
ਗੁਰਦਾਸਪੁਰ, 4 ਮਈ- ਸ਼ਹਿਰ ਵਿੱਚ ਚੋਰੀ ਦੀਆਂ ਘਟਨਾਵਾਂ ਰੁਕਣ ਦਾ ਨਾਮ ਨਹੀਂ ਲੈ ਰਹੀਆਂ। ਹਰ ਰੋਜ਼ ਚੋਰ ਕਿਸੇ ਨਾ ਕਿਸੇ ਨੂੰ ਆਪਣਾ ਨਿਸ਼ਾਨਾ ਬਣਾਉਂਦੇ ਹਨ। ਅਜਿਹਾ ਹੀ ਇੱਕ ਮਾਮਲਾ ਸ਼ਹਿਰ ਦੇ ਸੰਗਲਪੁਰਾ ਰੋਡ ਤੇ ਦੇਖਣ ਨੂੰ ਮਿਲਿਆ ਜਿੱਥੇ ਚੋਰਾਂ ਨੇ ਇੱਕ ਕਰਿਆਨੇ ਦੀ ਦੁਕਾਨ ਤੋਂ 20 ਹਜ਼ਾਰ ਰੁਪਏ ਦੀ ਨਕਦੀ ਚੋਰੀ ਕਰ ਲਈ। ਚੋਰ ਆਪਣੇ ਨਾਲ ਸੀਸੀਟੀਵੀ ਕੈਮਰੇ ਅਤੇ ਡੀਵੀਆਰ ਵੀ ਲੈ ਗਏ। ਜਾਣਕਾਰੀ ਦਿੰਦੇ ਹੋਏ ਸੰਗਲਪੁਰਾ ਰੋਡ ਦੇ ਰਹਿਣ ਵਾਲੇ ਦੁਕਾਨ ਮਾਲਕ ਨਿਤਿਨ ਗੁਪਤਾ ਨੇ ਕਿਹਾ ਕਿ ਚੋਰੀ ਦੀਆਂ ਘਟਨਾਵਾਂ ਤੋਂ ਵਪਾਰੀ ਭਾਈਚਾਰਾ ਪਹਿਲਾਂ ਹੀ ਦੁਖੀ ਹੈ। ਉਸਨੇ ਦੱਸਿਆ ਕਿ ਸ਼ੁੱਕਰਵਾਰ ਨੂੰ ਹਰ ਰੋਜ਼ ਵਾਂਗ ਉਹ ਆਪਣੀ ਦੁਕਾਨ ਬੰਦ ਕਰਕੇ ਘਰ ਚਲਾ ਗਿਆ। ਜਦੋਂ ਉਹ ਸ਼ਨਿੱਚਰਵਾਰ ਸਵੇਰੇ ਦੁਕਾਨ ਤੇ ਆਇਆ ਅਤੇ ਸ਼ਟਰ ਖੋਲ੍ਹਿਆ ਤਾਂ ਦੇਖਿਆ ਕਿ ਦੁਕਾਨ ਦੇ ਅੰਦਰ ਲਾਈਟਾਂ ਜਗ ਰਹੀਆਂ ਸਨ। ਜਦੋਂ ਕਿ ਸਾਮਾਨ ਇਧਰ-ਉਧਰ ਖਿੱਲਰਿਆ ਪਿਆ ਸੀ। ਚੋਰਾਂ ਨੇ ਛੱਤ ਦੀ ਗਰਿੱਲ ਕੱਟ ਕੇ ਚੋਰੀ ਦੀ ਵਾਰਦਾਤ ਨੂੰ ਅੰਜਾਮ ਦਿੱਤਾ। ਜਦੋਂ ਕਿ ਗੱਲਾ ਵੀ ਕਟਰ ਨਾਲ ਕੱਟਿਆ ਗਿਆ ਹੈ। ਜਿਸ ਵਿੱਚ ਲੱਗਭੱਗ 20 ਹਜ਼ਾਰ ਰੁਪਏ ਨਕਦ ਸਨ, ਚੋਰਾਂ ਨੇ ਉਸਨੂੰ ਚੋਰੀ ਕਰ ਲਿਆ। ਉਸਨੇ ਦੱਸਿਆ ਕਿ ਚੋਰ ਦੁਕਾਨ ਵਿੱਚ ਲੱਗੇ ਸੀਸੀਟੀਵੀ ਕੈਮਰੇ ਅਤੇ ਡੀਵੀਆਰ ਵੀ ਆਪਣੇ ਨਾਲ ਲੈ ਗਏ। ਇੱਕ ਹੋਰ ਦੁਕਾਨਦਾਰ ਅੰਕੁਸ਼ ਅਗਰਵਾਲ ਨੇ ਕਿਹਾ ਕਿ ਸਿਰਫ਼ ਇੱਕ ਹਫ਼ਤਾ ਪਹਿਲਾਂ ਹੀ ਚੋਰਾਂ ਨੇ ਉਸਦੀ ਦੁਕਾਨ ’ਚ ਚੋਰੀ ਕੀਤੀ ਸੀ। ਜਿੱਥੋਂ ਚੋਰਾਂ ਨੇ 30 ਤੋਂ 40 ਹਜ਼ਾਰ ਰੁਪਏ ਦੀ ਨਕਦੀ ਚੋਰੀ ਕਰ ਲਈ। ਉਨ੍ਹਾਂ ਕਿਹਾ ਕਿ ਦੁਕਾਨਦਾਰ ਚੋਰੀ ਦੀਆਂ ਘਟਨਾਵਾਂ ਤੋਂ ਚਿੰਤਤ ਹਨ। ਜਦੋਂ ਕਿ ਪੁਲਿਸ ਪ੍ਰਸ਼ਾਸਨ ਕੁੰਭਕਰਨੀ ਨੀਂਦ ਸੁੱਤਾ ਪਿਆ ਹੈ। ਚੋਰੀ ਦੀ ਸ਼ਿਕਾਇਤ ਸਿਟੀ ਪੁਲਿਸ ਸਟੇਸ਼ਨ ਵਿੱਚ ਦਰਜ ਕਰਵਾ ਦਿੱਤੀ ਗਈ ਹੈ। ਉਨ੍ਹਾਂ ਮੰਗ ਕੀਤੀ ਕਿ ਚੋਰਾਂ ਨੂੰ ਜਲਦੀ ਤੋਂ ਜਲਦੀ ਫੜਿਆ ਜਾਵੇ।



