Punjab

ਜਸ਼ਨ ਬਾਵਾ ਵੱਲੋਂ ਖੁਦ ਨੂੰ ਗੋਲੀ ਮਾਰ ਕੇ ਕੀਤੀ ਗਈ ਆਤਮ ਹੱਤਿਆ ਨੂੰ ਸਿਆਸੀ ਕਤਲ

ਆਪ ਵਲੰਟੀਅਰਾ, ਵੱਖ-ਵੱਖ ਰਾਜਨੀਤਿਕ ਪਾਰਟੀਆਂ ਦੇ ਆਗੂਆਂ, ਜਸ਼ਨ ਦੇ ਰਿਸ਼ਤੇਦਾਰਾਂ, ਦੋਸਤਾਂ ਮਿੱਤਰਾਂ ਅਤੇ ਕਬੱਡੀ ਪਹਿਲਵਾਨਾ ਵੱਲੋਂ ਕੈਂਡਲ ਮਾਰਚ ਕੱਢਿਆ

ਬਾਲ ਕਿਸ਼ਨ

ਫ਼ਿਰੋਜ਼ਪੁਰ/ਗੁਰੂਹਰਸਹਾਏ, 3 ਜੂਨ : ਹਲਕੇ ਦੇ ਪਿੰਡ ਤਰਿੱਡਾ ਦੇ ਆਮ ਆਦਮੀ ਪਾਰਟੀ ਦੇ ਨੌਜਵਾਨ ਸਰਪੰਚ ਜਸ਼ਨ ਬਾਵਾ ਵੱਲੋਂ ਖੁਦ ਨੂੰ ਗੋਲੀ ਮਾਰ ਕੇ ਕੀਤੀ ਗਈ ਆਤਮ ਹੱਤਿਆ ਨੂੰ ਸਿਆਸੀ ਕਤਲ ਦੱਸਦੇ ਹੋਏ ਆਪ ਵਲੰਟੀਅਰਾ, ਵੱਖ-ਵੱਖ ਰਾਜਨੀਤਿਕ ਪਾਰਟੀਆਂ ਦੇ ਆਗੂਆਂ, ਜਸ਼ਨ ਦੇ ਰਿਸ਼ਤੇਦਾਰਾਂ, ਦੋਸਤਾਂ ਮਿੱਤਰਾਂ ਅਤੇ ਕਬੱਡੀ ਪਹਿਲਵਾਨਾ ਵੱਲੋਂ ਆਪ ਦੇ ਆਗੂ ਦੀਪਕ ਸ਼ਰਮਾ ਦੀ ਅਗਵਾਈ ਵਿਚ ਕੈਂਡਲ ਮਾਰਚ ਕੱਢਿਆ ਗਿਆ। ਇਸ ਕੈਂਡਲ ਮਾਰਚ ਵਿਚ ਨੈਸ਼ਨਲ ਕਾਂਗਰਸ ਪਾਰਟੀ ਔਰਗਨਾਈਜੇਸ਼ਨ ਦੇ ਸੂਬਾ ਜਨਰਲ ਸਕੱਤਰ ਫੌਜੀ ਅੰਗਰੇਜ਼ ਸਿੰਘ ਵੜਵਾਲ, ਕਾਂਗਰਸ ਪਾਰਟੀ ਦੇ ਬਲਾਕ ਪ੍ਰਧਾਨ ਅਮਰੀਕ ਸਿੰਘ ਬਾਬਾ ਫਾਰਮ ਅਤੇ ਭਾਜਪਾ ਦੇ ਆਗੂ ਰਾਜਵੀਰ ਮੌਂਟੀ ਵੀ ਪਾਰਟੀਬਾਜ਼ੀ ਤੋਂ ਉੱਪਰ ਉੱਠ ਕੇ ਵਿਸ਼ੇਸ਼ ਤੌਰ ’ਤੇ ਸ਼ਾਮਲ ਹੋਏ। ਇਹ ਕੈਂਡਲ ਮਾਰਚ ਆ ਗਿਆ। ਇਸ ਦੌਰਾਨ ਹਲਕਾ ਵਿਧਾਇਕ ਖਿਲਾਫ ਜੰਮ ਕੇ ਨਾਅਰੇਬਾਜ਼ੀ ਵੀ ਕੀਤੀ ਗਈ ਅਤੇ ਕਈ ਤਰ੍ਹਾਂ ਦੇ ਉਨ੍ਹਾਂ ਉੱਪਰ ਕਥਿਤ ਦੋਸ਼ ਲਗਾਏ ਗਏ। ਵੱਖ ਵੱਖ ਥਾਈ ਸੰਬੋਧਨ ਕਰਦੇ ਹੋਏ ਆਗੂ ਦੀਪਕ ਸ਼ਰਮਾ, ਫੌਜੀ ਅੰਗਰੇਜ਼ ਸਿੰਘ ਵੜਵਾਲ, ਗੁਰਕੀਰਤਨ ਸਿੰਘ ਆਦਿ ਆਗੂਆਂ ਨੇ ਕਿਹਾ ਕਿ ਸਰਪੰਚ ਜਸ਼ਨ ਕੰਬੋਜ ਨੇ ਆਤਮ ਹੱਤਿਆ ਨਹੀਂ ਕੀਤੀ ਬਲਕਿ ਉਸ ਦਾ ਸਿਆਸੀ ਕਤਲ ਕੀਤਾ ਗਿਆ ਹੈ। ਆਗੂਆਂ ਨੇ ਕਿਹਾ ਕਿ ਪ੍ਰਤਾੜਿਤ ਕੀਤੇ ਜਾਣ ਦੀਆਂ ਪੋਸਟਾਂ ਜਸ਼ਨ ਲਗਾਤਾਰ ਆਪਣੇ ਫੇਸਬੁੱਕ ਅਕਾਊਂਟ ’ਤੇ ਪਾ ਰਿਹਾ ਸੀ। ਉਨ੍ਹਾਂ ਕਿਹਾ ਕਿ ਜਸ਼ਨ ਦੀ ਮੌਤ ਦਾ ਇਕ ਦਿਨ ਪਹਿਲਾਂ ਵੀ ਲੀਡਰਾਂ ਵੱਲੋਂ ਦਿਮਾਗੀ ਤੌਰ ’ਤੇ ਪ੍ਰੇਸ਼ਾਨ ਕੀਤਾ ਗਿਆ। ਉਨ੍ਹਾਂ ਸਪੱਸ਼ਟ ਲਫਜ਼ਾਂ ਵਿਚ ਕਿਹਾ ਕਿ ਜਸ਼ਨ ਨੂੰ ਆਖਰੀ ਵੱਟਸਐਪ ਕਾਲ ਵਿਧਾਇਕ ਦੇ ਪੀਏ ਵੱਲੋਂ ਕੀਤੀ ਗਈ ਸੀ ਜਿਸ ਤੋਂ ਬਾਅਦ ਜਸ਼ਨ ਬਹੁਤ ਜ਼ਿਆਦਾ ਪ੍ਰੇਸ਼ਾਨ ਹੋ ਚੁੱਕਾ ਸੀ ਅਤੇ ਉਸ ਨੂੰ ਆਪਣੀ ਖੁਦ ਹੀ ਜ਼ਿੰਦਗੀ ਖਤਮ ਕਰਨੀ ਪਈ। ਆਗੂਆਂ ਨੇ ਕਿਹਾ ਕਿ ਵਿਧਾਇਕ ਅਤੇ ਉਸ ਦੇ ਪੀਏ ਨੇ ਇਸ ਅਣਹੋਣੀ ਮੌਤ ਦਾ ਦੁੱਖ ਸਾਂਝਾ ਅਤੇ ਖੁਦਕੁਸ਼ੀ ਦੇ ਕਾਰਨਾਂ ਦਾ ਪਤਾ ਲਗਾਉਣ ਦੀ ਬਜਾਏ ਕਈ ਘੰਟੇ ਬੰਦ ਕਮਰੇ ਵਿਚ ਜਸ਼ਨ ਤੇ ਭੋਲੇ ਭਾਲੇ ਮਾਪਿਆਂ ਤੇ ਦਬਾਅ ਬਣਾ ਕੇ ਪੋਸਟਮਾਰਟਮ ਤੱਕ ਨਹੀਂ ਹੋਣ ਦਿੱਤਾ ਜਿਹੜਾ ਕਿ ਕਾਨੂੰਨੀ ਤੌਰ ’ਤੇ ਵੀ ਜ਼ਰੂਰੀ ਸੀ ਅਤੇ ਇਸ ਸਾਰੀ ਕਾਰਗਜਾਰੀ ਦੇ ਵਿਚ ਮੌਕੇ ’ਤੇ ਮੌਜ਼ੂਦ ਪੁਲਿਸ ਅਫਸਰਾਂ ਵੱਲੋਂ ਵੀ ਵਿਧਾਇਕ ਜੁੰਡਲੀ ਦਾ ਸਾਥ ਦਿੱਤਾ ਗਿਆ। ਆਗੂਆਂ ਨੇ ਚੇਤਾਵਨੀ ਦਿੰਦੇ ਹੋਏ ਕਿਹਾ ਹੈ ਕਿ ਜਸ਼ਨ ਦੀ ਮੌਤ ਦਾ ਪੀੜਤ ਮਾਪਿਆਂ ਨੂੰ ਇਨਸਾਫ ਦਿਵਾਉਣ ਤੱਕ ਉਹ ਚੁੱਪ ਨਹੀਂ ਬੈਠਣਗੇ ਚਾਹੇ ਉਨ੍ਹਾਂ ਨੂੰ ਕਿੰਨਾਂ ਤਿੱਖਾ ਵੀ ਸੰਘਰਸ਼ ਕਿਉਂ ਨਾ ਕਰਨਾ ਪਵੇ ਅਤੇ ਮਾਨਯੋਗ ਹਾਈ ਕੋਰਟ ਦਾ ਦਰਵਾਜ਼ਾ ਖਟਖਟਾ ਕੇ ਇਸ ਕੇਸ ਨੂੰ ਰਫਾ ਦਫਾ ਕਰਨ ਵਾਲੇ ਅਫਸਰਾਂ ਖਿਲਾਫ ਕਾਰਵਾਈ ਕਰਵਾਉਣਗੇ। ਇਸ ਮੌਕੇ ਵੱਖ ਵੱਖ ਆਗੂਆਂ ਤੇ ਸਮਾਜ ਸੇਵੀਆਂ ਵਿਚ ਤਰਸੇਮ ਕਪੂਰ, ਜੋਨੀ ਕਪੂਰ, ਚੰਨਾ ਸਿੰਘ, ਸੁਰਜੀਤ ਧਵਨ, ਜਤਿੰਦਰ ਪਹਿਲਵਾਨ, ਬੰਟੀ ਭੀਮਾਲ, ਕੁਲਵਿੰਦਰ ਧਵਨ ਤੋਂ ਇਲਾਵਾ ਅਨੇਕਾਂ ਸਮਾਜ ਸੇਵੀ ਹਾਜ਼ਰ ਸਨ।

Related Articles

Leave a Reply

Your email address will not be published. Required fields are marked *

Back to top button