Punjab

ਚਾਰ ਸਾਲ ਪਹਿਲਾਂ ਮਰ ਚੁੱਕਿਆ ਕੈਦੀ ਮਿਲਿਆ ‘ਜ਼ਿੰਦਾ

ਖੁਦ ਨੂੰ ਮਰਿਆ ਦਿਖਾ ਕੇ ਜੀਅ ਰਿਹਾ ਸੀ ਨਵੀਂ ਜ਼ਿੰਦਗੀ;

ਜਲੰਧਰ, 2 ਨਵੰਬਰ : ਜਲੰਧਰ ਪੁਲਿਸ ਨੇ ਇਕ ਅਜਿਹੇ ਮੁਲਜ਼ਮ ਨੂੰ ਗ੍ਰਿਫ਼ਤਾਰ ਕੀਤਾ ਹੈ, ਜਿਸ ਨੇ ਜੇਲ੍ਹ ’ਚੋਂ ਪੈਰੋਲ ਤੋਂ ਆ ਕੇ ਖ਼ੁਦ ਨੂੰ ਮਰਿਆ ਹੋਇਆ ਐਲਾਨ ਦਿੱਤਾ ਸੀ। ਚਾਰ ਸਾਲ ਬਾਅਦ ਪੁਲਿਸ ਨੂੰ ਪਤਾ ਲੱਗਾ ਕਿ ਉਹ ਜ਼ਿੰਦਾ ਹੈ ਅਤੇ ਆਪਣੀ ਭੂਆ ਦੇ ਘਰ ਸੂਰਾਨੁੱਸੀ ’ਚ ਰਹਿ ਰਿਹਾ ਹੈ। ਰੇਲਵੇ ਕਾਲੋਨੀ ਦੇ ਰਹਿਣ ਵਾਲੇ ਹਿਮਾਂਸ਼ੂ ਨਾਮ ਦੇ ਕੈਦੀ ਨੂੰ ਜੇਲ੍ਹ ਪ੍ਰਸ਼ਾਸਨ ਨੇ ਰਿਕਾਰਡ ’ਚ ਮਰਿਆ ਦਰਜ ਕੀਤਾ ਹੋਇਆ ਸੀ, ਦਰਅਸਲ ਉਹ ਜ਼ਿੰਦਾ ਸੀ। ਉਸ ਨੇ ਫ਼ਰਜ਼ੀ ਮੌਤ ਦਾ ਸਰਟੀਫਿਕੇਟ ਬਣਵਾ ਕੇ ਆਪਣੀ ਪਛਾਣ ਬਦਲ ਲਈ ਅਤੇ ਨਵੇਂ ਨਾਂ ਨਾਲ ਜ਼ਿੰਦਗੀ ਬਿਤਾ ਰਿਹਾ ਸੀ, ਪਰ ਉਸ ਦੀ ਇਹ ਚਲਾਕੀ ਜ਼ਿਆਦਾ ਦਿਨ ਨਹੀਂ ਚੱਲ ਸਕੀ, ਕਿਉਂਕਿ ਪੁਲਿਸ ਦੀ ਸਰਗਰਮੀ ਤੇ ਗੁਪਤ ਸੂਚਨਾ ਨੇ ਉਸ ਦੀ ਮੌਤ ਦਾ ਸੱਚ ਖੋਲ੍ਹ ਦਿੱਤਾ। ਫੜਿਆ ਗਿਆ ਮੁਲਜ਼ਮ ਹਿਮਾਂਸ਼ੂ ਸਾਲ 2018 ’ਚ ਦਰਜ ਜਬਰ ਜਨਾਹ ਤੇ ਪੋਕਸੋ ਐਕਟ ਦੇ ਗੰਭੀਰ ਕੇਸ ’ਚ ਉਮਰ ਕੈਦ ਦੀ ਸਜ਼ਾ ਕੱਟ ਰਿਹਾ ਸੀ। 8 ਅਕਤੂਬਰ 2021 ਨੂੰ ਉਹ ਪੈਰੋਲ ’ਤੇ ਜੇਲ੍ਹ ਤੋਂ ਬਾਹਰ ਆਇਆ, ਪਰ ਵਾਪਸ ਜੇਲ੍ਹ ਆਉਣ ਦੀ ਬਜਾਏ ਉਸ ਨੇ ਖ਼ੁਦ ਨੂੰ ਮਰਿਆ ਦਿਖਾਉਣ ਦਾ ਖੇਡ ਰਚੀ। ਉਸ ਨੇ ਕਿਸੇ ਅਣਪਛਾਤੇ ਵਿਅਕਤੀ ਦੀ ਮਦਦ ਨਾਲ ਫ਼ਰਜ਼ੀ ਮੌਤ ਦਾ ਸਰਟੀਫਿਕੇਟ ਤਿਆਰ ਕਰਵਾਇਆ ਅਤੇ ਜੇਲ੍ਹ ਪ੍ਰਸ਼ਾਸਨ ਕੋਲ ਜਮ੍ਹਾਂ ਕਰਵਾ ਦਿੱਤਾ। ਰਿਕਾਰਡ ’ਚ ਹਿਮਾਂਸ਼ੂ ਮਰਿਆ ਦਰਜ ਹੋ ਗਿਆ ਅਤੇ ਉਸ ਦਾ ਨਾਂ ਲਿਸਟ ਤੋਂ ਹਟਾ ਦਿੱਤਾ ਗਿਆ। ਇਸ ਤੋਂ ਬਾਅਦ ਹਿਮਾਂਸ਼ੂ ਨੇ ਨਵੀਂ ਪਛਾਣ ਅਪਣਾਈ ਤੇ ਆਪਣੀ ਭੂਆ ਕੋਲ ਸੂਰਾਨੁੱਸੀ ਇਲਾਕੇ ’ਚ ਜਾ ਕੇ ਰਹਿਣ ਲੱਗ ਪਿਆ। ਉਸ ਨੇ ਆਪਣੀ ਦਾੜੀ ਵਧਾ ਲਈ ਤੇ ਰਹਿਣ-ਸਹਿਣ ਬਦਲ ਲਿਆ। ਨੇੜਲੇ ਲੋਕ ਉਸ ਨੂੰ ਨਵੇਂ ਨਾਂ ਨਾਲ ਜਾਣਦੇ ਸਨ, ਕਿਸੇ ਨੂੰ ਅਹਿਸਾਸ ਨਹੀਂ ਸੀ ਕਿ ਇਹ ਉਹੀ ਸ਼ਖ਼ਸ ਹੈ, ਜਿਹੜਾ ਕਾਨੂੰਨ ਦੀ ਨਜ਼ਰ ’ਚ ਮਰਿਆ ਹੋਇਆ ਦਰਜ ਹੈ, ਪਰ ਕੁਝ ਦਿਨ ਪਹਿਲਾਂ ਪੁਲਿਸ ਨੂੰ ਗੁਪਤ ਸੂਚਨਾ ਮਿਲੀ ਕਿ ਜਿਸ ਵਿਅਕਤੀ ਨੂੰ ਰਿਕਾਰਡ ’ਚ ਮਰਿਆ ਦਰਜ ਕੀਤਾ ਗਿਆ ਸੀ, ਉਹ ਜ਼ਿੰਦਾ ਹੈ ਤੇ ਨਵੇਂ ਨਾਂ ਨਾਲ ਰਹਿ ਰਿਹਾ ਹੈ। ਇਸ ਤੋਂ ਬਾਅਦ ਪੁਲਿਸ ਹਰਕਤ ਵਿਚ ਆਈ। ਥਾਣਾ ਡਿਵੀਜ਼ਨ ਨੰਬਰ-1 ਦੀ ਪੁਲਿਸ ਟੀਮ ਨੇ ਜਦੋਂ ਇਸ ਦੀ ਭੂਆ ਦੇ ਘਰ ਸੂਰਾਨੁੱਸੀ ’ਚ ਛਾਪਾ ਮਾਰਿਆ ਤਾਂ ਉਹ ਕਾਬੂ ਆ ਗਿਆ। ਗ੍ਰਿਫ਼ਤਾਰੀ ਤੋਂ ਬਾਅਦ ਉਸ ਨੇ ਪੁੱਛਗਿੱਛ ’ਚ ਦੋਸ਼ ਕਬੂਲ ਕਰ ਲਿਆ।

ਭੈਣ ਨੇ ਜੇਲ੍ਹ ’ਚ ਜਮ੍ਹਾਂ ਕਰਵਾਇਆ ਸੀ ਹਿਮਾਂਸ਼ੂ ਦੀ ਮੌਤ ਦਾ ਸਰਟੀਫਿਕੇਟ

ਹਿਮਾਂਸ਼ੂ ਦੇ ਮਾਤਾ-ਪਿਤਾ ਦੀ ਮੌਤ ਹੋ ਚੁੱਕੀ ਹੈ ਅਤੇ ਇਸ ਦਾ ਵਿਆਹ ਨਹੀਂ ਹੋਇਆ। ਇਸ ਦੀ ਭੈਣ ਨੇ ਹੀ ਇਹ ਮੌਤ ਦਾ ਸਰਟੀਫਿਕੇਟ ਜੇਲ੍ਹ ’ਚ ਜਮ੍ਹਾਂ ਕਰਵਾਇਆ ਸੀ। ਪੁਲਿਸ ਨੇ ਮੁਲਜ਼ਮ ਨੂੰ ਤਿੰਨ ਦਿਨ ਦੇ ਪੁਲਿਸ ਰਿਮਾਂਡ ’ਤੇ ਲਿਆ ਹੈ ਅਤੇ ਜੇਲ੍ਹ ਤੋਂ ਸਾਰਾ ਰਿਕਾਰਡ ਬੁਲਾਇਆ ਜਾ ਰਿਹਾ ਹੈ। ਸਰਟੀਫਿਕੇਟ ਜਮ੍ਹਾਂ ਕਰਵਾਉਣ ਵਾਲੇ ਨੂੰ ਵੀ ਕੇਸ ’ਚ ਨਾਮਜ਼ਦ ਕੀਤਾ ਜਾਵੇਗਾ।

ਫਿੰਗਰਪ੍ਰਿੰਟ ਨਾਲ ਆਇਆ ਕਾਬੂ, ਹੋਇਆ ਕੇਸ ਦਰਜ

ਪੁਲਿਸ ਨੂੰ ਜਦੋਂ ਹਿਮਾਂਸ਼ੂ ਦੇ ਜ਼ਿੰਦਾ ਹੋਣ ਦੀ ਸੂਚਨਾ ਮਿਲੀ ਤਾਂ ਭੂਆ ਦੇ ਘਰ ਛਾਪਾ ਮਾਰਿਆ। ਉੱਥੇ ਉਹ ਰਾਕੇਸ਼ ਨਾਮ ਨਾਲ ਰਹਿ ਰਿਹਾ ਸੀ। ਪੁਲਿਸ ਨੇ ਰਾਕੇਸ਼ ਨੂੰ ਕਾਬੂ ਕੀਤਾ ਤੇ ਗ੍ਰਿਫ਼ਤਾਰੀ ਵੇਲੇ ਲਏ ਫਿੰਗਰਪ੍ਰਿੰਟਾਂ ਨੂੰ ਰਿਕਾਰਡ ਨਾਲ ਮਿਲਾਇਆ ਗਿਆ ਤਾਂ ਰਾਕੇਸ਼ ਹੀ ਹਿਮਾਂਸ਼ੂ ਨਿਕਲਿਆ, ਜਿਸ ਤੋਂ ਬਾਅਦ ਉਸ ਨੂੰ ਗ੍ਰਿਫ਼ਤਾਰ ਕਰ ਕੇ ਥਾਣਾ ਨੰਬਰ-1 ’ਚ ਕੇਸ ਦਰਜ ਕਰ ਦਿੱਤਾ ਗਿਆ ਹੈ।

ਫ਼ਰਜ਼ੀ ਸਰਟੀਫਿਕੇਟ ਬਣਾਉਣ ਵਾਲੇ ਨੂੰ ਵੀ ਕਾਬੂ ਕਰੇਗੀ ਪੁਲਿਸ

ਪੁਲਿਸ ਮੁਲਜ਼ਮ ਨੂੰ ਰਿਮਾਂਡ ’ਤੇ ਲੈ ਕੇ ਪੁੱਛਗਿੱਛ ਕਰੇਗੀ ਤਾਂ ਜੋ ਇਹ ਪਤਾ ਲੱਗ ਸਕੇ ਕਿ ਉਸ ਨੇ ਮੌਤ ਦਾ ਫ਼ਰਜ਼ੀ ਸਰਟੀਫਿਕੇਟ ਕਿੱਥੋਂ ਬਣਵਾਇਆ ਅਤੇ ਇਸ ਸਾਜਿਸ਼ ’ਚ ਕੌਣ-ਕੌਣ ਸ਼ਾਮਲ ਸੀ। ਇਹ ਵੀ ਜਾਂਚ ਦਾ ਵਿਸ਼ਾ ਹੈ ਕਿ ਫ਼ਰਜ਼ੀ ਸਰਟੀਫਿਕੇਟ ਜੇਲ੍ਹ ਅਧਿਕਾਰੀਆਂ ਤੱਕ ਕਿਵੇਂ ਪਹੁੰਚਿਆ। ਸਰਟੀਫਿਕੇਟ ਬਣਾਉਣ ਵਾਲੇ ਤੇ ਜੇਲ੍ਹ ’ਚ ਜਮ੍ਹਾਂ ਕਰਵਾਉਣ ਵਾਲੇ ਦੋਹਾਂ ਨੂੰ ਨਾਮਜ਼ਦ ਕੀਤਾ ਜਾਵੇਗਾ। ਨਾਲ ਹੀ ਪੁਲਿਸ ਇਹ ਵੀ ਪਤਾ ਕਰ ਰਹੀ ਹੈ ਕਿ ਕੀ ਭੂਆ ਨੂੰ ਪਤਾ ਸੀ ਕਿ ਉਹ ਕੈਦੀ ਹੀ ਸੀ। ਜੇ ਉਹ ਜਾਣ-ਬੁੱਝ ਕੇ ਉਸ ਨੂੰ ਰੱਖ ਰਹੀ ਸੀ ਤਾਂ ਉਸ ਨੂੰ ਵੀ ਕੇਸ ’ਚ ਨਾਮਜ਼ਦ ਕੀਤਾ ਜਾਵੇਗਾ।

Related Articles

Leave a Reply

Your email address will not be published. Required fields are marked *

Back to top button