
ਚੰਡੀਗੜ੍ਹ, 23 ਜੁਲਾਈ : ਹਾਲ ਹੀ ‘ਚ ਚੰਡੀਗੜ੍ਹ ਨੇ ਸਫਾਈ ਦੇ ਮਾਮਲੇ ‘ਚ ਪੂਰੇ ਦੇਸ਼ ‘ਚ ਦੂਜਾ ਸਥਾਨ ਹਾਸਲ ਕੀਤਾ। ਇਹ ਰੈਂਕ ਸਵੱਛ ਸਰਵੇਖਣ-2024 ‘ਚ ਤਿੰਨ ਤੋਂ ਦਸ ਲੱਖ ਆਬਾਦੀ ਵਾਲੇ ਸ਼ਹਿਰਾਂ ਦੇ ਵਰਗਾਂ ਨੂੰ ਮਿਲਿਆ ਸੀ। ਨਵੀਂ ਦਿੱਲੀ ‘ਚ ਹੋਏ ਇਕ ਪ੍ਰੋਗਰਾਮ ‘ਚ ਭਾਰਤ ਦੀ ਰਾਸ਼ਟਰਪਤੀ ਦ੍ਰੌਪਦੀ ਮੁਰਮੂ ਨੇ ਸ਼ਹਿਰ ਨੂੰ ਸਨਮਾਨਿਤ ਕੀਤਾ। ਜਿੱਥੇ ਸਫਾਈ ਦੇ ਮਾਮਲੇ ‘ਚ ਚੰਡੀਗੜ੍ਹ ਨੇ ਦੂਜਾ ਸਥਾਨ ਹਾਸਲ ਕੀਤਾ, ਉੱਥੇ ਪੰਜਾਬ ਪੁਲਿਸ ਦੇ ਰਿਟਾਇਰਡ ਡੀਆਈਜੀ, ਇੰਦਰਜੀਤ ਸਿੰਘ ਸਿੱਧੂ ਦਾ ਸਫਾਈ ਬਾਰੇ ਵੱਖਰਾ ਨਜ਼ਰੀਆ ਹੈ। ਉਨ੍ਹਾਂ ਦਾ ਮੰਨਣਾ ਹੈ ਕਿ ਉਹ ਕਿਸੇ ‘ਤੇ ਸਫਾਈ ਨੂੰ ਲੈ ਕੇ ਦਬਾਅ ਨਹੀਂ ਬਣਾਉਣਾ ਚਾਹੁੰਦੇ। ਪਰ ਗੰਦਗੀ ਨੂੰ ਘਟਾਉਣ ‘ਚ ਉਨ੍ਹਾਂ ਦੇ ਯਤਨ ਜਾਰੀ ਹਨ। ਇਹੀ ਕਾਰਨ ਹੈ ਕਿ ਰਿਟਾਇਰਮੈਂਟ ਦੇ ਬਾਅਦ ਉਹ ਸ਼ਹਿਰ ਨੂੰ ਚਮਕਾਉਣ ਦੀ ਦਿਸ਼ਾ ਵਿਚ ਅੱਗੇ ਵੱਧ ਗਏ ਹਨ। ਸਾਬਕਾ ਡੀਆਈਜੀ ਨੇ ਇਕ ਛੋਟੀ, ਪਰ ਪ੍ਰੇਰਣਾਦਾਇਕ ਪਹਿਲ ਨਾਲ ਸ਼ਹਿਰ ਨੂੰ ਬਦਲਣ ਦਾ ਸਫਰ ਸ਼ੁਰੂ ਕੀਤਾ ਹੈ। ਉਹ ਲੋਕਾਂ ਨੂੰ ਕੁਝ ਸਿਖਾਉਣਾ ਨਹੀਂ ਚਾਹੁੰਦੇ, ਸਗੋਂ ਆਪਣੇ ਹੀ ਯਤਨਾਂ ਦੇ ਬਲਬੂਤੇ ਸ਼ਹਿਰ ਨੂੰ ਸਾਫ਼-ਸੁਥਰਾ ਰੱਖਣਾ ਚਾਹੁੰਦੇ ਹਨ।
‘ਲੋਕ ਸਮਝਦਾਰ ਹਨ, ਸਿੱਖਿਆ ਦੀ ਕੀ ਲੋੜ’
ਇੰਦਰਜੀਤ ਸਿੰਘ ਕਹਿੰਦੇ ਹਨ ਕਿ ਮੈਂ ਲੋਕਾਂ ਨੂੰ ਕੋਈ ਸਿੱਖਿਆ ਨਹੀਂ ਦੇਣਾ ਚਾਹੁੰਦਾ, ਲੋਕ ਸਮਝਦਾਰ ਹਨ। ਹੁਣ ਚੰਡੀਗੜ੍ਹ ਨੂੰ ਸਫਾਈ ਦੇ ਮਾਮਲੇ ‘ਚ ਦੂਜਾ ਸਥਾਨ ਮਿਲਿਆ ਹੈ। ਪਰ ਦੂਜੇ ਨੰਬਰ ਦਾ ਹਾਲ ਵੇਖੋ ਕਿਵੇਂ ਹੈ। ਇਸ ਲਈ ਸਾਨੂੰ ਸਫਾਈ ਦੇ ਯਤਨ ਜਾਰੀ ਰੱਖਣੇ ਚਾਹੀਦੇ ਹਨ। ਚੰਡੀਗੜ੍ਹ ਪਹਿਲਾਂ ਤੋਂ ਬਹੁਤ ਮਸ਼ਹੂਰ ਹੈ, ਪ੍ਰਤਾਪ ਸਿੰਘ ਕੈਰੋਂ, ਜਵਾਹਰਲਾਲ ਨਹਿਰੂ, ਇੰਦਰਜੀਤ ਰੰਧਾਵਾ ਆਦਿ ਨੇ ਇਸਨੂੰ ਸੰਭਾਲਿਆ ਹੈ।



