Punjab

ਚੰਡੀਗੜ੍ਹ ਦਾ ‘ਜਿਪਸੀ ਕਿੰਗ’ ਸਮੁੰਦਰ ‘ਚ ਲਾਪਤਾ

ਡਰੋਨਾਂ ਰਾਹੀਂ ਕੀਤੀ ਜਾ ਰਹੀ ਹੈ ਹਰੀ ਸਿੰਘ ਦੀ ਭਾਲ, ਪਰਿਵਾਰ 'ਚ ਚਿੰਤਾ ਦਾ ਮਾਹੌਲ

ਜਸਵਿੰਦਰ ਸਿੰਘ ਸੰਧੂ

ਚੰਡੀਗੜ੍ਹ, 24 ਮਾਰਚ : ਭਾਰਤ ਦੇ ਨਾਮੀ ਰੈਲੀ ਡਰਾਈਵਰ ਅਤੇ ‘ਜਿਪਸੀ ਕਿੰਗ’ ਵਜੋਂ ਮਸ਼ਹੂਰ ਹਰੀ ਸਿੰਘ ਦਾ ਅਜੇ ਤੱਕ ਕੁਝ ਪਤਾ ਨਹੀਂ ਲੱਗ ਸਕਿਆ ਹੈ। ਮਾਲਦੀਵ ਦੇ ਸਮੁੰਦਰ ਵਿੱਚ ਇੱਕ ਸਪੀਡਬੋਟ ਹਾਦਸੇ ਤੋਂ ਬਾਅਦ ਉਹ ਲਗਾਤਾਰ ਲਾਪਤਾ ਹਨ। ਮਾਲਦੀਵ ਦੀਆਂ ਅਥਾਰਟੀਆਂ ਵੱਲੋਂ ਉਨ੍ਹਾਂ ਨੂੰ ਲੱਭਣ ਲਈ ਲਗਾਤਾਰ ਸਰਚ ਆਪਰੇਸ਼ਨ ਚਲਾਇਆ ਜਾ ਰਿਹਾ ਹੈ। ਇਸ ਮੁਹਿੰਮ ਵਿੱਚ ਹੁਣ ਡਰੋਨਾਂ ਦੀ ਵੀ ਮਦਦ ਲਈ ਜਾ ਰਹੀ ਹੈ। ਹਾਲਾਂਕਿ, ਅਜੇ ਤੱਕ ਕੋਈ ਠੋਸ ਸੁਰਾਗ ਹੱਥ ਨਹੀਂ ਲੱਗਿਆ। ਸਮੁੰਦਰ ਦੀਆਂ ਖ਼ਰਾਬ ਪ੍ਰਸਥਿਤੀਆਂ ਅਤੇ ਤੇਜ਼ ਲਹਿਰਾਂ ਕਾਰਨ ਚਿੰਤਾ ਵਧਦੀ ਜਾ ਰਹੀ ਹੈ ਅਤੇ ਬਚਾਅ ਕਾਰਜਾਂ ਵਿੱਚ ਵੀ ਰੁਕਾਵਟਾਂ ਆ ਰਹੀਆਂ ਹਨ। ਚੰਡੀਗੜ੍ਹ ਦੇ ਰਹਿਣ ਵਾਲੇ 59 ਸਾਲਾ ਹਰੀ ਸਿੰਘ 19 ਮਾਰਚ ਨੂੰ ਮਾਲਦੀਵ ਵਿੱਚ ਉਸ ਸਮੇਂ ਲਾਪਤਾ ਹੋ ਗਏ ਸਨ, ਜਦੋਂ ਇੱਕ ਸਪੀਡਬੋਟ ਪਲਟ ਗਈ ਸੀ। ਇਸ ਹਾਦਸੇ ਵਿੱਚ ਦੇਸ਼ ਦੇ ਨਾਮੀ ਉਦਯੋਗਪਤੀ ਗੌਤਮ ਸਿੰਘਾਨੀਆ ਜ਼ਖ਼ਮੀ ਹੋ ਗਏ ਸਨ, ਜਿਨ੍ਹਾਂ ਨੂੰ ਬਚਾ ਕੇ ਮੁੰਬਈ ਭੇਜ ਦਿੱਤਾ ਗਿਆ ਸੀ। ਪਰ ਹਰੀ ਸਿੰਘ ਅਤੇ ਇੱਕ ਹੋਰ ਵਿਅਕਤੀ ਦਾ ਹੁਣ ਤੱਕ ਕੋਈ ਪਤਾ ਨਹੀਂ ਲੱਗ ਸਕਿਆ। ਜਾਣਕਾਰੀ ਮੁਤਾਬਕ ਸਰਚ ਆਪਰੇਸ਼ਨ ਨੂੰ ਰੋਕਿਆ ਨਹੀਂ ਗਿਆ ਹੈ। ਰੋਜ਼ਾਨਾ ਡਰੋਨਾਂ ਰਾਹੀਂ ਇਲਾਕੇ ਦੀ ਨਿਗਰਾਨੀ ਕੀਤੀ ਜਾ ਰਹੀ ਹੈ। ਮਾਲਦੀਵ ਕੋਸਟ ਗਾਰਡ ਦੀਆਂ ਟੀਮਾਂ ਸਮੁੰਦਰ ਅਤੇ ਤੱਟਾਂ ‘ਤੇ ਭਾਲ ਕਰ ਰਹੀਆਂ ਹਨ। ਖ਼ਦਸ਼ਾ ਜਤਾਇਆ ਜਾ ਰਿਹਾ ਹੈ ਕਿ ਸਮੁੰਦਰ ਦੀਆਂ ਤੇਜ਼ ਲਹਿਰਾਂ ਲਾਪਤਾ ਲੋਕਾਂ ਨੂੰ ਹਾਦਸੇ ਵਾਲੀ ਥਾਂ ਤੋਂ ਦੂਰ ਲੈ ਗਈਆਂ ਹੋ ਸਕਦੀਆਂ ਹਨ। ਹਾਦਸੇ ਤੋਂ ਬਾਅਦ ਹਰੀ ਸਿੰਘ ਦਾ ਪਰਿਵਾਰ ਵੀ ਮਾਲਦੀਵ ਪਹੁੰਚ ਗਿਆ ਹੈ।

Related Articles

Leave a Reply

Your email address will not be published. Required fields are marked *

Back to top button