Punjab

ਜਗਰਾਓਂ ‘ਚ ਆਧੁਨਿਕ ਸਹੂਲਤਾਂ ਨਾਲ ਲੈਸ ਨਸ਼ਾ ਤਸਕਰ ਪਤੀ-ਪਤਨੀ ਦੀ ਕੋਠੀ ਢਾਹੀ, 15 ਮਾਮਲਿਆਂ ’ਚ ਜੇਲ੍ਹ ’ਚ ਬੰਦ ਹਨ ਦੋਵੇਂ

ਜਗਰਾਓਂ , 2 ਜੁਲਾਈ : ਜਗਰਾਓਂ ਪੁਲਿਸ ਨੇ ਨਸ਼ਾ ਤਸਕਰੀ ਅਤੇ ਹੋਰ ਸੰਗੀਨ ਧਾਰਾਵਾਂ ਤਹਿਤ 15 ਮੁਕੱਦਮਿਆਂ ’ਚ ਸ਼ਾਮਲ ਜੇਲ੍ਹ ’ਚ ਬੰਦ ਪਤੀ-ਪਤਨੀ ਦੀ ਆਧੁਨਿਕ ਸਹੂਲਤਾਂ ਨਾਲ ਲੈਸ ਕੋਠੀ ਢਾਹ ਦਿੱਤੀ। ਕੋਠੀ ਵਿਚ ਰਹਿ ਰਹੇ ਪਰਿਵਾਰਕ ਮੈਂਬਰ ਵੱਡੀ ਪੁਲਿਸ ਫੋਰਸ ਦੇ ਆਉਂਦੇ ਹੀ ਕੋਠੀ ’ਚੋਂ ਬਾਹਰ ਆ ਗਏ ਜਿਸ ਦੇ ਚੱਲਦਿਆਂ ਪੁਲਿਸ ਨੇ ਹੀ ਘਰ ਵਿਚ ਪਏ ਮਹਿੰਗੇ ਫਰਨੀਚਰ, ਕਰੌਕਰੀ ਅਤੇ ਸੁੱਖ-ਸਹੂਲਤ ਦਾ ਤਮਾਮ ਸਾਮਾਨ ਕੱਢ ਕੇ ਬਾਹਰ ਰੱਖਿਆ। ਪੁਲਿਸ ਨੇ ਵੀ ਨਸ਼ਾ ਤਸਕਰ ਜੋੜੇ ਦੀ ਇਸ ਆਲੀਸ਼ਾਨ ਕੋਠੀ ਨੂੰ ਢਾਹੁਣ ਲਈ ਦੋ ਜੇਸੀਬੀ ਮਸ਼ੀਨਾਂ ਲਗਾਈਆਂ। ਹਰ ਸਥਿਤੀ ਨਾਲ ਨਿਪਟਣ ਲਈ ਐੱਸਐੱਸਪੀ ਡਾ. ਅੰਕੁਰ ਗੁਪਤਾ ਖੁਦ ਵੱਡੀ ਪੁਲਿਸ ਫੋਰਸ ਨਾਲ ਪੁੱਜੇ। ਵਰਣਨਯੋਗ ਹੈ ਕਿ ਜਗਰਾਓਂ ਦੇ ਮੁਹੱਲਾ ਮਾਈ ਜੀਨਾ ਵਾਸੀ ਹਰਪ੍ਰੀਤ ਸਿੰਘ ਲੌਂਗਾ ਅਤੇ ਉਸ ਦੀ ਪਤਨੀ ਇੰਦਰਜੀਤ ਕੌਰ ਨਸ਼ਾ ਤਸਕਰੀ ਦੇ ਕਈ ਮਾਮਲਿਆਂ ’ਚ ਸ਼ਾਮਲ ਹੈ। ਦੋਵਾਂ ਖ਼ਿਲਾਫ਼ 15 ਮੁਕੱਦਮੇ ਨਸ਼ਾ ਤਸਕਰੀ ਤੋਂ ਇਲਾਵਾ ਕਈ ਸੰਗੀਨ ਧਾਰਾਵਾਂ ਤਹਿਤ ਦਰਜ ਹਨ। ਦੋਵੇਂ ਹੀ ਵੱਖ-ਵੱਖ ਕੇਸਾਂ ਵਿਚ ਜੇਲ੍ਹ ਵਿਚ ਹਨ। ਮੰਗਲਵਾਰ ਨੂੰ ਜਗਰਾਓਂ ਸੁਬ ਡਵੀਜ਼ਨ ਦੇ ਡੀਐੱਸਪੀ ਜਸਯਜੋਤ ਸਿੰਘ ਦੀ ਅਗਵਾਈ ਵਿਚ ਜਗਰਾਓਂ ਥਾਣਾ ਸਿਟੀ ਦੇ ਮੁਖੀ ਵਰਿੰਦਰਪਾਲ ਸਿੰਘ, ਥਾਣਾ ਸਿੱਧਵਾਂ ਬੇਟ ਦੇ ਮੁਖੀ ਹੀਰਾ ਸਿੰਘ, ਥਾਣਾ ਸਦਰ ਜਗਰਾਓਂ ਦੇ ਮੁਖੀ ਸੁਰਜੀਤ ਸਿੰਘ ਅਤੇ ਪੁਲਿਸ ਚੌਕੀ ਬੱਸ ਸਟੈਂਡ ਦੇ ਮੁਖੀ ਸੁਖਵਿੰਦਰ ਸਿੰਘ ਸਮੇਤ ਵੱਡੀ ਪੁਲਿਸ ਫੋਰਸ ਲੈ ਕੇ ਮੁਹੱਲਾ ਮਾਈ ਜੀਨਾ ਪੁੱਜੇ। ਇਸ ਦੌਰਾਨ ਨਗਰ ਕੌਂਸਲ ਵੱਲੋਂ ਈਓ ਸੁਖਦੇਵ ਸਿੰਘ ਰੰਧਾਵਾ ਨਗਰ ਕੌਂਸਲ ਦੇ ਅਮਲੇ ਨਾਲ ਦੋ ਜੇਸੀਬੀ ਮਸ਼ੀਨਾਂ ਅਤੇ ਫਾਇਰ ਬਿਗ੍ਰੇਡ ਸਮੇਤ ਪੁੱਜੇ। ਪੁਲਿਸ ਨੇ ਇਲਾਕੇ ਦੀ ਘੇਰਾਬੰਦੀ ਕੀਤੀ ਅਤੇ ਘਰ ਵਿਚ ਰਹਿੰਦੇ ਪਰਿਵਾਰਕ ਮੈਂਬਰਾਂ ਨੂੰ ਬਾਹਰ ਕੱਢ ਦਿੱਤਾ ਜਿਸ ਤੋਂ ਬਾਅਦ ਜੇਸੀਬੀ ਮਸ਼ੀਨਾਂ ਨੇ ਕੁਝ ਸਮੇਂ ਵਿਚ ਹੀ ਆਲੀਸ਼ਾਨ ਕੋਠੀ ਨੂੰ ਮਲਬੇ ਵਿਚ ਬਦਲ ਦਿੱਤਾ।

Related Articles

Leave a Reply

Your email address will not be published. Required fields are marked *

Back to top button