
ਲੁਧਿਆਣਾ, 14 ਅਕਤੂਬਰ : ਲੁਧਿਆਣਾ ਅਟਲ ਨਗਰ ਇਲਾਕੇ ਚ ਸੋਮਵਾਰ ਦੀ ਦੁਪਹਿਰ ਇਕ ਘਰ ’ਚ ਅਚਾਨਕ ਭਿਆਨਕ ਅੱਗ ਲੱਗ ਗਈ। ਇਸ ਸਮੇਂ ਅੱਗ ਲੱਗਣ ਦਾ ਕਾਰਨ ਸ਼ਾਰਟ ਸਰਕਟ ਦੱਸਿਆ ਜਾ ਰਿਹਾ ਹੈ। ਇਸ ਘਟਨਾ ’ਚ ਘਰ ਦਾ ਸਾਰਾ ਸਾਮਾਨ ਸੜ ਕੇ ਸੁਆਹ ਹੋ ਗਿਆ। ਲੋਕਾਂ ਦੀ ਸੂਚਨਾ ਦੇ ਬਾਅਦ ਫਾਇਰ ਬ੍ਰਿਗੇਡ ਦੀ ਟੀਮ ਮੌਕੇ ’ਤੇ ਪਹੁੰਚੀ ਤੇ ਅੱਗ ’ਤੇ ਕਿਸੇ ਤਰ੍ਹਾਂ ਕਾਬੂ ਪਾਇਆ। ਥਾਣਾ ਬਸਤੀ ਜੋਧੇਵਾਲ ਪੁਲਿਸ ਦਾ ਕਹਿਣਾ ਹੈ ਕਿ ਇਸ ਘਟਨਾ ’ਚ ਕਿੰਨਾ ਨੁਕਸਾਨ ਹੋਇਆ ਹੈ, ਇਸ ਦੀ ਜਾਣਕਾਰੀ ਪਰਿਵਾਰ ਤੋਂ ਮੰਗੀ ਗਈ ਹੈ। ਦਲਜੀਤ ਸਿੰਘ ਨੇ ਦੱਸਿਆ ਕਿ ਅਟਲ ਨਗਰ ਗਲੀ ਨੰਬਰ ਦੋ ’ਚ ਉਸ ਦਾ ਘਰ ਹੈ ਤੇ ਉਹ ਟੈਕਨੀਸ਼ੀਅਨ ਦਾ ਕੰਮ ਕਰਦਾ ਹੈ। ਸੋਮਵਾਰ ਦੀ ਦੁਪਹਿਰ ਉਸ ਦੇ ਘਰ ਤੋਂ ਅਚਾਨਕ ਧੂੰਆਂ ਉੱਠਣਾ ਸ਼ੁਰੂ ਹੋਇਆ ਤੇ ਕੁਝ ਹੀ ਸਮੇਂ ’ਚ ਧੂੰਏਂ ਨੇ ਅੱਗ ਦਾ ਭਿਆਨਕ ਰੂਪ ਧਾਰ ਲਿਆ। ਪਹਿਲਾਂ ਤਾਂ ਆਸ-ਪਾਸ ਦੇ ਲੋਕਾਂ ਨੇ ਅੱਗ ’ਤੇ ਕਾਬੂ ਪਾਉਣ ਦੀ ਕੋਸ਼ਿਸ਼ ਕੀਤੀ ਪਰ ਅੱਗ ਵਧਦੀ ਹੀ ਗਈ। ਇਸ ਤੋਂ ਬਾਅਦ ਫਾਇਰ ਬ੍ਰਿਗੇਡ ਦੀ ਟੀਮ ਨੂੰ ਮੌਕੇ ’ਤੇ ਬੁਲਾਇਆ ਗਿਆ। ਜਾਣਕਾਰੀ ਮੁਤਾਬਕ ਇਸ ਘਟਨਾ ’ਚ ਸੋਫੇ, ਬੈੱਡ, ਆਲਮਾਰੀ, ਬੈਗ, ਕੱਪੜੇ ਤੇ ਹੋਰ ਕੀਮਤੀ ਸਾਮਾਨ ਸੜ ਗਿਆ।



