
ਲੁਧਿਆਣਾ, 25 ਮਾਰਚ-ਲੁਧਿਆਣਾ ਪੁਲਿਸ ਨੇ ਦੋ ਅਜਿਹੇ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ ਹੈ, ਜਿਨ੍ਹਾਂ ਨੇ ਚੋਰੀ ਦੀ ਕਾਰ ’ਤ ਮੋਟਰਸਾਈਕਲ ਦਾ ਨੰਬਰ ਲਾ ਕੇ ਕਾਰ ਨੂੰ ਵੇਚਣ ਦੀ ਕੋਸ਼ਿਸ਼ ਕੀਤੀ। ਇਸ ਮਾਮਲੇ ’ਚ ਥਾਣਾ ਸਾਹਨੇਵਾਲ ਦੀ ਪੁਲਿਸ ਨੇ ਵਰਨਾ ਕਾਰ ਬਰਾਮਦ ਕਰ ਕੇ ਫਰਾਰ ਹੋਏ ਮੁਲਜ਼ਮ ਮਨਤੇਜ ਸਿੰਘ ਗੁੱਜਰ ਦੀ ਤਲਾਸ਼ ਸ਼ੁਰੂ ਕਰ ਦਿੱਤੀ ਹੈ। ਪੁਲਿਸ ਮੁਤਾਬਿਕ ਕਾਬੂ ਕੀਤੇ ਗਏ ਮੁਲਜ਼ਮਾਂ ਦੀ ਪਛਾਣ ਬਾਲਾ ਜੀ ਕਾਲੋਨੀ ਰਾਮਗੜ੍ਹ ਰੋਡ ਦੇ ਰਹਿਣ ਵਾਲੇ ਗਨੀਤਪਾਲ ਸਿੰਘ ਤੇ ਗਰਚਾ ਕਾਲੋਨੀ ਦੇ ਵਾਸੀ ਅਮਨਦੀਪ ਸਿੰਘ ਵਜੋਂ ਹੋਈ ਹੈ। ਜਾਣਕਾਰੀ ਦਿੰਦਿਆਂ ਏਐੱਸਆਈ ਗੁਰਮੀਤ ਸਿੰਘ ਨੇ ਦੱਸਿਆ ਕਿ ਪੁਲਿਸ ਪਾਰਟੀ ਸਾਹਨੇਵਾਲ ਚੌਕ ’ਚ ਮੌਜੂਦ ਸੀ। ਇਸੇ ਦੌਰਾਨ ਮੁਖਬਰ ਖਾਸ ਕੋਲੋਂ ਜਾਣਕਾਰੀ ਮਿਲੀ ਕਿ ਤਿੰਨੋਂ ਮੁਲਜ਼ਮ ਵਾਹਨ ਚੋਰੀ ਕਰਨ ਦੇ ਆਦੀ ਹਨ। ਪੁਲਿਸ ਨੂੰ ਪਤਾ ਲੱਗਾ ਕਿ ਮੁਲਜ਼ਮਾਂ ਨੇ ਹਰਿਆਣਾ ਤੋਂ ਵਰਨਾ ਕਾਰ ਚੋਰੀ ਕੀਤੀ ਹੈ ਤੇ ਉਨ੍ਹਾਂ ਨੇ ਕਾਰ ’ਤੇ ਫਰਜ਼ੀ ਨੰਬਰ ਲਾਇਆ ਹੈ। ਪੁਲਿਸ ਨੂੰ ਪਤਾ ਲੱਗਾ ਕਿ ਉਹ ਨੰਬਰ ਕਿਸੇ ਮੋਟਰਸਾਈਕਲ ਦਾ ਹੈ। ਭਰੋਸੇਯੋਗ ਸੂਤਰ ਪੁਲਿਸ ਨੂੰ ਜਾਣਕਾਰੀ ਦਿੱਤੀ ਕਿ ਮੁਲਜ਼ਮ ਕਾਰ ਵੇਚਣ ਦੀ ਫਿਰਾਕ ’ਚ ਇਕ ਬੇਅਬਾਦ ਪਲਾਟ ਟਿੱਬਾ ਨਹਿਰ ਕੋਲ ਖੜ੍ਹੇ ਹਨ। ਜਾਣਕਾਰੀ ਤੋਂ ਬਾਅਦ ਏਐੱਸਆਈ ਗੁਰਮੀਤ ਸਿੰਘ ਨੇ ਪੁਲਿਸ ਪਾਰਟੀ ਸਮੇਤ ਦਬਿਸ਼ ਦੇ ਕੇ ਮੁਲਜਮ ਗਨੀਤਪਾਲ ਸਿੰਘ ਤੇ ਅਮਨਦੀਪ ਸਿੰਘ ਨੂੰ ਕਾਰ ਸਮੇਤ ਗ੍ਰਿਫ਼ਤਾਰ ਕੀਤਾ। ਇਸ ਛਾਪਾਮਾਰੀ ਦੌਰਾਨ ਮੁਲਜ਼ਮ ਮਨਜੋਤ ਸਿੰਘ ਗੁੱਜਰ ਮੌਕੇ ਤੋਂ ਫਰਾਰ ਹੋ ਗਿਆ। ਜਾਂਚ ਅਧਿਕਾਰੀ ਗੁਰਮੀਤ ਸਿੰਘ ਨੇ ਦੱਸਿਆ ਕਿ ਮੁਲਜ਼ਮ ਦੀ ਤਲਾਸ਼ ਕੀਤੀ ਜਾ ਰਹੀ ਹੈ, ਜਲਦੀ ਹੀ ਉਸ ਨੂੰ ਵੀ ਗ੍ਰਿਫਤਾਰ ਕਰ ਲਿਆ ਜਾਵੇਗਾ। ਪੁਲਿਸ ਦਾ ਕਹਿਣਾ ਹੈ ਕਿ ਪੁੱਛਗਿੱਛ ਦੌਰਾਨ ਮੁਲਜ਼ਮਾਂ ਕੋਲੋਂ ਕਈ ਖੁਲਾਸੇ ਹੋਣ ਦੀ ਉਮੀਦ ਹੈ।



