
ਕਿਸ਼ਨਗੜ੍ਹ, 11 ਅਗਸਤ : ਜਲੰਧਰ ਪਠਾਨਕੋਟ ਰਾਸ਼ਟਰੀ ਰਾਜ ਮਾਰਗ ‘ਤੇ ਸਥਿਤ ਅੱਡਾ ਕਾਲਾ ਬੱਕਰਾ ਦੇ ਨਜ਼ਦੀਕ ਇੱਟਾਂ ਵਾਲੇ ਭੱਠੇ ਸਾਹਮਣੇ ਦੁਪਹਿਰ ਡੇਢ ਵਜੇ ਦੇ ਕਰੀਬ ਇੱਕ ਟਿੱਪਰ ਤੇ ਪ੍ਰਾਈਵੇਟ ਬੱਸ ਵਿੱਚ ਜ਼ਬਰਦਸਤ ਟੱਕਰ ਹੋਣ ਕਾਰਨ ਕਈ ਸਵਾਰੀਆਂ ਦੇ ਜ਼ਖ਼ਮੀ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਇਸ ਹਾਦਸੇ ਸਬੰਧੀ ਜਾਣਕਾਰੀ ਦਿੰਦੇ ਹੋਏ ਸੜਕ ਸੁਰੱਖਿਆ ਫੋਰਸ ਦੇ ਇੰਚਾਰਜ ਏਐੱਸਆਈ ਰਣਜੀਤ ਸਿੰਘ ਨੇ ਦੱਸਿਆ ਕਿ ਕਿਸੇ ਰਾਹਗੀਰ ਤੋਂ ਸੂਚਨਾ ਮਿਲਣ ਉਪਰੰਤ ਐੱਸਐੱਸਐੱਫ ਟੀਮ ਮੌਕੇ ‘ਤੇ ਪੁੱਜੀ ਤਾਂ ਦੇਖਿਆ ਕਿ ਇੱਕ ਪ੍ਰਾਈਵੇਟ ਬੱਸ ਨੰ: ਪੀਬੀ07 ਏਐੱਸ 6965 ਦਾ ਐਕਸੀਡੈਂਟ ਹੋਇਆ ਹੈ ਜਿਸ ਦੀਆਂ ਜ਼ਖਮੀ ਸਵਾਰੀਆਂ ਨੂੰ ਸਥਾਨਕ ਲੋਕਾਂ ਵਲੋਂ ਪਹਿਲਾਂ ਹੀ ਸਿਵਲ ਹਸਪਤਾਲ ਕਾਲਾ ਬੱਕਰਾ ਵਿਖੇ ਦਾਖਲ ਕਰਵਾ ਦਿੱਤਾ ਗਿਆ ਸੀ। ਹਾਦਸਾਗ੍ਰਸਤ ਬੱਸ ਦੇ ਕੰਡਕਟਰ ਸੁਰਜੀਤ ਸਿੰਘ ਪੁੱਤਰ ਕਿਸ਼ਨ ਚੰਦ ਵਾਸੀ ਜਾਜਾਂ ਪਿੰਡ ਜ਼ਿਲ੍ਹਾ ਹੁਸ਼ਿਆਰਪੁਰ ਨਾਲ ਗੱਲ ਕਰਨ ‘ਤੇ ਪਤਾ ਲੱਗਾ ਕਿ ਬੱਸ ਅਣਪਛਾਤੇ ਵਾਹਨ ਨਾਲ ਟਕਰਾ ਗਈ ਜਿਸ ਨਾਲ ਬਸ ਅੱਗੇ ਤੋਂ ਪੂਰੀ ਤਰ੍ਹਾਂ ਨੁਕਸਾਨੀ ਗਈ ਅਤੇ ਸਵਾਰੀਆਂ ਜ਼ਖ਼ਮੀ ਹੋ ਗਈਆਂ। ਐੱਸਐੱਸਐੱਫ ਟੀਮ ਨੇ ਹਾਦਸਾਗ੍ਰਸਤ ਬੱਸ ਨੂੰ ਸਾਈਡ ‘ਤੇ ਕਰਵਾ ਕੇ ਆਵਾਜਾਈ ਨੂੰ ਸੁਚਾਰੂ ਰੂਪ ਨਾਲ ਚਾਲੂ ਕਰਵਾਇਆ ਅਤੇ ਇਸ ਹਾਦਸੇ ਦੀ ਸੂਚਨਾ ਐੱਸਐੱਸਐੱਫ ਟੀਮ ਵੱਲੋਂ ਸੰਬੰਧਿਤ ਚੌਕੀ ਲਾਹਦੜਾਂ ਨੂੰ ਦਿੱਤੀ ਗਈ। ਚਸ਼ਮਦੀਦਾਂ ਨੇ ਦੱਸਿਆ ਕਿ ਬੱਸ ਦੇ ਅੱਗੇ ਟਿੱਪਰ ਜਾ ਰਿਹਾ ਸੀ ਜਿਸ ਦੇ ਡਰਾਈਵਰ ਨੂੰ ਨੀਂਦ ਆਉਣ ਕਾਰਨ ਉਸ ਦੀ ਬ੍ਰੇਕ ਲੱਗ ਗਈ ਅਤੇ ਬੱਸ ਪਿੱਛੋਂ ਟਿੱਪਰ ਵਿੱਚ ਵੱਜੀ ਜਦ ਰਾਹਗੀਰਾਂ ਨੇ ਟਿੱਪਰ ਵਾਲੇ ਨੂੰ ਪੁੱਛਿਆ ਤਾਂ ਉਸਨੇ ਦੱਸਿਆ ਕਿ ਮੈਨੂੰ ਨੀਂਦ ਆ ਗਈ ਅਤੇ ਬ੍ਰੇਕ ਲੱਗ ਗਈ। ਮੌਕੇ ‘ਤੇ ਗੱਲਬਾਤ ਕਰਦਿਆਂ ਰਾਹਗੀਰਾਂ ਨੇ ਦੱਸਿਆ ਕਿ ਟਿੱਪਰ ਚਾਲਕ ਟਿੱਪਰ ਨੂੰ ਡਿਵਾਈਡਰ ਟਪਾ ਕੇ ਗਲਤ ਪਾਸਿਓਂ ਫ਼ਰਾਰ ਹੋ ਗਿਆ। ਦੂਜੇ ਪਾਸੇ ਹਸਪਤਾਲ ਦੇ ਵਿੱਚ ਜ਼ਖ਼ਮੀ ਸਵਾਰੀਆਂ ਨਾਲ ਗੱਲਬਾਤ ਕੀਤੀ ਗਈ ਤਾਂ ਉਹਨਾਂ ਵਿੱਚੋਂ ਰਿਤੂ ਜੋ ਕਿ ਦਸੂਹਾ ਦੀ ਰਹਿਣ ਵਾਲੀ ਹੈ ਨੇ ਦੱਸਿਆ ਕਿ ਉਹ ਬੱਸ ਦੇ ਵਿੱਚ ਸਫਰ ਕਰ ਰਹੀ ਸੀ ਤੇ ਬੱਸ ਦਾ ਡਰਾਈਵਰ ਨਾਲ ਬੈਠੇ ਮੁਲਾਜ਼ਮ ਨਾਲ ਗੱਲਾਂ ਕਰ ਰਿਹਾ ਸੀ ਜਿਸ ਦੌਰਾਨ ਜ਼ੋਰਦਾਰ ਟੱਕਰ ਹੋ ਗਈ ਜਿਸ ਵਿੱਚ ਕਈ ਸਵਾਰੀਆਂ ਜ਼ਖ਼ਮੀ ਹੋ ਗਈਆਂ। ਜਿਨਾਂ ਵਿੱਚ ਇੱਕ ਪੁਲਿਸ ਮੁਲਾਜ਼ਮ ਜੋ ਕਿ ਬੱਸ ਦੇ ਵਿੱਚ ਸਫਰ ਕਰ ਰਿਹਾ ਸੀ ਨੂੰ ਗੰਭੀਰ ਸੱਟਾਂ ਲੱਗੀਆਂ ਜਿਸ ਨੂੰ ਸਿਵਲ ਹਸਪਤਾਲ ਕਾਲਾ ਬੱਕਰਾ ਵਿਖੇ ਦਾਖਲ ਕਰਵਾਇਆ ਗਿਆ ਅਤੇ ਉਸ ਦੀ ਹਾਲਤ ਨਾਜ਼ੁਕ ਹੁੰਦੀ ਦੇਖਦਿਆਂ ਉਸ ਨੂੰ ਜਲੰਧਰ ਦੇ ਨਿੱਜੀ ਹਸਪਤਾਲ ਵਿਖੇ ਰੈਫਰ ਕਰ ਦਿੱਤਾ ਗਿਆ।



