Punjab

ਘਰ ’ਚ ਹੋ ਰਹੀ ਚੋਰੀ ਦੌਰਾਨ ਮਾਲਕ ਦੀ ਜਾਗ ਖੁੱਲ੍ਹੀ, ਢਿੱਡ ’ਚ ਗੋਲੀ ਮਾਰ ਕੇ ਭੱਜੇ ਚੋਰ

ਝਬਾਲ, 27 ਅਗਸਤ : ਪਿੰਡ ਸੋਹਲ ਵਿਖੇ ਇਕ ਘਰ ’ਚ ਚੋਰੀ ਕਰਨ ਆਏ ਚੋਰਾਂ ਨੂੰ ਜਦੋਂ ਮਾਲਕ ਨੇ ਕਾਬੂ ਕਰ ਲਿਆ ਤਾਂ, ਉਨ੍ਹਾਂ ਵਿੱਚੋਂ ਇਕ ਨੇ ਉਸ ਦੇ ਢਿੱਡ ਵਿਚ ਗੋਲ਼ੀ ਮਾਰ ਕੇ ਜ਼ਖ਼ਮੀ ਕਰ ਦਿੱਤਾ। ਜਿਸ ਤੋਂ ਬਾਅਦ ਚੋਰੀ ਕਰਨ ਵਾਲੇ ਲੋਕ ਕੰਧ ਟੱਪ ਕੇ ਫ਼ਰਾਰ ਹੋ ਗਏ। ਹਾਲਾਂਕਿ ਘਰ ਦੇ ਮਾਲਕ ਨੇ ਸੱਤ ਵਿੱਚੋਂ ਤਿੰਨ ਦੀ ਪਛਾਣ ਕਰ ਲਈ ਹੈ। ਜਿਸ ਦੇ ਚੱਲਦਿਆਂ ਥਾਣਾ ਝਬਾਲ ਦੀ ਪੁਲਿਸ ਨੇ ਕੇਸ ਦਰਜ ਕਰ ਕੇ ਨਾਮਜ਼ਦ ਲੋਕਾਂ ਦੀ ਗ੍ਰਿਫਤਾਰੀ ਲਈ ਛਾਪੇਮਾਰੀ ਸ਼ੁਰੂ ਕਰ ਦਿੱਤੀ ਹੈ। ਗੋਲੀ ਲੱਗਣ ਕਾਰਨ ਕਸੇਲ ਦੇ ਸਰਕਾਰੀ ਹਸਪਤਾਲ ਵਿਚ ਦਾਖ਼ਲ ਕਰਵਾਏ ਗਏ ਕੁਲਦੀਪ ਸਿੰਘ ਪੁੱਤਰ ਮੋਤਾ ਸਿੰਘ ਵਾਸੀ ਸੋਹਲ ਨੇ ਪੁਲਿਸ ਨੂੰ ਦਿੱਤੇ ਬਿਆਨਾਂ ’ਚ ਦੱਸਿਆ ਕਿ ਲੰਘੀ ਰਾਤ ਕਰੀਬ ਡੇਢ ਵਜੇ ਉਸ ਦੀ ਪਤਨੀ ਨੇ ਘਰ ਵਿਚ ਖੜਕਾ ਸੁਣ ਕੇ ਉਸ ਨੂੰ ਉਠਾਇਆ। ਜਦੋਂ ਉਹ ਕਮਰੇ ’ਚ ਗਿਆ ਤਾਂ ਉਥੇ ਜਸਵੰਤ ਸਿੰਘ ਸੋਨੂੰ ਉਰਫ ਮੋਟਾ ਬਾਣੀਆ ਪੁੱਤਰ ਜਗੀਰ ਸਿੰਘ ਵਾਸੀ ਸੋਹਲ ਅਲਮਾਰੀ ਵਿੱਚੋਂ 50 ਹਜ਼ਾਰ ਦੀ ਨਕਦੀ ਕੱਢ ਕੇ ਆਪਣੀ ਜੇਬ ਵਿਚ ਪਾ ਰਿਹਾ ਸੀ। ਉਸ ਨੂੰ ਫੜ੍ਹਨ ਦੀ ਕੋਸ਼ਿਸ਼ ਕੀਤੀ ਤਾਂ ਉਹ ਘਰ ਦੇ ਵਿਹੜੇ ’ਚ ਆ ਗਿਆ। ਜਿਥੇ ਉਸ ਨੇ ਉਸ ਨੂੰ ਕਾਬੂ ਵੀ ਕਰ ਲਿਆ। ਪਰ ਇਸੇ ਦੌਰਾਨ ਉਸ ਨੇ ਡੱਬ ਵਿੱਚੋਂ ਪਿਸਤੌਲ ਕੱਢਿਆ ਤੇ ਉਸਦੇ ਢਿੱਡ ਵਿਚ ਗੋਲ਼ੀ ਮਾਰ ਦਿੱਤੀ। ਇਸੇ ਦੌਰਾਨ ਦੂਸਰੇ ਕਮਰੇ ਵਿੱਚੋਂ ਚੰਨਦੀਪ ਸਿੰਘ ਲਾਡੀ ਪੁੱਤਰ ਜਸਵੰਤ ਸਿੰਘ ਬੌਬੀ, ਹਰਮਨ ਸਿੰਘ ਪੁੱਤਰ ਜਸਵੰਤ ਸਿੰਘ ਵਾਸੀ ਸੋਹਲ ਤੇ ਤਿੰਨ ਅਣਪਛਾਤੇ ਵਿਅਕਤੀ ਵੀ ਗੋਲੀ ਦੀ ਆਵਾਜ਼ ਸੁਣ ਕੇ ਕਮਰੇ ਵਿੱਚੋਂ ਬਾਹਰ ਆ ਗਏ। ਉਸਦੀ ਪਤਨੀ ਤੇ ਬੱਚਿਆਂ ਨੇ ਰੌਲ਼ਾ ਪਾਇਆ ਤਾਂ ਸਾਰੇ ਜਣੇ ਕੰਧਾਂ ਟੱਪ ਕੇ ਭੱਜ ਗਏ। ਮਾਮਲੇ ਦੀ ਜਾਂਚ ਕਰ ਰਹੇ ਏਐੱਸਆਈ ਤਸਵੀਰ ਸਿੰਘ ਨੇ ਦੱਸਿਆ ਕਿ ਕੁਲਦੀਪ ਸਿੰਘ ਦੇ ਬਿਆਨਾਂ ’ਤੇ ਜਸਵੰਤ ਸਿੰਘ, ਚੰਨਦੀਪ ਸਿੰਘ ਅਤੇ ਹਰਮਨ ਸਿੰਘ ਸਣੇ ਤਿੰਨ ਅਣਪਛਾਤਿਆਂ ਵਿਰੁੱਧ ਕੇਸ ਦਰਜ ਕਰ ਲਿਆ ਗਿਆ ਹੈ। ਜਦੋਂਕਿ ਮੁਲਜ਼ਮਾਂ ਦੀ ਗ੍ਰਿਫਤਾਰੀ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ।

Related Articles

Leave a Reply

Your email address will not be published. Required fields are marked *

Back to top button