
ਸਮਾਣਾ, 27 ਫਰਵਰੀ- ਮੁਹੱਲਾ ਅਮਾਮਗੜ੍ਹ ’ਚ ਦੋ ਬੱਚਿਆ ਦੀ ਮਾਂ ਨੇ ਫਾਹਾ ਲੈ ਕੇ ਖੁਦਕੁਸ਼ੀ ਕਰ ਲਈ। ਸਿਵਲ ਹਸਪਤਾਲ ਵਿੱਚ ਮਿ੍ਤਕ ਔਰਤ ਪਰਮਜੀਤ ਕੌਰ (26) ਦਾ ਪੋਸਟਮਾਰਟਮ ਕਰਵਾਉਣ ਆਏ ਮਾਮਲੇ ਦੇ ਜਾਂਚ ਅਧਿਕਾਰੀ ਸਿਟੀ ਥਾਣਾ ਦੇ ਏਐੱਸਆਈ ਸ਼ਿੰਦਰਪਾਲ ਸਿੰਘ ਨੇ ਦੱਸਿਆ ਕਿ ਮਿ੍ਤਕਾ ਦੇ ਭਰਾ ਰਵੀ ਕੁਮਾਰ ਵਾਸੀ ਸਰਾਏ ਬੰਜਾਰਾ ਨੇ ਸ਼ਿਕਾਇਤ ਦਿੱਤੀ ਹੈ।ਬਿਆਨ ਅਨੁਸਾਰ ਰਵੀ ਕੁਮਾਰ ਨੇ ਆਪਣੀ ਭੈਣ ਦਾ ਵਿਆਹ ਕਰੀਬ 7 ਸਾਲ ਪਹਿਲਾਂ ਸੁਨੀਲ ਕੁਮਾਰ ਵਾਸੀ ਮੁਹੱਲਾ ਅਮਾਮਗੜ੍ਹ ਨਾਲ ਕੀਤਾ ਸੀ। ਇਸ ਦੌਰਾਨ ਉਸ ਦੇ ਦੋ ਬੱਚੇ ਪੈਦਾ ਹੋਏ। ਵਿਆਹ ਤੋਂ ਕੁਝ ਸਮੇਂ ਬਾਅਦ ਸਹੁਰਾ ਪਰਿਵਾਰ ਨੇ ਉਸ ਦੀ ਭੈਣ ਨੂੰ ਤੰਗ ਪਰੇਸ਼ਾਨ ਕਰਨਾ ਸ਼ੁਰੂ ਕਰ ਦਿੱਤਾ। ਰਵੀ ਨੇ ਦੱਸਿਆ ਕਿ ਉਸ ਦਾ ਜੀਜਾ ਉਸ ਦੀ ਭੈਣ ਦੀ ਅਕਸਰ ਕੁੱਟਮਾਰ ਕਰਦਾ ਸੀ। ਉਸ ਦੀ ਭੈਣ ਪਰਮਜੀਤ ਕੌਰ ਇਸ ਕੁੱਟਮਾਰ ਬਾਰੇ ਉਨ੍ਹਾਂ ਨੂੰ ਦੱਸਦੀ ਸੀ ਤਾਂ ਉਹ ਸਹੁਰਾ ਪਰਿਵਾਰ ਨੂੰ ਸਮਝਾ ਕੇ ਆ ਜਾਂਦੇ ਸਨ ਪਰ ਇਸ ਦੇ ਬਾਵਜੂਦ ਸਹੁਰਾ ਪਰਿਵਾਰ ਵੱਲੋਂ ਉਸ ਦੀ ਭੈਣ ਦੀ ਕੁੱਟਮਾਰ ਜਾਰੀ ਰਹੀ। ਬੁੱਧਵਾਰ ਨੂੰ ਪਰਮਜੀਤ ਕੌਰ ਨੇ ਫਾਹਾ ਲੈ ਕੇ ਖੁਦਕੁਸ਼ੀ ਕਰ ਲਈ। ਪੁਲਿਸ ਨੇ ਮਿ੍ਤਕਾ ਦੇ ਪਤੀ ਸੁਨੀਲ ਕੁਮਾਰ, ਸੱਸ ਪ੍ਰਕਾਸ਼ੋ ਦੇਵੀ, ਦਿਓਰ ਸੰਦੀਪ ਸਿੰਘ ਖ਼ਿਲਾਫ਼ ਮਾਮਲਾ ਦਰਜ ਕੀਤਾ ਹੈ।



