Punjab

ਜਸ਼ਨ ਬਾਵਾ ਕਤਲ ਕਾਂਡ: ਪਰਿਵਾਰ ਅਤੇ ਐਕਸ਼ਨ ਕਮੇਟੀ ਨੇ ਪ੍ਰੈਸ ਕਾਨਫਰੰਸ ’ਚ ਕੀਤੇ ਵੱਡੇ ਐਲਾਨ

ਬਾਲ ਕਿਸ਼ਨ

ਫਿਰੋਜ਼ਪੁਰ , 25 ਜੂਨ : ਜਸ਼ਨ ਬਾਵਾ ਕਤਲ ਕਾਂਡ ਨੂੰ ਲੈ ਕੇ ਪਰਿਵਾਰ ਅਤੇ ਜਸ਼ਨ ਬਾਵਾ ਕਤਲ ਕਾਂਡ ਵਿਰੋਧੀ ਐਕਸ਼ਨ ਕਮੇਟੀ ਨੇ ਅੱਜ ਫਿਰੋਜ਼ਪੁਰ ਵਿਖੇ ਪ੍ਰੈਸ ਕਾਨਫਰੰਸ ਕਰਕੇ ਸਰਕਾਰ ਅਤੇ ਪੁਲਿਸ ’ਤੇ ਗੰਭੀਰ ਸਵਾਲ ਚੁੱਕੇ। ਜਸ਼ਨ ਦੇ ਪਿਤਾ ਤਰਸੇਮ ਬਾਵਾ ਨੇ ਐੱਮਐੱਲਏ ਫੌਜਾ ਸਿੰਘ ਸਰਾਰੀ ਅਤੇ ਉਸ ਦੇ ਪੀਏ ਬਚਿੱਤਰ ਲਾਡੀ ’ਤੇ ਗੰਭੀਰ ਦੋਸ਼ ਲਗਾਏ, ਦੱਸਿਆ ਕਿ ਇਨ੍ਹਾਂ ਨੇ ਜਸ਼ਨ ਨੂੰ ਲਗਾਤਾਰ ਤੰਗ-ਪਰੇਸ਼ਾਨ ਕੀਤਾ, ਜਿਸ ਕਾਰਨ ਉਸ ਨੇ ਖੁਦਕੁਸ਼ੀ ਕਰ ਲਈ। ਤਰਸੇਮ ਬਾਵਾ ਨੇ ਦੱਸਿਆ ਕਿ ਸਰਪੰਚੀ ਚੋਣ ਵੇਲੇ ਫੌਜਾ ਸਿੰਘ ਨੇ 12 ਲੱਖ ਰੁਪਏ, ਸਰਟੀਫਿਕੇਟ ਲਈ 3 ਲੱਖ ਅਤੇ ਪੰਚਾਇਤੀ ਜ਼ਮੀਨ ਦੀ ਬੋਲੀ ਲਈ 2 ਲੱਖ ਰੁਪਏ ਮੰਗੇ। ਇਸ ਤੋਂ ਬਾਅਦ ਵੀ ਪੈਸਿਆਂ ਦੀ ਮੰਗ ਅਤੇ ਧਮਕੀਆਂ ਜਾਰੀ ਰਹੀਆਂ। ਜਸ਼ਨ ਨੂੰ ਸਰਪੰਚੀ ਤੋਂ ਹਟਾਉਣ ਅਤੇ ਝੂਠੇ ਕੇਸ ’ਚ ਫਸਾਉਣ ਦੀਆਂ ਸਾਜ਼ਿਸ਼ਾਂ ਰਚੀਆਂ ਗਈਆਂ। ਤਰਸੇਮ ਨੇ ਕਿਹਾ, ‘‘ਮੇਰੇ ਪੁੱਤ ਨੇ ਦਬਾਅ ਸਹਾਰ ਨਾ ਸਕਿਆ ਅਤੇ ਗੋਲੀ ਮਾਰ ਕੇ ਜੀਵਨ ਖਤਮ ਕਰ ਲਈ’’। ਉਨ੍ਹਾਂ ਨੇ ਇਹ ਵੀ ਦੋਸ਼ ਲਗਾਇਆ ਕਿ ਜਸ਼ਨ ਦੀ ਮੌਤ ਤੋਂ ਬਾਅਦ ਫੌਜਾ ਸਰਾਰੀ ਸਾਥੀਆਂ ਸਮੇਤ ਉਨ੍ਹਾਂ ਦੇ ਘਰ ਪਹੁੰਚਿਆ ਅਤੇ ਪੋਸਟਮਾਰਟਮ ਨਹੀਂ ਕਰਵਾਉਣ ਦਿੱਤਾ। ਪੁਲਿਸ ’ਤੇ ਸਮਝੌਤੇ ਲਈ ਦਬਾਅ ਪਾਉਣ ਅਤੇ ਦੋਸ਼ੀਆਂ ’ਤੇ ਕਾਰਵਾਈ ਨਾ ਕਰਨ ਦਾ ਇਲਜ਼ਾਮ ਲਗਾਇਆ। ਤਰਸੇਮ ਨੇ ਕਿਹਾ ਅਸੀਂ ਨਾ ਪੈਸੇ ਲਏ, ਨਾ ਸਮਝੌਤਾ ਕੀਤਾ। ਜਦੋਂ ਤੱਕ ਇਨਸਾਫ ਨਹੀਂ ਮਿਲਦਾ, ਸੰਘਰਸ਼ ਜਾਰੀ ਰਹੇਗਾ।” ਐਕਸ਼ਨ ਕਮੇਟੀ ਨੇ ਸੰਘਰਸ਼ ਨੂੰ ਤੇਜ਼ ਕਰਨ ਦਾ ਐਲਾਨ ਕੀਤਾ। 5 ਜੁਲਾਈ ਨੂੰ ਗੁਰੂਹਰਸਹਾਏ ਬਾਜ਼ਾਰ ਬੰਦ ਅਤੇ ਥਾਣੇ ਸਾਹਮਣੇ ਧਰਨੇ ਦਾ ਸੱਦਾ ਦਿੱਤਾ ਗਿਆ। 5 ਜਨਵਰੀ ਤੱਕ ਪਿੰਡਾਂ ’ਚ ਰੈਲੀਆਂ, ਮੀਟਿੰਗਾਂ ਅਤੇ ਫੌਜਾ ਸਰਾਰੀ ਦੀਆਂ ਅਰਥੀਆਂ ਫੂਕਣ ਦਾ ਐਲਾਨ ਕੀਤਾ। ਕਮੇਟੀ ਨੇ ਆਮ ਆਦਮੀ ਪਾਰਟੀ ਦੇ ਮੁੱਖ ਮੰਤਰੀ ਭਗਵੰਤ ਮਾਨ ਸਮੇਤ ਸਾਰੇ ਆਗੂਆਂ ਦੀ ਪਿੰਡਾਂ ’ਚ ਐਂਟਰੀ ਬੰਦ ਕਰਨ ਦੀ ਅਪੀਲ ਕੀਤੀ। ਕਮੇਟੀ ਆਗੂਆਂ ਨੇ ਕਿਹਾ ਕਿ ਸਰਕਾਰ ਨੇ ਵਾਅਦੇ ਪੂਰੇ ਨਹੀਂ ਕੀਤੇ। ਆਮ ਆਦਮੀ ਪਾਰਟੀ ਦੇ ਪ੍ਰਧਾਨ ਅਮਨ ਅਰੋੜਾ ਦੇ 48 ਘੰਟਿਆਂ ’ਚ ਕਾਰਵਾਈ ਦੇ ਵਾਅਦੇ ਵੀ ਖੋਖਲੇ ਸਾਬਤ ਹੋਏ। ਉਨ੍ਹਾਂ ਨੇ ਸਰਕਾਰ ’ਤੇ ਭ੍ਰਿਸ਼ਟਾਚਾਰ ਨੂੰ ਸੁਰੱਖਿਆ ਦੇਣ ਦਾ ਦੋਸ਼ ਲਗਾਇਆ, ਕਿਹਾ ਕਿ ਐੱਮਐੱਲਏ ਸਰਪੰਚੀਆਂ ਦੇ ਨਾਂ ’ਤੇ ਕਰੋੜਾਂ ਰੁਪਏ ਹੜੱਪ ਰਹੇ ਹਨ। ਇਸ ਮੌਕੇ ਐਕਸ਼ਨ ਕਮੇਟੀ ਦੇ ਆਗੂ ਨਿਹਾਲ ਸਿੰਘ, ਅਵਤਾਰ ਮਹਿਮਾ, ਹਰਨੇਕ ਮਹਿਮਾ, ਦੀਪਕ ਸ਼ਰਮਾ, ਗੁਰਪ੍ਰੀਤ ਸਿੰਘ, ਸਰਪੰਚ ਯੂਨੀਅਨ ਦੇ ਸਾਰਜ ਸਿੰਘ ਸਮੇਤ ਵੱਡੀ ਗਿਣਤੀ ’ਚ ਲੋਕ ਹਾਜ਼ਰ ਸਨ।

Related Articles

Leave a Reply

Your email address will not be published. Required fields are marked *

Back to top button