Punjab

ਜਲੰਧਰ ਦੀ ਰਿਚੀ ਟ੍ਰੈਵਲਜ਼ ’ਤੇ ਈਡੀ ਦੀ ਛਾਪੇਮਾਰੀ, ਕਰੋੜਾਂ ਦੇ ਲੈਣ-ਦੇਣ ਦੇ ਦੋਸ਼

ਮੋਬਾਈਲ, ਲੈਪਟਾਪ ਤੇ ਰਿਕਾਰਡ ਜ਼ਬਤ

ਜਲੰਧਰ, 19 ਦਸੰਬਰ : ਸਥਾਨਕ ਰਿਚੀ ਟ੍ਰੈਵਲਜ਼ ’ਤੇ ਵੀਰਵਾਰ ਦੁਪਹਿਰ ਇਨਫੋਰਸਮੈਂਟ ਡਾਇਰੈਕਟੋਰੇਟ (ਈਡੀ) ਨੇ ਛਾਪੇਮਾਰੀ ਕੀਤੀ। ਈਡੀ ਨੇ ਰਿਚੀ ਟ੍ਰੈਵਲਜ਼ ਦੇ ਦਫ਼ਤਰ ਤੇ ਘਰ ’ਤੇ ਇੱਕੋ ਸਮੇਂ ਕਾਰਵਾਈ ਕਰਦਿਆਂ ਮਹੱਤਵਪੂਰਨ ਰਿਕਾਰਡ ਜ਼ਬਤ ਕੀਤੇ ਹਨ। ਦੋਸ਼ ਹੈ ਕਿ ਇਸ ਫਰਮ ਨੇ ਲੋਕਾਂ ਨੂੰ ਵਿਦੇਸ਼ ਭੇਜਣ ਦੇ ਨਾਂ ’ਤੇ ਕਰੋੜਾਂ ਰੁਪਏ ਦਾ ਲੈਣ-ਦੇਣ ਨਕਦ ਰੂਪ ਵਿਚ ਕੀਤਾ। ਜਾਂਚ ਉਸ ਸਮੇਂ ਸ਼ੁਰੂ ਹੋਈ ਜਦੋਂ ਅਮਰੀਕਾ ਤੋਂ ਡਿਪੋਰਟ ਹੋ ਕੇ ਆਏ ਲੋਕਾਂ ਨੇ ਪੁਲਿਸ ਕੋਲ ਸ਼ਿਕਾਇਤਾਂ ਦਰਜ ਕਰਵਾਈਆਂ। ਇਸ ਤਰ੍ਹਾਂ ਦੇ 19 ਮਾਮਲੇ ਵੱਖ-ਵੱਖ ਸੂਬਿਆਂ ਵਿਚ ਦਰਜ ਕੀਤੇ ਗਏ ਹਨ। ਪੀੜਤਾਂ ਨੇ ਦੱਸਿਆ ਕਿ ਅਮਰੀਕਾ ਜਾਣ ਲਈ ਉਨ੍ਹਾਂ ਨੇ ‘ਡੰਕੀ ਰੂਟ’ ਅਪਣਾਇਆ ਸੀ ਤੇ ਰਿਚੀ ਟ੍ਰੈਵਲਜ਼ ਦੇ ਨੈੱਟਵਰਕ ਨੂੰ ਨਕਦ ਵਿਚ ਕਰੋੜਾਂ ਰੁਪਏ ਦਿੱਤੇ ਗਏ। ਜਾਣਕਾਰੀ ਮੁਤਾਬਕ ਹਰ ਵਿਅਕਤੀ ਨੇ ਅਮਰੀਕਾ ਜਾਣ ਲਈ 45 ਤੋਂ 50 ਲੱਖ ਰੁਪਏ ਵੱਖ-ਵੱਖ ਸਮਿਆਂ ’ਤੇ ਇਸ ਨੈੱਟਵਰਕ ਨਾਲ ਜੁੜੇ ਲੋਕਾਂ ਨੂੰ ਅਦਾ ਕੀਤੇ ਸਨ। ਇਸ ਮਾਮਲੇ ਦੀ ਜਾਂਚ ਅੱਗੇ ਵਧਾਉਂਦਿਆਂ ਈਡੀ ਨੇ ਬੱਸ ਅੱਡੇ ਨੇੜੇ ਸਥਿਤ ਜਲੰਧਰ ਦੀ ਮਸ਼ਹੂਰ ਰਿਚੀ ਟ੍ਰੈਵਲਜ਼ ਪ੍ਰਾਈਵੇਟ ਲਿਮਿਟਡ ’ਤੇ ਕਾਰਵਾਈ ਕੀਤੀ। ਜਲੰਧਰ ਦੇ ਨਾਲ-ਨਾਲ ਚੰਡੀਗੜ੍ਹ ਦੀ ਟੀਮ ਵੀ ਇੱਕੋ ਸਮੇਂ ਉਨ੍ਹਾਂ ਦੇ ਦਫ਼ਤਰ ਤੇ ਜਸਵੰਤ ਨਗਰ ਸਥਿਤ ਰਿਹਾਇਸ਼ ’ਤੇ ਜਾਂਚ ਲਈ ਪਹੁੰਚੀ। ਜਾਂਚ ਟੀਮਾਂ ਨੇ ਦਫ਼ਤਰ ਤੇ ਘਰ ਤੋਂ ਰਿਕਾਰਡ ਕਬਜ਼ੇ ਵਿਚ ਲਿਆ ਹੈ। ਜਾਣਕਾਰੀ ਅਨੁਸਾਰ ਈਡੀ ਵੱਲੋਂ ਡੰਕੀ ਰੂਟ ’ਤੇ ਕੰਮ ਕਰਨ ਵਾਲੇ ਟ੍ਰੈਵਲ ਏਜੰਟਾਂ ਖ਼ਿਲਾਫ਼ ਇਹ ਜਾਂਚ ਫਰਵਰੀ 2025 ’ਚ ਅਮਰੀਕਾ ਤੋਂ ਡਿਪੋਰਟ ਹੋਏ 330 ਭਾਰਤੀ ਨਾਗਰਿਕਾਂ ਦੀਆਂ ਸ਼ਿਕਾਇਤਾਂ ’ਤੇ ਦਰਜ ਐੱਫਆਈਆਰ ਤੋਂ ਬਾਅਦ ਸ਼ੁਰੂ ਕੀਤੀ ਗਈ ਸੀ। ਵੀਰਵਾਰ ਨੂੰ ਜਲੰਧਰ ਦੇ ਨਾਲ-ਨਾਲ ਦਿੱਲੀ ਤੇ ਹਰਿਆਣਾ ਦੇ ਪਾਣੀਪਤ ਵਿਚ ਵੀ ਈਡੀ ਨੇ ਛਾਪੇ ਮਾਰੇ। ਹਾਲਾਂਕਿ ਜਲੰਧਰ ਵਿਚ ਰਿਚੀ ਟ੍ਰੈਵਲਜ਼ ਖ਼ਿਲਾਫ਼ ਇਸ ਤਰ੍ਹਾਂ ਦਾ ਕੋਈ ਸਿੱਧਾ ਮਾਮਲਾ ਦਰਜ ਨਹੀਂ ਹੈ ਪਰ ਡੰਕੀ ਰੂਟ ਤੇ ਵਿਦੇਸ਼ ਭੇਜਣ ਦੇ ਮਾਮਲਿਆਂ ਦੀ ਜਾਂਚ ਦੌਰਾਨ ਸਾਹਮਣੇ ਆਏ ਏਜੰਟਾਂ ਨਾਲ ਉਨ੍ਹਾਂ ਦੇ ਸੰਪਰਕ ਤੇ ਨਕਦ ਲੈਣ-ਦੇਣ ਦੀ ਗੱਲ ਸਾਹਮਣੇ ਆਈ ਹੈ। ਜਾਂਚ ਵਿਚ ਪਤਾ ਲੱਗਾ ਹੈ ਕਿ ਲੋਕਾਂ ਨੂੰ ਡੰਕੀ ਰੂਟ ਰਾਹੀਂ ਗ਼ੈਰ-ਕਾਨੂੰਨੀ ਤੌਰ ’ਤੇ ਅਮਰੀਕਾ ਭੇਜਣ ਲਈ ਟ੍ਰੈਵਲ ਏਜੰਟਾਂ, ਦਲਾਲਾਂ, ਡੋਂਕਰਾਂ, ਵਿਦੇਸ਼ਾਂ ’ਚ ਮੌਜੂਦ ਉਨ੍ਹਾਂ ਦੇ ਸਾਥੀਆਂ, ਹਵਾਲਾ ਆਪਰੇਟਰਾਂ ਤੇ ਰਹਿਣ-ਖਾਣ ਆਦਿ ਦੀਆਂ ਸਹੂਲਤਾਂ ਮੁਹੱਈਆ ਕਰਵਾਉਣ ਵਾਲਾ ਪੂਰਾ ਗਰੁੱਪ ਕੰਮ ਕਰ ਰਿਹਾ ਸੀ। ਈਡੀ ਵੱਲੋਂ 9 ਜੁਲਾਈ ਤੇ 11 ਜੁਲਾਈ ਨੂੰ ਪੰਜਾਬ ਤੇ ਹਰਿਆਣਾ ਦੇ ਕਈ ਸ਼ਹਿਰਾਂ ਵਿਚ ਵੀ ਕਾਰਵਾਈ ਕੀਤੀ ਗਈ ਸੀ। ਇਨ੍ਹਾਂ ਦੋਵਾਂ ਕਾਰਵਾਈਆਂ ਦੀ ਜਾਂਚ ਦੌਰਾਨ ਇਸ ਨੈੱਟਵਰਕ ਨਾਲ ਜੁੜੇ ਕਈ ਸਬੂਤ ਮਿਲੇ। ਜਾਂਚ ਵਿਚ ਇਸ ਨੈੱਟਵਰਕ ਵਿਚ ਸ਼ਾਮਲ ਸਹੂਲਤਾਂ ਮੁਹੱਈਆ ਕਰਵਾਉਣ ਵਾਲੇ ਦੂਜੇ ਪੱਧਰ ਦੇ ਤੇ ਸਿੱਧੇ ਜਾਂ ਅਸਿੱਧੇ ਤੌਰ ’ਤੇ ਲਾਭ ਲੈਣ ਵਾਲੇ ਤੀਜੇ ਪੱਧਰ ਦੇ ਲੋਕਾਂ ਦੇ ਨਾਂ ਵੀ ਸਾਹਮਣੇ ਆਏ ਹਨ, ਜਿਨ੍ਹਾਂ ਦੀ ਜਾਂਚ ਜਾਰੀ ਹੈ ਤੇ ਹੁਣ ਉਨ੍ਹਾਂ ਨੂੰ ਵੀ ਇਸ ਕਾਰਵਾਈ ’ਚ ਸ਼ਾਮਲ ਕੀਤਾ ਜਾ ਰਿਹਾ ਹੈ।

Related Articles

Leave a Reply

Your email address will not be published. Required fields are marked *

Back to top button