
ਡੇਰਾਬੱਸੀ, 22 ਸਤੰਬਰ : ਡੇਰਾਬੱਸੀ ਪੁਲਿਸ ਨੇ ਗੁਪਤ ਸੂਚਨਾ ਦੇ ਆਧਾਰ ’ਤੇ ਚੰਡੀਗੜ੍ਹ ਮਾਰਕਾ ਅੰਗਰੇਜ਼ੀ ਸ਼ਰਾਬ ਦੀਆਂ 20 ਬੋਤਲਾਂ ਸਮੇਤ ਈਕੋ ਹੋਮਸ ਸੁਸਾਇਟੀ ’ਚ ਢਾਬਾ ਚਲਾਉਣ ਵਾਲੇ ਦੋ ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਹੈ। ਪੁਲਿਸ ਨੇ ਦੋਵੇਂ ਮੁਲਜ਼ਮਾਂ ਖ਼ਿਲਾਫ਼ ਮਾਮਲਾ ਦਰਜ ਕਰ ਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਜਾਣਕਾਰੀ ਅਨੁਸਾਰ ਮਾਮਲੇ ਦੀ ਤਫਤੀਸ਼ ਕਰ ਰਹੇ ਏਐੱਸਆਈ ਦੌਲਤ ਸਿੰਘ ਨੇ ਦੱਸਿਆ ਕਿ ਐਕਸਾਈਜ਼ ਇੰਸਪੈਕਟਰ ਕੁਲਵਿੰਦਰ ਸਿੰਘ ਨੇ ਪੁਲਿਸ ਨੂੰ ਸੂਚਨਾ ਦਿੱਤੀ ਕਿ ਦੋ ਵਿਅਕਤੀ, ਜੋ ਕਿ ਜੀਬੀਪੀ ਬਲਾਕ-ਬੀ ਢਾਬੇ ਅਜੀਤ ਟਿਫਨ ਸਰਵਿਸ ਕਾਲੋਨੀ ਈਕੋ ਹੋਮ ’ਚ ਚਲਾਉਂਦੇ ਹਨ ਅਤੇ ਚੰਡੀਗੜ੍ਹ ਤੋਂ ਸਸਤੀ ਸ਼ਰਾਬ ਲਿਆ ਕੇ ਲੋਕਾਂ ਨੂੰ ਮਹਿੰਗੇ ਭਾਅ ’ਤੇ ਵੇਚਦੇ ਹਨ। ਜਿਸ ਤੋਂ ਬਾਅਦ ਐਕਸਾਈਜ਼ ਇੰਸਪੈਕਟਰ ਕੁਲਵਿੰਦਰ ਤੇ ਡੇਰਾਬੱਸੀ ਪੁਲਿਸ ਪਾਰਟੀ ਵੱਲੋਂ ਸਾਥੀ ਕਰਮਚਾਰੀਆਂ ਸਮੇਤ ਇਨ੍ਹਾਂ ਦੇ ਢਾਬੇ ’ਤੇ ਰੇਡ ਕੀਤੀ ਗਈ। ਜਿਸ ਤੋਂ ਬਾਅਦ ਉਥੋਂ 20 ਬੋਤਲਾਂ ਅੰਗਰੇਜ਼ੀ ਸ਼ਰਾਬ ਫਾਰ ਸੇਲ ਇੰਨ ਚੰਡੀਗੜ੍ਹ ਬਰਾਮਦ ਹੋਈਆਂ। ਦੋਵੇਂ ਮੁਲਜ਼ਮ ਆਪਣੇ ਕੋਲ ਸ਼ਰਾਬ ਰੱਖਣ ਸਬੰਧੀ ਕੋਈ ਵੀ ਪਰਮਿਟ ਅਤੇ ਲਾਇਸੈਂਸ ਪੇਸ਼ ਨਹੀਂ ਕਰ ਸਕੇ। ਦੋਵੇਂ ਮੁਲਜ਼ਮਾਂ ਦੀ ਪਛਾਣ ਅਜੀਤ ਸਿੰਘ ਪੁੱਤਰ ਰਾਮ ਕ੍ਰਿਸ਼ਨ ਅਤੇ ਵਿਸ਼ਾਲ ਪੁੱਤਰ ਅਜੀਤ ਸਿੰਘ ਵਾਸੀਆਨ ਫਲੇਟ ਨੰ. 7ਐੱਸ3 ਈਕੋ ਹੇਮ ਬੀ-ਬਲਾਕ ਪਿੰਡ ਸੈਦਪੁਰਾ ਡੇਰਾਬੱਸੀ ਦੇ ਰੂਪ ਵਿਚ ਹੋਈ ਹੈ। ਪੁਲਿਸ ਨੇ ਦੋਵੇਂ ਮੁਲਜ਼ਮਾਂ ਖ਼ਿਲਾਫ਼ ਐਕਸਾਈਜ਼ ਐਕਟ ਅਧੀਨ ਮਾਮਲਾ ਦਰਜ ਕਰ ਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।



