕਰਕੇ ਹਰਪ੍ਰੀਤ ਸਿੰਘ ਨਿੱਕਾ ਪੁੱਤਰ ਗੁਰਸਾਹਿਬ ਸਿੰਘ ਨੂੰ 11 ਹਜਾਰ 250 ਮਿਲੀਲੀਟਰ ਨਜਾਇਜ਼ ਸ਼ਰਾਬ ਬਰਾਮਦ ਕਰਕੇ ਗ੍ਰਿਫਤਾਰ ਕੀਤਾ ਹੈ। ਇਸ ਤੋਂ ਇਲਾਵਾ ਥਾਣਾ ਖਾਲੜਾ ਦੇ ਏਐੱਸਆਈ ਰਾਜਬੀਰ ਸਿੰਘ ਦੀ ਅਗਵਾਈ ਵਾਲੀ ਪੁਲਿਸ ਪਾਰਟੀ ਨੇ ਮਾੜੀਮੇਘਾ ਪਿੰਡ ਦੀ ਡਰੇਨ ਦੇ ਕੋਲ ਗਸ਼ਤ ਦੌਰਾਨ ਹੀਰਾ ਸਿੰਘ ਪੁੱਤਰ ਬਾਜ ਸਿੰਘ ਵਾਸੀ ਮਾੜੀਮੇਘਾ ਨੂੰ ਪਲਾਸਟਿਕ ਦੀ ਕੈਨੀ ਸਣੇ ਸ਼ੱਕ ਦੇ ਅਧਾਰ ’ਤੇ ਕਾਬੂ ਕੀਤਾ। ਜਾਂਚ ਦੌਰਾਨ ਉਸਦੀ ਕੈਨੀ ਵਿੱਚੋਂ 6750 ਮਿਲੀਲੀਟਰ ਨਜਾਇਜ਼ ਸ਼ਰਾਬ ਬਰਾਮਦ ਹੋਈ। ਉਨ੍ਹਾਂ ਦੱਸਿਆ ਕਿ ਥਾਣਾ ਸਦਰ ਤਰਨਤਾਰਨ ਦੇ ਏਐੱਸਆਈ ਰਜਿੰਦਰ ਸਿੰਘ ਪੁਲਿਸ ਪਾਰਟੀ ਸਮੇਤ ਗਸ਼ਤ ’ਤੇ ਸਨ। ਉਨ੍ਹਾਂ ਨੇ ਸੂਚਨਾ ਦੇ ਅਧਾਰ ’ਤੇ ਚਰਨਜੀਤ ਸਿੰਘ ਪੁੱਤਰ ਜਗੀਰ ਸਿੰਘ ਵਾਸੀ ਰਸੂਲਪੁਰ ਕਲਾਂ ਦੇ ਘਰ ਛਾਪੇਮਾਰੀ ਕੀਤੀ ਤਾਂ ਉਸਦੇ ਘਰੋਂ 18 ਹਜਾਰ 750 ਮਿਲੀਲੀਟਰ ਨਜਾਇਜ਼ ਸ਼ਰਾਬ ਬਰਾਮਦ ਹੋਈ। ਜਦੋਂਕਿ ਚਰਨਜੀਤ ਸਿੰਘ ਮੌਕੇ ਤੋਂ ਫਰਾਰ ਹੋ ਗਿਆ। ਉਸਦੇ ਖਿਲਾਫ ਕੇਸ ਦਰਜ ਕਰਕੇ ਗ੍ਰਿਫਤਾਰੀ ਲਈ ਕਾਰਵਾਈ ਆਰੰਭ ਦਿੱਤੀ ਗਈ ਹੈ।



