
ਜਲੰਧਰ, 2 ਅਕਤੂਬਰ : ਥਾਣਾ ਰਾਮਾ ਮੰਡੀ ਦੀ ਹੱਦ ’ਚ ਪੈਂਦੇ ਕਿਸ਼ਨਪੁਰਾ ਪਾਰਕ ਦੇ ਨੇੜੇ ਦੋ ਚੋਰਾਂ ਨੇ ਗਲੀ ’ਚ ਖੜ੍ਹਾ ਇਕ ਆਟੋ-ਰਿਕਸ਼ਾ ਚੋਰੀ ਕਰ ਲਿਆ। ਚੋਰੀ ਤੋਂ ਪਹਿਲਾਂ ਗਲੀ ਦੀ ਰੇਕੀ ਕਰਦੇ ਸਮੇਂ ਮੁਲਜ਼ਮ ਪਾਰਕ ਦੇ ਆਲੇ-ਦੁਆਲੇ ਲੱਗੇ ਸੀਸੀਟੀਵੀ ਕੈਮਰਿਆਂ ’ਚ ਕੈਦ ਹੋ ਗਏ ਸਨ। ਆਟੋ-ਰਿਕਸ਼ਾ ਚਾਲਕ ਨੂੰ ਸਵੇਰੇ ਘਟਨਾ ਦਾ ਪਤਾ ਲੱਗਾ। ਪੀੜਤ ਨੇ ਦੋਸ਼ ਲਾਇਆ ਕਿ ਉਸ ਨੇ ਪੁਲਿਸ ਥਾਣੇ ’ਚ ਸ਼ਿਕਾਇਤ ਦਰਜ ਕਰਵਾਈ ਪਰ 48 ਘੰਟਿਆਂ ਬਾਅਦ ਵੀ ਪੁਲਿਸ ਨਾ ਤਾਂ ਘਟਨਾ ਸਥਾਨ ਤੇ ਗਈ ਤੇ ਨਾ ਹੀ ਕੋਈ ਸੀਸੀਟੀਵੀ ਕੈਮਰੇ ਚੈੱਕ ਕੀਤੇ। ਜਾਣਕਾਰੀ ਦਿੰਦੇ ਹੋਏ ਜਤਿੰਦਰ ਉਰਫ ਸੋਮਾ ਨੇ ਕਿਹਾ ਕਿ ਉਹ ਇਕ ਆਟੋ-ਰਿਕਸ਼ਾ ਕਿਰਾਏ ਤੇ ਲੈ ਕੇ ਮਾਲਕ ਨੂੰ ਪ੍ਰਤੀ ਦਿਨ 400 ਰੁਪਏ ਅਦਾ ਕਰਦਾ ਹੈ। ਰੋਜ਼ ਵਾਂਗ ਸੋਮਵਾਰ ਨੂੰ ਕੰਮ ਤੋਂ ਵਾਪਸ ਆਉਣ ਤੋਂ ਬਾਅਦ ਉਸ ਨੇ ਆਟੋ ਆਪਣੇ ਘਰ ਦੇ ਬਾਹਰ ਪਾਰਕ ਦੇ ਕੋਲ ਖੜ੍ਹਾ ਕੀਤਾ। ਜਦੋਂ ਉਹ ਮੰਗਲਵਾਰ ਸਵੇਰੇ ਕੰਮ ਤੇ ਜਾਣ ਲਈ ਉੱਠਿਆ ਤਾਂ ਆਟੋ ਗਾਇਬ ਸੀ। ਉਸ ਨੇ ਪਾਰਕ ਦੇ ਆਲੇ-ਦੁਆਲੇ ਲੱਗੇ ਸੀਸੀਟੀਵੀ ਕੈਮਰਿਆਂ ਦੀ ਜਾਂਚ ਕੀਤੀ ਤੇ ਦੋ ਨੌਜਵਾਨਾਂ ਨੂੰ ਸਵੇਰੇ 2:46 ਤੋਂ 3:15 ਵਜੇ ਵਿਚਾਲੇ ਗਲੀ ’ਚ ਰੇਕੀ ਕਰਦੇ ਦੇਖਿਆ। ਫਿਰ ਉਨ੍ਹਾਂ ਨੇ ਆਟੋ ਚੋਰੀ ਕਰ ਲਿਆ ਤੇ ਰਵਿਦਾਸ ਸਕੂਲ ਰਾਹੀਂ ਕਿਸ਼ਨਪੁਰਾ ਚੌਕ ਵੱਲ ਭੱਜ ਗਏ। ਉਸ ਨੇ ਚੋਰੀ ਦੀ ਰਿਪੋਰਟ ਰਾਮਾ ਮੰਡੀ ਪੁਲਿਸ ਸਟੇਸ਼ਨ ਨੂੰ ਦਿੱਤੀ ਸੀ ਪਰ 48 ਘੰਟੇ ਬੀਤ ਜਾਣ ਤੋਂ ਬਾਅਦ ਵੀ ਕੋਈ ਪੁਲਿਸ ਅਧਿਕਾਰੀ ਮੌਕੇ ਤੇ ਨਹੀਂ ਪੁੱਜਾ। ਉਸ ਨੇ ਪੁਲਿਸ ਨੂੰ ਆਟੋ ਲੱਭਣ ਤੇ ਵਾਪਸ ਕਰਨ ਦੀ ਬੇਨਤੀ ਕੀਤੀ ਹੈ।



