
ਕਿਸ਼ਨਗੜ੍ਹ , 14 ਮਈ- ਥਾਣਾ ਕਰਤਾਰਪੁਰ ਦੇ ਅੰਤਰਗਤ ਪੁਲਸ ਚੌਂਕੀ ਕਿਸ਼ਨਗੜ੍ਹ ਦੇ ਇਲਾਕੇ ‘ਚ ਚੋਰਾਂ ਦਾ ਕਹਿਰ ਲਗਾਤਾਰ ਜਾਰੀ ਹੈ। ਆਏ ਦਿਨ ਲੁੱਟ ਖੋਹ ਅਤੇ ਚੋਰੀ ਦੀਆਂ ਵਾਰਦਾਤਾਂ ਹੋ ਰਹੀਆਂ ਹਨ। ਹੁਣ ਫਿਰ ਬੀਤੇ ਕੱਲ ਚਿੱਟੇ ਦਿਨ ਪੁਲਿਸ ਚੌਂਕੀ ਦੇ ਬਿਲਕੁਲ ਨਜ਼ਦੀਕ ਘਰ ਦੇ ਬਾਹਰ ਖੜੀ ਐਕਟਿਵਾ ਚੋਰ ਚੋਰੀ ਕਰਕੇ ਲੈ ਗਏ। ਇਸ ਮਾਮਲੇ ਸੰਬੰਧੀ ਜਾਣਕਾਰੀ ਦਿੰਦੇ ਹੋਏ ਪੀੜਿਤ ਜਗਜੀਤ ਸਿੰਘ ਵਾਸੀ ਕਿਸ਼ਨਗੜ੍ਹ ਨੇ ਦੱਸਿਆ ਕਿ ਉਹ ਕਿਸ਼ਨਗੜ੍ਹ ਵਿਖੇ ਐਸਬੀਆਈ ਬੈਂਕ ਵਿੱਚ ਨੌਕਰੀ ਕਰਦਾ ਹੈ। ਦੱਸਿਆ ਜਾ ਰਿਹਾ ਹੈ ਕਿ ਦੁਪਹਿਰ ਸਮੇਂ ਉਹ ਘਰ ਦੁਪਹਿਰ ਦਾ ਖਾਣਾ ਖਾਣ ਲਈ ਆਇਆ ਹੋਇਆ ਸੀ। ਸਮਾਂ ਕਰੀਬ 2 ਵਜੇ ਉਸ ਨੇ ਗਲੀ ਵਿੱਚ ਆਪਣੇ ਘਰ ਦੇ ਬਾਹਰ ਚਿੱਟੇ ਰੰਗ ਦੀ ਐਕਟਿਵਾ, ਜੋ ਕਿ ਉਸ ਦੀ ਪਤਨੀ ਰਜਿੰਦਰ ਕੌਰ ਦੇ ਨਾਮ ‘ਤੇ ਰਜਿਸਟਰਡ ਹੈ। ਜਿਸ ਦਾ ਨੰਬਰ ਪੀਬੀ 08 ਡੀ ਡਬਲਯੂ 9983 ਖੜੀ ਕਰਕੇ ਉਹ ਦੁਪਹਿਰ ਦਾ ਖਾਣਾ ਖਾਣ ਘਰ ਦੇ ਅੰਦਰ ਚਲਾ ਗਿਆ। ਜਦੋਂ ਉਹ ਖਾਣਾ ਖਾਣ ਤੋਂ ਬਾਅਦ ਡਿਊਟੀ ਤੇ ਜਾਣ ਲਈ ਘਰ ਤੋਂ ਬਾਹਰ ਨਿਕਲਿਆ ਤਾਂ ਘਰ ਦੇ ਬਾਹਰ ਖੜੀ ਕੀਤੀ ਹੋਈ ਐਕਟਿਵਾ ਗਾਇਬ ਸੀ। ਇਸ ਸਬੰਧੀ ਉਸ ਵਲੋਂ ਪੁਲਿਸ ਚੌਂਕੀ ਕਿਸ਼ਨਗੜ੍ਹ ਵਿਖੇ ਲਿਖਤੀ ਸ਼ਿਕਾਇਤ ਵੀ ਦਿੱਤੀ ਗਈ ਹੈ। ਜ਼ਿਕਰਯੋਗ ਹੈ ਕਿ ਕੁਝ ਦਿਨ ਪਹਿਲਾਂ ਵੀ ਘਰ ਦੇ ਬਾਹਰ ਖੜਾ ਦਿਨ ਦਿਹਾੜੇ ਇੱਕ ਨੌਜਵਾਨ ਦਾ ਮੋਟਰਸਾਈਕਲ ਚੋਰ ਚੋਰੀ ਕਰਕੇ ਲੈ ਗਏ ਸਨ। ਇਸ ਸਬੰਧੀ ਜਦੋਂ ਸੋਸ਼ਲ ਮੀਡੀਆ ਤੇ ਸੀਸੀਟੀਵੀ ਕੈਮਰੇ ਦੀ ਫੁਟੇਜ ਤੋਂ ਲਈਆਂ ਗਈਆਂ ਤਸਵੀਰਾਂ ਨੂੰ ਸ਼ੇਅਰ ਕੀਤਾ ਤਾਂ ਚੋਰੀ ਕਰਨ ਵਾਲੇ ਦੋ ਨੌਜਵਾਨਾਂ ਵਿੱਚੋਂ ਇੱਕ ਦੀ ਪਛਾਣ ਹੋ ਗਈ, ਜੋ ਕਿ ਨਜ਼ਦੀਕੀ ਪਿੰਡ ਨੌਗੱਜੇ ਦਾ ਰਹਿਣ ਵਾਲਾ ਸੀ। ਪਿੰਡ ਦੇ ਨੌਜਵਾਨਾਂ ਵੱਲੋਂ ਆਪ ਹੀ ਚੋਰਾਂ ਨੂੰ ਕਾਬੂ ਕਰਕੇ ਪੁਲਿਸ ਦੇ ਹਵਾਲੇ ਕੀਤਾ ਗਿਆ ਸੀ। ਪੁਲਿਸ ਵੱਲੋਂ ਉਨ੍ਹਾਂ ਦੀ ਪੁੱਛਗਿਛ ਉਪਰੰਤ ਉਨ੍ਹਾਂ ਕੋਲੋਂ ਦੋ ਐਕਟਿਵਾ ਅਤੇ ਦੋ ਮੋਟਰਸਾਈਕਲ ਬਰਾਮਦ ਕੀਤੇ ਗਏ ਸਨ।



