
ਅੰਮ੍ਰਿਤਸਰ, 26 ਅਪਰੈਲ-ਵਿਵਾਦਾਂ ’ਚ ਘਿਰੀ ਬੀਬੀ ਪ੍ਰਭਲੀਨ ਕੌਰ ਨੇ ਸਕੱਤਰੇਤ ਵਿਖੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਨਾਲ ਮੁਲਾਕਾਤ ਕੀਤੀ। ਕੀਰਤਨ ਕਰਨ ਸਮੇਂ ਸਟੇਜ ਤੋਂ ਦਿੱਤੇ ਗਏ ਗ਼ਲਤ ਬਿਆਨ ਨੂੰ ਲੈ ਕੇ ਵਿਵਾਦ ’ਚ ਬੀਬੀ ਪ੍ਰਭਲੀਨ ਕੌਰ ਘਿਰ ਗਈ ਸੀ। ਜਥੇਦਾਰ ਨਾਲ ਮੁਲਾਕਾਤ ਤੋਂ ਬਾਅਦ ਉਨ੍ਹਾਂ ਕਿਹਾ ਕਿ ਸਿੰਘ ਸਾਹਿਬ ਨੇ ਉਨ੍ਹਾਂ ਦਾ ਆਤਮਵਿਸ਼ਵਾਸ ਵਧਾਇਆ ਹੈ ਤੇ ਉਨ੍ਹਾਂ ਨੂੰ ਸਲਾਹ ਦਿੱਤੀ ਹੈ ਕਿ ਉਹ ਕਿਸੇ ਵੀ ਵਿਵਾਦ ਦੇ ਬਾਵਜੂਦ ਕੀਰਤਨ ਕਰਨ ਤੋਂ ਪਿੱਛੇ ਨਾ ਹਟੇ। ਜਥੇਦਾਰ ਨੇ ਉਨ੍ਹਾਂ ਨੂੰ ਸਟੇਜ ਤੋਂ ਕੋਈ ਵੀ ਗ਼ਲਤ ਬਿਆਨ ਦੇਣ ਤੋਂ ਗੁਰੇਜ਼ ਕਰਨ ਦੀ ਹਦਾਇਤ ਵੀ ਕੀਤੀ ਹੈ। ਉਨ੍ਹਾਂ ਕਿਹਾ ਕਿ ਦਿੱਲੀ ਕਮੇਟੀ ਨੇ ਉਨ੍ਹਾਂ ਦਾ ਸਮਰਥਨ ਨਹੀਂ ਕੀਤਾ, ਪਰ ਹੁਣ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਨੇ ਸਾਰੇ ਵਿਵਾਦ ਦੇ ਬਾਵਜੂਦ ਉਨ੍ਹਾਂ ਦਾ ਸਮਰਥਨ ਕੀਤਾ ਹੈ, ਜਿਸ ਲਈ ਹੌਸਲਾ ਵਧਿਆ ਹੈ।



