ਚੀਨ ‘ਤੇ 125% ਟੈਰਿਫ, ਭਾਰਤ ਸਮੇਤ ਇਨ੍ਹਾਂ ਦੇਸ਼ਾਂ ਲਈ 90 ਦਿਨਾਂ ਦਾ ਸਮਾਂ; ਕਿਉਂ ਬਦਲ ਰਿਹੈ ਟਰੰਪ ਦਾ ਰਵੱਈਆ?

ਬੀਜਿੰਗ, 10 ਅਪ੍ਰੈਲ- ਚੀਨ ਨਾਲ ਤੇਜ਼ ਹੁੰਦੀ ਟੈਰਿਫ ਜੰਗ ਵਿਚਾਲੇ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਜਵਾਬੀ ਟੈਰਿਫ ਨਾ ਲਗਾਉਣ ਵਾਲੇ ਦੇਸ਼ਾਂ ਨੂੰ ਬੁੱਧਵਾਰ ਰਾਤ ਵੱਡੀ ਰਾਹਤ ਦਿੱਤੀ ਹੈ। ਭਾਰਤ ਸਮੇਤ ਇਹੋ ਜਿਹੇ ਸਾਰੇ ਦੇਸ਼ਾਂ ਲਈ 90 ਦਿਨਾਂ ਤੱਕ ਅਮਰੀਕਾ ਨੇ ਟੈਰਿਫ ਮੁਲਤਵੀ ਕਰ ਦਿੱਤਾ ਹੈ। ਇਹ ਫ਼ੈਸਲਾ ਫੌਰੀ ਤੌਰ ’ਤੇ ਲਾਗੂ ਹੋਵੇਗਾ। ਹਾਲਾਂਕਿ ਟਰੰਪ ਨੇ ਚੀਨ ਨੂੰ ਕੋਈ ਰਾਹਤ ਨਹੀਂ ਦਿੱਤੀ ’ਤੇ ਉਸ ’ਤੇ 125 ਫ਼ੀਸਦੀ ਟੈਰਿਫ ਕਰ ਦਿੱਤਾ ਹੈ।ਬਾਕੀ ਦੇਸ਼ਾਂ ’ਤੇ 10 ਫ਼ੀਸਦ ਦਾ ਬੇਸ ਟੈਰਿਫ ਲੱਗੇਗਾ। ਟਰੰਪ ਨੇ ਇਹ ਕਦਮ ਚੀਨ ਵੱਲੋਂ ਅਮਰੀਕੀ ਉਤਪਾਦਾਂ ’ਤੇ 84 ਫ਼ੀਸਦ ਟੈਕਸ ਲਗਾਉਣ ਦੇ ਐਲਾਨ ਤੋਂ ਬਾਅਦ ਚੁੱਕਿਆ ਹੈ। ਟਰੰਪ ਦੇ ਐਲਾਨ ਤੋਂ ਬਾਅਦ ਅਮਰੀਕੀ ਸਟਾਕ ਐਕਸਚੇਂਜ ਨੇ ਕਰੀਬ ਸੱਤ ਫ਼ੀਸਦ ਦੀ ਛਾਲ ਮਾਰੀ ਹੈ। ਟਰੰਪ ਨੇ ਟਰੁੱਥ ਸੋਸ਼ਲ ’ਤੇ ਪੋਸਟ ਕੀਤਾ ਹੈ-75 ਤੋਂ ਵੱਧ ਦੇਸ਼ਾਂ ਦੇ ਕਾਰੋਬਾਰੀ ਗੱਲਬਾਈ ਲਈ ਅਮਰੀਕੀ ਸਰਕਾਰ ਨਾਲ ਸੰਪਰਕ ਕੀਤਾ ਹੈ ਤੇ ਉਨ੍ਹਾਂ ਨੇ ਜਵਾਬੀ ਟੈਰਿਫ ਨਹੀਂ ਲਗਾਇਆ। ਇਸ ਲਈ ਮੈਂ ਇਨ੍ਹਾਂ ਦੇਸਾਂ ’ਤੇ 90 ਦਿਨਾਂ ਲਈ ਟੈਰਿਫ ’ਤੇ ਰੋਕ ਲਗਾ ਦਿੱਤੀ ਹੈ। 10 ਫ਼ੀਸਦੀ ਟੈਰਿਫ ਜ਼ਿਆਦਾਤਰ ਮੁਲਕਾਂ ਲਈ ਬੁਨਿਆਦੀ ਦਰ ਸੀ, ਜਿਹੜੀ ਸ਼ਨਿਚਰਵਾਰ ਨੂੰ ਲਾਗੂ ਹੋਈ।
ਅਚਾਨਕ ਕਿਉਂ ਲਿਆ ਫੈਸਲਾ?
ਟਰੰਪ ‘ਤੇ ਕਈ ਦਿਨਾਂ ਤੋਂ ਰਿਪਬਲਿਕਨ ਨੇਤਾਵਾਂ ਅਤੇ ਵਪਾਰਕ ਸੰਗਠਨਾਂ ਦਾ ਦਬਾਅ ਹੈ ਕਿ ਟੈਰਿਫ ਨੂੰ ਰੋਕਿਆ ਜਾਵੇ ਕਿਉਂਕਿ ਇਸ ਨਾਲ ਵਿਸ਼ਵ ਮੰਦੀ ਅਤੇ ਵਪਾਰ ਯੁੱਧ ਦਾ ਡਰ ਵਧ ਗਿਆ ਹੈ। ਹਾਲਾਂਕਿ ਟਰੰਪ ਆਪਣੇ ਫੈਸਲੇ ‘ਤੇ ਕਾਇਮ ਹਨ। ਸੀਐਨਐਨ ਦੀ ਇੱਕ ਰਿਪੋਰਟ ਮੁਤਾਬਕ ਇਹ ਫੈਸਲਾ ਅਮਰੀਕੀ ਬਾਂਡ ਮਾਰਕੀਟ ਵਿੱਚ ਗਿਰਾਵਟ ਅਤੇ ਵਿੱਤ ਮੰਤਰਾਲੇ ਵੱਲੋਂ ਜਾਰੀ ਚਿਤਾਵਨੀ ਤੋਂ ਬਾਅਦ ਲਿਆ ਗਿਆ ਹੈ। ਅਮਰੀਕੀ ਖਜ਼ਾਨਾ ਸਕੱਤਰ ਸਕਾਟ ਬੇਸੈਂਟ ਨੇ ਟਰੰਪ ਨੂੰ ਸਥਿਤੀ ਦੀ ਗੰਭੀਰਤਾ ਤੋਂ ਜਾਣੂ ਕਰਵਾਇਆ, ਜਿਸ ਤੋਂ ਬਾਅਦ ਟਰੰਪ ਨੇ ਤੁਰੰਤ ਟੈਰਿਫ ਲਗਾਉਣ ਦਾ ਫੈਸਲਾ ਕੀਤਾ।
ਟਰੰਪ ਨੇ ਬਿਆਨ ਦਿੱਤਾ ਹੈ
ਪੱਤਰਕਾਰਾਂ ਨਾਲ ਗੱਲ ਕਰਦੇ ਹੋਏ ਟਰੰਪ ਨੇ ਕਿਹਾ– “ਅਸੀਂ ਬਿਨਾਂ ਕਿਸੇ ਕਾਨੂੰਨੀ ਸਲਾਹ ਦੇ ਦਿਲ ਤੋਂ ਇਹ ਫੈਸਲਾ ਲਿਆ ਹੈ। ਅਸੀਂ ਦੇਖਿਆ ਕਿ ਲੋਕ ਘਬਰਾਏ ਹੋਏ ਸਨ ਅਤੇ ਬਾਜ਼ਾਰ ਵਿਚ ਗਿਰਾਵਟ ਆ ਰਹੀ ਸੀ, ਇਸ ਲਈ ਲਚਕਤਾ ਦਿਖਾਉਣੀ ਜ਼ਰੂਰੀ ਸੀ।”
ਭਾਰਤ ਲਈ ਰਾਹਤ ਦੀ ਖਬਰ
ਟਰੰਪ ਵਲੋਂ ਭਾਰਤ ‘ਤੇ ਲਗਾਏ ਗਏ 26 ਫੀਸਦੀ ਟੈਰਿਫ ਕਾਰਨ ਭਾਰਤੀ ਬਾਜ਼ਾਰਾਂ ‘ਚ ਗਿਰਾਵਟ ਦੇਖਣ ਨੂੰ ਮਿਲ ਰਹੀ ਸੀ। ਹੁਣ ਭਾਰਤੀ ਸ਼ੇਅਰ ਬਾਜ਼ਾਰ ਨੂੰ 90 ਦਿਨਾਂ ਦੀ ਰਾਹਤ ਨਾਲ ਕੁਝ ਰਾਹਤ ਮਿਲ ਸਕਦੀ ਹੈ।



