Punjab

ਜਗਰਾਓਂ ਦੇ ਨਸ਼ਾ ਛੁਡਾਊ ਕੇਂਦਰ ‘ਚ ਨੌਜਵਾਨ ਦੀ ਮੌਤ, ਕੇਂਦਰ ਦੇ ਮੁਖੀ ‘ਤੇ ਕੇਸ ਦਰਜ ਕਰਨ ਮਗਰੋਂ ਗ੍ਰਿਫ਼ਤਾਰ

ਜਗਰਾਓਂ , 2 ਜੁਲਾਈ : ਪਿੰਡ ਮਿੰਨੀ ਛਪਾਰ ਦੇ ਨਸ਼ਾ ਮੁਕਤੀ ਕੇਂਦਰ ’ਚ ਨਸ਼ਾ ਛੁਡਾਉਣ ਲਈ ਦਾਖ਼ਲ ਕਰਵਾਏ ਨੌਜਵਾਨ ਦੀ ਮੌਤ ਹੋ ਗਈ ਹੈ। ਇਸ ਮਾਮਲੇ ’ਚ ਥਾਣਾ ਜੋਧਾਂ ਦੀ ਪੁਲਿਸ ਨੇ ਨਸ਼ਾ ਮੁਕਤੀ ਕੇਂਦਰ ਦੇ ਮੁਖੀ ਖ਼ਿਲਾਫ਼ ਮੁਕੱਦਮਾ ਦਰਜ ਕਰਕੇ ਉਸ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਇਸ ਘਟਨਾ ਸਬੰਧੀ ਲੁਧਿਆਣਾ ਦੇ ਮੁਹੱਲਾ ਜਨਕਪੁਰੀ ਵਾਸੀ ਰਾਜੀਵ ਚੋਪੜਾ ਨੇ ਦੱਸਿਆ ਕਿ ਉਨ੍ਹਾਂ ਦਾ ਪੁੱਤ ਪ੍ਰਥਮ ਚੋਪੜਾ ਉਰਫ ਪ੍ਰੇਮ ਚੋਪੜਾ ਜੋ ਕਿ ਬੁਰੀ ਸੰਗਤ ਦਾ ਸ਼ਿਕਾਰ ਹੋ ਗਿਆ ਅਤੇ ਨਸ਼ਾ ਕਰਨ ਲੱਗ ਪਿਆ ਸੀ। ਉਨ੍ਹਾਂ ਨੂੰ ਜਦੋਂ ਇਸ ਦਾ ਪਤਾ ਲੱਗਾ ਤਾਂ ਉੁਹ 22 ਜੂਨ ਨੂੰ ਆਪਣੇ ਪੁੱਤ ਨੂੰ ਪਿੰਡ ਮਿੰਨੀ ਛਪਾਰ ਦੇ ਹਰਗੋਬਿੰਦ ਨਗਰ ਸਥਿਤ ਨਸ਼ਾ ਮੁਕਤੀ ਕੇਂਦਰ ਬਾਬਾ ਦੀਪ ਸਿੰਘ ਵਿਦਿਆਲਿਆ ’ਚ ਦਾਖ਼ਲ ਕਰਵਾ ਦਿੱਤਾ। ਜਿਥੇ ਉਨ੍ਹਾਂ ਕੇਂਦਰ ਵੱਲੋਂ 15 ਹਜਾਰ ਰੁਪਏ ਪ੍ਰਤੀ ਮਹੀਨਾ ਫੀਸ ਦੇਣਾ ਤੈਅ ਹੋਇਆ। ਬੀਤੀ ਕੱਲ੍ਹ ਸਵੇਰੇ 11 ਵਜੇ ਨਸ਼ਾ ਮੁਕਤੀ ਕੇਂਦਰ ਤੋਂ ਫੋਨ ਆਇਆ ਕਿ ਉਨ੍ਹਾਂ ਦੇ ਪੁੱਤ ਪ੍ਰਥਮ ਦਾ ਪੇਟ ਖਰਾਬ ਹੋ ਗਿਆ ਹੈ। ਜਿਸ ਨੂੰ ਉਹ ਹਸਪਤਾਲ ਵਿਖੇ ਇਲਾਜ ਲਈ ਲੈ ਕੇ ਜਾ ਰਹੇ ਹਨ। ਸ਼ਿਕਾਇਤ ਕਰਤਾ ਪਿਤਾ ਰਾਜੀਵ ਚੋਪੜਾ ਅਨੁਸਾਰ ਜਦੋਂ ਉਹ ਹਸਪਤਾਲ ਪੁੱਜੇ ਤਾਂ ਉਥੇ ਉਨ੍ਹਾਂ ਦੇ ਪੁੱਤ ਦੀ ਮੌਤ ਹੋ ਚੁੱਕੀ ਸੀ। ਇਸ ਸਬੰਧੀ ਹਿੰਦ ਹਸਪਤਾਲ ਦੇ ਡਾਕਟਰ ਨੇ ਉਨ੍ਹਾਂ ਨੂੰ ਦੱਸਿਆ ਕਿ ਪ੍ਰਥਮ ਨੂੰ ਜਦੋਂ ਹਸਪਤਾਲ ਲੈ ਕੇ ਆਏ ਤਾਂ ਉਹ ਮ੍ਰਿਤਕ ਹਾਲਤ ‘ਚ ਸੀ ਅਤੇ ਉਸ ਦੀ ਲਾਸ਼ ਵਿਚੋਂ ਬਦਬੂ ਮਾਰ ਰਹੀ ਸੀ। ਇਸ ’ਤੇ ਉਨ੍ਹਾਂ ਪੁਲਿਸ ਨੂੰ ਸ਼ਿਕਾਇਤ ਕੀਤੀ। ਜਿਸ ’ਤੇ ਪੁਲਿਸ ਨੇ ਨਸ਼ਾ ਮੁਕਤੀ ਕੇਂਦਰ ਪਹੁੰਚ ਕੇ ਉਥੇ ਲੱਗੇ ਸੀਸੀਟੀਵੀ ਕੈਮਰੇ ਚੈੱਕ ਕੀਤੇ ਅਤੇ ਡੀਵੀਆਰ ਕਬਜੇ ਵਿਚ ਲੈ ਲਿਆ। ਇਸ ਸਬੰਧ ਵਿਚ ਪੁਲਿਸ ਚੌਂਕੀ ਛਪਾਰ ਦੇ ਮੁਖੀ ਗੁਰਦੀਪ ਸਿੰਘ ਨੇ ਦੱਸਿਆ ਕਿ ਰਾਜੀਵ ਚੋਪੜਾ ਦੀ ਸ਼ਿਕਾਇਤ ’ਤੇ ਨਸ਼ਾ ਮੁਕਤੀ ਕੇਂਦਰ ਦੇ ਹਰਵਿੰਦਰ ਸਿੰਘ ਪੁੱਤਰ ਗੁਰਚਰਨ ਸਿੰਘ ਵਾਸੀ ਪਿੰਡ ਚਮਿੰਡਾ ਖ਼ਿਲਾਫ਼ ਮੁਕੱਦਮਾ ਦਰਜ ਕਰਕੇ ਉਸਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ।

Related Articles

Leave a Reply

Your email address will not be published. Required fields are marked *

Back to top button