
ਜਗਰਾਉਂ (ਲੁਧਿਆਣਾ), 29 ਜੁਲਾਈ : ਸੋਮਵਾਰ ਦੁਪਹਿਰ 3:30 ਵਜੇ ਕਮਲ ਚੌਕ ਵਿੱਚ ਸਥਿਤ ਕਾਂਡਾ ਜਵੈਲਰਜ਼ ਦੇ ਸ਼ੋਅਰੂਮ ‘ਤੇ ਦੋ ਨੌਜਵਾਨ ਬਿਨਾਂ ਨੰਬਰ ਪਲੇਟ ਵਾਲੇ ਪਲੈਟੀਨਾ ਮੋਟਰਸਾਈਕਲ ‘ਤੇ ਆਏ ਅਤੇ ਗੋਲ਼ੀਆਂ ਚਲਾਈਆਂ। ਸ਼ੋਅਰੂਮ ਦੇ ਬਾਹਰੀ ਸ਼ੀਸ਼ੇ ‘ਤੇ ਗੋਲੀਆਂ ਚਲਾਈਆਂ ਗਈਆਂ, ਜਿਸ ਕਾਰਨ ਸ਼ੀਸ਼ਾ ਟੁੱਟ ਗਿਆ, ਪਰ ਕੋਈ ਜਾਨੀ ਨੁਕਸਾਨ ਨਹੀਂ ਹੋਇਆ। ਪੁਲਿਸ ਨੇ ਸ਼ੋਅਰੂਮ ਵਿੱਚ ਲੱਗੇ ਸੀਸੀਟੀਵੀ ਕੈਮਰਿਆਂ ਦੀ ਜਾਂਚ ਕੀਤੀ, ਜਿਸ ਵਿੱਚ ਗੋਲੀਆਂ ਚਲਾਉਣ ਵਾਲੇ ਲੋਕ ਮੋਟਰਸਾਈਕਲਾਂ ‘ਤੇ ਸਵਾਰ ਦਿਖਾਈ ਦੇ ਰਹੇ ਸਨ, ਜਿਨ੍ਹਾਂ ਦੇ ਚਿਹਰੇ ਢੱਕੇ ਹੋਏ ਸਨ। ਐਸਐਸਪੀ ਡਾ. ਅੰਕੁਰ ਗੁਪਤਾ ਵੀ ਮੌਕੇ ‘ਤੇ ਪਹੁੰਚੇ ਅਤੇ ਸ਼ੋਅਰੂਮ ਦੇ ਮਾਲਕ ਪਰਮਿੰਦਰ ਕਾਂਡਾ ਤੋਂ ਸਥਿਤੀ ਦਾ ਜਾਇਜ਼ਾ ਲਿਆ। ਸ਼ੋਅਰੂਮ ਦੇ ਮਾਲਕ ਪਰਮਿੰਦਰ ਸਿੰਘ ਕਾਂਡਾ ਨੇ ਕਿਹਾ ਕਿ ਉਨ੍ਹਾਂ ਦੀ ਕਿਸੇ ਨਾਲ ਕੋਈ ਦੁਸ਼ਮਣੀ ਨਹੀਂ ਹੈ ਅਤੇ ਨਾ ਹੀ ਉਨ੍ਹਾਂ ਨੂੰ ਕਦੇ ਕਿਸੇ ਗੈਂਗਸਟਰ ਜਾਂ ਹੋਰ ਵਿਅਕਤੀ ਤੋਂ ਫਿਰੌਤੀ ਦੇ ਫੋਨ ਆਏ ਹਨ। ਉਨ੍ਹਾਂ ਕਿਹਾ ਕਿ ਉਨ੍ਹਾਂ ਨੂੰ ਨਹੀਂ ਪਤਾ ਕਿ ਗੋਲ਼ੀਆਂ ਕਿਉਂ ਅਤੇ ਕਿਸਨੇ ਚਲਾਈਆਂ। ਐਸਐਸਪੀ ਡਾ. ਅੰਕੁਰ ਗੁਪਤਾ ਨੇ ਕਿਹਾ ਕਿ ਫਿਲਹਾਲ ਇਸ ਘਟਨਾ ਨੂੰ ਸਿੱਧੇ ਤੌਰ ‘ਤੇ ਕਿਸੇ ਗੈਂਗਸਟਰ ਨਾਲ ਨਹੀਂ ਜੋੜਿਆ ਜਾ ਸਕਦਾ, ਪਰ ਇਸ ਪਹਿਲੂ ਦੀ ਗੰਭੀਰਤਾ ਨਾਲ ਜਾਂਚ ਕੀਤੀ ਜਾਵੇਗੀ।



