Punjab

ਚੀਮਾ ਤੇ ਅਰੋੜਾ ਨੇ ਕੀਤੀ ਡਰੋਨ ਹਮਲੇ ਦੇ ਪੀੜਤਾਂ ਨਾਲ ਮੁਲਾਕਾਤ

ਲੁਧਿਆਣਾ, 11 ਮਈ- ਪੰਜਾਬ ਦੇ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਤੇ ਰਾਜ ਸਭਾ ਮੈਂਬਰ ਸੰਜੀਵ ਅਰੋੜਾ ਨੇ ਸ਼ਨਿੱਚਰਵਾਰ ਨੂੰ ਦਿਆਨੰਦ ਮੈਡੀਕਲ ਕਾਲਜ ਤੇ ਹਸਪਤਾਲ (ਡੀਐੱਮਸੀਐੱਚ) ਲੁਧਿਆਣਾ ਦਾ ਦੌਰਾ ਕੀਤਾ ਤੇ ਸ਼ੁੱਕਰਵਾਰ ਰਾਤ ਨੂੰ ਫਿਰੋਜ਼ਪੁਰ ਦੇ ਖਾਈ ਫੇਮ ਪਿੰਡ ਵਿਖੇ ਪਾਕਿਸਤਾਨ ਵੱਲੋਂ ਕੀਤੇ ਗਏ ਡਰੋਨ ਹਮਲੇ ’ਚ ਜ਼ਖਮੀ ਹੋਏ ਦੋ ਪੀੜਤਾਂ ਦਾ ਹਾਲਚਾਲ ਪੁੱਛਿਆ। ਮੰਤਰੀ ਚੀਮਾ ਨੇ ਪੀੜਤਾਂ ਨੂੰ ਭਰੋਸਾ ਦਿੱਤਾ ਕਿ ਪੰਜਾਬ ਸਰਕਾਰ ਇਸ ਚੁਣੌਤੀਪੂਰਨ ਸਮੇਂ ’ਚ ਪੀੜਤਾਂ ਤੇ ਉਨ੍ਹਾਂ ਦੇ ਪਰਿਵਾਰਾਂ ਦੀ ਮਦਦ ਲਈ ਪੂਰੀ ਤਰ੍ਹਾਂ ਵਚਨਬੱਧ ਹੈ। ਉਨ੍ਹਾਂ ਐਲਾਨ ਕੀਤਾ ਕਿ ਰਾਜ ਸਰਕਾਰ ਸਾਰੇ ਡਾਕਟਰੀ ਖਰਚੇ ਸਹਿਣ ਕਰੇਗੀ ਤੇ ਜ਼ਖਮੀਆਂ ਦਾ ਡੀਐੱਮਸੀਐੱਚ ਵਿਖੇ ਮੁਫ਼ਤ ਇਲਾਜ ਯਕੀਨੀ ਬਣਾਏਗੀ। ਚੀਮਾ ਨੇ ਕਿਹਾ ਪੰਜਾਬ ਸਰਕਾਰ ਪੀੜਤਾਂ ਦੇ ਨਾਲ ਮਜ਼ਬੂਤੀ ਨਾਲ ਖੜ੍ਹੀ ਹੈ ਤੇ ਅਸੀਂ ਇਹ ਯਕੀਨੀ ਬਣਾਵਾਂਗੇ ਕਿ ਉਨ੍ਹਾਂ ਨੂੰ ਸਭ ਤੋਂ ਵਧੀਆ ਸੰਭਵ ਦੇਖਭਾਲ ਮਿਲੇ। ਇਸ ਮੌਕੇ ਐੱਮਪੀ ਸੰਜੀਵ ਅਰੋੜਾ ਨੇ ਕਿਹਾ ਕਿ ਜ਼ਖਮੀਆਂ ਲਖਵਿੰਦਰ ਸਿੰਘ ਤੇ ਉਨ੍ਹਾਂ ਦੀ ਪਤਨੀ ਸੁਖਵਿੰਦਰ ਕੌਰ ਨੂੰ ਡੀਐੱਮਸੀਐੱਚ ’ਚ ਦਾਖਲ ਕਰਵਾਇਆ ਗਿਆ ਹੈ, ਜਦਕਿ ਉਨ੍ਹਾਂ ਦੇ ਪੁੱਤਰ ਦਾ ਫਿਰੋਜ਼ਪੁਰ ਦੇ ਇੱਕ ਹਸਪਤਾਲ ’ਚ ਇਲਾਜ ਚੱਲ ਰਿਹਾ ਹੈ। ਲਖਵਿੰਦਰ 70 ਫੀਸਦੀ ਸੜ ਗਿਆ ਹੈ, ਜਦਕਿ ਸੁਖਵਿੰਦਰ 100 ਫੀਸਦੀ ਸੜ ਗਈ ਹੈ। ਦੋਵਾਂ ਦੀ ਹਾਲਤ ਗੰਭੀਰ ਹੈ। ਉਨ੍ਹਾਂ ਦਾ ਪੁੱਤਰ ਵੀ 40 ਫੀਸਦੀ ਸੜ ਗਿਆ ਹੈ, ਉਸ ਦੀ ਜਾਲਤ ਸਥਿਰ ਹੈ ਪਰ ਨਿਗਰਾਨੀ ਹੇਠ ਹੈ। ਅਰੋੜਾ ਨੇ ਪੀੜਤਾਂ ਦੇ ਰਿਸ਼ਤੇਦਾਰਾਂ ਨਾਲ ਵੀ ਮੁਲਾਕਾਤ ਕੀਤੀ ਤੇ ਉਨ੍ਹਾਂ ਦੇ ਲੁਧਿਆਣਾ ’ਚ ਠਹਿਰਨ ਲਈ ਜ਼ਰੂਰੀ ਪ੍ਰਬੰਧ ਕੀਤੇ। ਉਨ੍ਹਾਂ ਕਿਹਾ ਕਿ ਦੋਵਾਂ ਮਰੀਜ਼ਾਂ ਨੂੰ ਡੀਐੱਮਸੀਐੱਚ ਦੇ ਬਰਨ ਵਾਰਡ ’ਚ ਤਬਦੀਲ ਕਰ ਦਿੱਤਾ ਗਿਆ ਹੈ ਤੇ ਉਨ੍ਹਾਂ ਦੇ ਜਲਦੀ ਠੀਕ ਹੋਣ ਦੀ ਉਮੀਦ ਪ੍ਰਗਟ ਕੀਤੀ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਇਸ ਦੁੱਖ ਦੀ ਘੜੀ ’ਚ ਪੀੜਤਾਂ ਤੇ ਉਨ੍ਹਾਂ ਦੇ ਪਰਿਵਾਰਾਂ ਦੀ ਮਦਦ ਲਈ ਹਰ ਸੰਭਵ ਕਦਮ ਚੁੱਕ ਰਹੀ ਹੈ।

Related Articles

Leave a Reply

Your email address will not be published. Required fields are marked *

Back to top button