ਜਗਤਾਰ ਸਿੰਘ ਤਾਰਾ ਗੈਰ-ਕਾਨੂੰਨੀ ਫੰਡਿੰਗ ਮਾਮਲੇ ‘ਚ ਅਦਾਲਤ ’ਚ ਪੇਸ਼
2009 ’ਚ ਭੋਗਪੁਰ ਥਾਣੇ ’ਚ ਦਰਜ ਹੋਇਆ ਸੀ ਮਾਮਲਾ

ਜਲੰਧਰ, 10 ਅਕਤੂਬਰ : ਪੰਜਾਬ ਦੇ ਸਾਬਕਾ ਮੁੱਖ ਮੰਤਰੀ ਬੇਅੰਤ ਸਿੰਘ ਦੇ ਕਤਲ ਦੇ ਮੁਲਜ਼ਮ ਜਗਤਾਰ ਸਿੰਘ ਤਾਰਾ ਨੂੰ ਵੀਰਵਾਰ ਗੈਰਕਾਨੂੰਨੀ ਫੰਡਿੰਗ ਨਾਲ ਸਬੰਧਤ ਇਕ ਪੁਰਾਣੇ ਮਾਮਲੇ ’ਚ ਇੱਥੋਂ ਦੀ ਅਦਾਲਤ ’ਚ ਪੇਸ਼ ਕੀਤਾ ਗਿਆ। ਇਹ ਮਾਮਲਾ ਸਾਲ 2009 ’ਚ ਥਾਣਾ ਭੋਗਪੁਰ ’ਚ ਦਰਜ ਹੋਇਆ ਸੀ, ਜਿਸ ’ਚ ਤਾਰਾ ‘ਤੇ ਗੈਰਕਾਨੂੰਨੀ ਗਤੀਵਿਧੀਆਂ ਨੂੰ ਵਿੱਤੀ ਮਦਦ ਦੇਣ ਦੇ ਦੋਸ਼ ਲਗੇ ਸਨ। ਇਸ ਕੇਸ ਦੀ ਸੁਣਵਾਈ ਐਡੀਸ਼ਨਲ ਜ਼ਿਲ੍ਹਾ ਤੇ ਸੈਸ਼ਨ ਜੱਜ ਰਾਜੀਵ ਕੁਮਾਰ ਬੇਰੀ ਦੀ ਅਦਾਲਤ ’ਚ ਹੋਈ। ਪਿਛਲੀ ਤਰੀਕ ‘ਤੇ ਅਦਾਲਤ ਨੇ ਧਾਰਾ 313 ਸੀਆਰਪੀਸੀ ਹੇਠ ਤਾਰਾ ਦਾ ਬਿਆਨ ਦਰਜ ਕੀਤਾ ਸੀ ਤੇ ਸੁਣਵਾਈ ਲਈ 9 ਅਕਤੂਬਰ ਦੀ ਤਰੀਕ ਨਿਰਧਾਰਤ ਕੀਤੀ ਗਈ ਸੀ। ਅੱਜ ਦੋਹਾਂ ਪੱਖਾਂ ਦੀ ਅੰਤਿਮ ਬਹਿਸ ਪੂਰੀ ਕਰ ਲਈ ਗਈ, ਜਿਸ ਤੋਂ ਬਾਅਦ ਅਦਾਲਤ ਨੇ ਅਗਲੀ ਸੁਣਵਾਈ ਦੀ ਤਾਰੀਖ਼ 23 ਅਕਤੂਬਰ 2025 ਤੈਅ ਕੀਤੀ ਹੈ। ਸੰਭਾਵਨਾ ਹੈ ਕਿ ਉਸੇ ਦਿਨ ਅਦਾਲਤ ਇਸ ਮਾਮਲੇ ’ਚ ਫ਼ੈਸਲਾ ਸੁਣਾ ਸਕਦੀ ਹੈ। ਤਾਰਾ ’ਤੇ ਦੋਸ਼ ਹੈ ਕਿ ਉਸਨੇ 2009 ’ਚ ਗੈਰਕਾਨੂੰਨੀ ਤਰੀਕੇ ਨਾਲ ਫੰਡ ਇਕੱਠਾ ਕਰਕੇ ਕੁਝ ਸੰਗਠਨਾਂ ਨੂੰ ਆਰਥਿਕ ਸਹਾਇਤਾ ਪ੍ਰਦਾਨ ਕੀਤੀ ਸੀ। ਉਸ ਸਮੇਂ ਪੁਲਿਸ ਨੇ ਉਸਦੇ ਖ਼ਿਲਾਫ਼ ਗੈਰਕਾਨੂੰਨੀ ਗਤੀਵਿਧੀਆਂ (ਰੋਕਥਾਮ) ਕਾਨੂੰਨ (ਯੂਏਪੀਏ) ਦੀਆਂ ਧਾਰਾਵਾਂ ਹੇਠ ਮਾਮਲਾ ਦਰਜ ਕੀਤਾ ਸੀ। ਵੀਰਵਾਰ ਦੀ ਸੁਣਵਾਈ ਦੌਰਾਨ ਅਦਾਲਤ ਕੰਪਲੈਕਸ ਤੇ ਆਲੇ ਦੁਆਲੇ ਦੇ ਖੇਤਰ ’ਚ ਸਖਤ ਸੁਰੱਖਿਆ ਪ੍ਰਬੰਧ ਕੀਤੇ ਗਏ ਸਨ। ਸੁਰੱਖਿਆ ਕਾਰਨਾਂ ਕਰਕੇ ਜਲੰਧਰ ਪੁਲਿਸ ਤੇ ਜੇਲ੍ਹ ਪ੍ਰਸ਼ਾਸਨ ਦੀਆਂ ਟੀਮਾਂ ਸਵੇਰੇ ਤੋਂ ਹੀ ਤਾਇਨਾਤ ਸਨ। ਤਾਰਾ ਨੂੰ ਪਟਿਆਲਾ ਦੀ ਬੜੈਲ ਜੇਲ੍ਹ ਤੋਂ ਲਿਆਂਦਾ ਗਿਆ ਸੀ। ਪੇਸ਼ੀ ਦੌਰਾਨ ਪੁਲਿਸ ਦੇ ਵਿਸ਼ੇਸ਼ ਕਮਾਂਡੋ ਤੇ ਬਖ਼ਤਰਬੰਦ ਵਾਹਨ ਵੀ ਅਦਾਲਤ ਦੇ ਬਾਹਰ ਮੌਜੂਦ ਰਹੇ ਤਾਂ ਜੋ ਕਿਸੇ ਅਣਚਾਹੀ ਘਟਨਾ ਤੋਂ ਬਚਿਆ ਜਾ ਸਕੇ। ਭਾਈ ਜਗਤਾਰ ਸਿੰਘ ਤਾਰਾ ਖਾਲਿਸਤਾਨ ਸਮਰਥਕ ਸੰਗਠਨ ਬੱਬਰ ਖਾਲਸਾ ਇੰਟਰਨੈਸ਼ਨਲ (ਬੀਕੇਆਈ) ਨਾਲ ਜੁੜਿਆ ਹੋਇਆ ਦੱਸਿਆ ਜਾਂਦਾ ਹੈ। ਉਹ 1995 ’ਚ ਹੋਏ ਬੇਅੰਤ ਸਿੰਘ ਕਤਲਕਾਂਡ ’ਚ ਮੁਲਜ਼ਮ ਠਹਿਰਾਇਆ ਜਾ ਚੁੱਕਾ ਹੈ ਤੇ ਇਸ ਵੇਲੇ ਉਮਰ ਕੈਦ ਦੀ ਸਜ਼ਾ ਕੱਟ ਰਿਹਾ ਹੈ। ਉਸ ਕਤਲਕਾਂਡ ’ਚ ਪੰਜਾਬ ਪੁਲਿਸ ਦੇ 17 ਜਵਾਨਾਂ ਸਮੇਤ ਕੁੱਲ 21 ਲੋਕ ਮਾਰੇ ਗਏ ਸਨ। ਤਾਰਾ 2004 ’ਚ ਬੁੜੈਲ ਜੇਲ੍ਹ ਤੋਂ ਭੱਜ ਗਿਆ ਸੀ ਤੇ ਕਈ ਸਾਲਾਂ ਤੱਕ ਪੁਲਿਸ ਉਸ ਨੂੰ ਨਹੀਂ ਫੜ ਸਕੀ ਸੀ। ਬਾਅਦ ’ਚ ਉਸ ਨੂੰ ਥਾਈਲੈਂਡ ਤੋਂ ਗ੍ਰਿਫ਼ਤਾਰ ਕਰਕੇ ਭਾਰਤ ਲਿਆਂਦਾ ਗਿਆ ਸੀ। ਇਸ ਸਮੇਂ ਉਹ ਜੇਲ੍ਹ ’ਚੋਂ ਹੀ ਵੱਖ-ਵੱਖ ਪੁਰਾਣੇ ਮਾਮਲਿਆਂ ’ਚ ਪੇਸ਼ ਕੀਤਾ ਜਾ ਰਿਹਾ ਹੈ। ਹੁਣ 23 ਅਕਤੂਬਰ ਨੂੰ 2009 ਦੇ ਇਸ ਗੈਰਕਾਨੂੰਨੀ ਫੰਡਿੰਗ ਕੇਸ ਦਾ ਫ਼ੈਸਲਾ ਸੁਣਾਇਆ ਜਾ ਸਕਦਾ ਹੈ।



