ਚੰਡੀਗੜ੍ਹ ‘ਚ ED ਦੀ ਵੱਡੀ ਕਾਰਵਾਈ, ਫਰਜ਼ੀ ਕਾਲ ਸੈਂਟਰਾਂ ‘ਤੇ ਛਾਪੇਮਾਰੀ; ਵਿਦੇਸ਼ੀ ਗਾਹਕਾਂ ਨਾਲ ਧੋਖਾਧੜੀ ਦਾ ਪਰਦਾਫਾਸ਼

ਜਸਵਿੰਦਰ ਸਿੰਘ ਸੰਧੂ
ਚੰਡੀਗੜ੍ਹ, 24 ਜੁਲਾਈ: ਇਨਫੋਰਸਮੈਂਟ ਡਾਇਰੈਕਟੋਰੇਟ (ਈਡੀ) ਨੇ ਬੁੱਧਵਾਰ ਦੇਰ ਰਾਤ ਨੂੰ ਚੰਡੀਗੜ੍ਹ ਸਮੇਤ ਟ੍ਰਾਈਸਿਟੀ ਵਿੱਚ ਚੱਲ ਰਹੇ ਕਈ ਜਾਅਲੀ ਕਾਲ ਸੈਂਟਰਾਂ ‘ਤੇ ਛਾਪੇਮਾਰੀ ਕੀਤੀ। ਇਹ ਕਾਲ ਸੈਂਟਰ ਵਿਦੇਸ਼ੀ ਗਾਹਕਾਂ ਨੂੰ ਤਕਨੀਕੀ ਸਹਾਇਤਾ ਪ੍ਰਦਾਨ ਕਰਨ ਦੇ ਨਾਮ ‘ਤੇ ਧੋਖਾਧੜੀ ਕਰ ਰਹੇ ਸਨ। ਈਡੀ ਦੀ ਜਾਂਚ ਤੋਂ ਪਤਾ ਲੱਗਾ ਹੈ ਕਿ ਇਨ੍ਹਾਂ ਕਾਲ ਸੈਂਟਰਾਂ ਨੂੰ ਚਲਾਉਣ ਵਾਲੀਆਂ ਕੰਪਨੀਆਂ ਆਪਣੀਆਂ ਵੈੱਬਸਾਈਟਾਂ ‘ਤੇ ਵੈੱਬ ਡਿਜ਼ਾਈਨਿੰਗ, ਵਾਇਰਲੈੱਸ ਇੰਟਰਨੈੱਟ ਸੇਵਾਵਾਂ ਅਤੇ ਹੋਰ ਸਾਫਟਵੇਅਰ ਸੇਵਾਵਾਂ ਦਾ ਝੂਠਾ ਇਸ਼ਤਿਹਾਰ ਦੇ ਰਹੀਆਂ ਸਨ, ਜਦੋਂ ਕਿ ਉਨ੍ਹਾਂ ਦੇ ਪ੍ਰਮੋਟਰਾਂ, ਡਾਇਰੈਕਟਰਾਂ ਜਾਂ ਕਰਮਚਾਰੀਆਂ ਦਾ ਕੋਈ ਰਿਕਾਰਡ ਨਹੀਂ ਸੀ। ਈਡੀ ਅਧਿਕਾਰੀਆਂ ਨੇ ਕਿਹਾ ਕਿ ਇਨ੍ਹਾਂ ਫਰਜ਼ੀ ਕੰਪਨੀਆਂ ਨੇ ਵਿਦੇਸ਼ਾਂ ਵਿੱਚ ਵੀ ਕੰਪਨੀਆਂ ਖੋਲ੍ਹੀਆਂ ਹੋਈਆਂ ਸਨ ਤਾਂ ਜੋ ਗੈਰ-ਕਾਨੂੰਨੀ ਢੰਗ ਨਾਲ ਕਮਾਏ ਪੈਸੇ ਨੂੰ ਪੇਮੈਂਟ ਗੇਟਵੇ ਰਾਹੀਂ ਵਿਦੇਸ਼ਾਂ ਤੋਂ ਭਾਰਤ ਲਿਆਂਦਾ ਜਾ ਸਕੇ। ਇਹ ਫੰਡ ਹਵਾਲਾ ਰਾਹੀਂ ਦੇਸ਼ ਵਿੱਚ ਭੇਜੇ ਗਏ ਸਨ। ਇਹ ਸਾਰਾ ਆਪ੍ਰੇਸ਼ਨ ਗੁਪਤ ਢੰਗ ਨਾਲ ਕੀਤਾ ਜਾ ਰਿਹਾ ਸੀ। ਕਾਲ ਸੈਂਟਰਾਂ ਵਿੱਚ ਕੰਮ ਕਰਨ ਵਾਲੇ ਕਰਮਚਾਰੀ ਵੀ ਤਕਨੀਕੀ ਤੌਰ ‘ਤੇ ਸਮਰੱਥ ਨਹੀਂ ਸਨ।



