Punjab

ਘਰੇਲੂ ਕਲੇਸ਼ ਕਾਰਨ ਪਤੀ-ਪਤਨੀ ਨੇ ਕੀਤੀ ਖ਼ੁਦਕੁਸ਼ੀ

ਭਾਦਸੋਂ, 5 ਜੁਲਾਈ : ਥਾਣਾ ਭਾਦਸੋਂ ਅਧੀਨ ਆਉਂਦੇ ਪਿੰਡ ਸ਼੍ਰੀਨਗਰ (ਪੂਣੀਵਾਲ) ਦੇ ਪਤੀ-ਪਤਨੀ ਵੱਲੋਂ ਵੱਖ-ਵੱਖ ਹਾਲਾਤ ’ਚ ਖ਼ੁਦਕਸ਼ੀ ਕਰਨ ਦੀ ਘਟਨਾ ਸਾਹਮਣੇ ਆਈ ਹੈ। ਜਾਣਕਾਰੀ ਅਨੁਸਾਰ ਗੁਰਮੀਤ ਸਿੰਘ ਪੁੱਤਰ ਹਰਭਜਨ ਸਿੰਘ ਉਮਰ ਕਰੀਬ 40-42 ਸਾਲ ਵਾਸੀ ਸ਼੍ਰੀਨਗਰ ਪੂਣੀਵਾਲ ਨੇ ਬੀਤੀ 3 ਜੁਲਾਈ ਨੂੰ ਘਰ ’ਚ ਪੱਖੇ ਨਾਲ ਲਟਕ ਕੇ ਜੀਵਨ ਲੀਲ੍ਹਾ ਸਮਾਪਤ ਕਰ ਲਈ, ਜਦਕਿ ਉਸ ਦੀ ਪਤਨੀ ਨੇ ਵੀ ਨਹਿਰ ’ਚ ਛਾਲ ਮਾਰ ਕੇ ਖ਼ੁਦਕਸ਼ੀ ਕਰ ਲਈ। ਗੁਰਮੀਤ ਸਿੰਘ ਨੇ ਖ਼ੁਦਕੁਸ਼ੀ ਕਰਨ ਤੋਂ ਪਹਿਲਾ ਵੀਡੀਓ ਬਣਾ ਕੇ ਭੇਜੀ ਅਤੇ ਉਸ ਤੋਂ ਬਾਅਦ ਖ਼ੁਦਕਸ਼ੀ ਕਰ ਲਈ। ਥਾਣਾ ਭਾਦਸੋਂ ਵਿਖੇ ਗੁਰਮੀਤ ਸਿੰਘ ਦੇ ਭਰਾ ਯਾਦਵਿੰਦਰ ਸਿੰਘ ਨੇ ਬਿਆਨ ਦਰਜ ਕਰਵਾਏ ਕਿ ਉਸ ਦੇ ਭਰਾ ਗੁਰਮੀਤ ਸਿੰਘ ਦਾ ਵਿਆਹ ਮਨਪ੍ਰੀਤ ਕੌਰ ਪੁੱਤਰੀ ਕਰਨੈਲ ਸਿੰਘ ਵਾਸੀ ਪਿੰਡ ਬੁੱਗਾ ਖੁਰਦ ਨਾਲ 2004 ’ਚ ਹੋਇਆ ਸੀ, ਜਿਸ ਦੇ ਘਰ ਦੋ ਧੀਆਂ ਤੇ ਇਕ ਪੁੱਤ ਪੈਦਾ ਹੋਏ। ਉਸ ਨੇ ਕਿਹਾ ਕਿ ਮੇਰਾ ਭਰਾ ਗੁਰਮੀਤ ਸਿੰਘ ਆਪਣੇ ਬੱਚਿਆਂ ਸਮੇਤ ਪੂਣੀਵਾਲ ਵਿਖੇ ਰਹਿੰਦਾ ਸੀ, ਜਿਸ ਦੀ ਸੱਸ ਜਸਬੀਰ ਕੌਰ ਕੌਰ ਪਿਛਲੇ ਪੰਜ-ਛੇ ਸਾਲਾਂ ਤੋਂ ਛੋਟੀ ਭਰਜਾਈ ਮਨਪ੍ਰੀਤ ਕੌਰ ਪਾਸ ਆਉਂਦੀ-ਜਾਂਦੀ ਸੀ। ਗੁਰਮੀਤ ਸਿੰਘ ਦੀ ਸੱਸ ਜਸਬੀਰ ਕੌਰ ਦੇ ਦੂਸਰੇ ਪਤੀ ਜੱਗਾ ਸਿੰਘ ਦਾ ਇਲਾਜ ਵੀ ਗੁਰਮੀਤ ਸਿੰਘ ਤੇ ਭਰਜਾਈ ਮਨਪ੍ਰੀਤ ਕੌਰ ਨੇ ਰਜਿੰਦਰਾ ਹਸਪਤਾਲ ’ਚ ਕਰਵਾਇਆ ਸੀ। ਉਸ ਨੇ ਦੱਸਿਆ ਕਿ ਮਨਪ੍ਰੀਤ ਕੌਰ ਰਜਿੰਦਰਾ ਹਸਪਤਾਲ ਵਿਖੇ ਆਪਣੀ ਮਾਤਾ ਜਸਵੀਰ ਕੌਰ ਨਾਲ ਆਪਣੇ ਪਿਤਾ ਦੀ ਸੰਭਾਲ ਕਰਦੀ ਰਹੀ। ਜਸਬੀਰ ਕੌਰ ਮਿਤੀ 29 ਜੂਨ 2025 ਪਿੰਡ ਪੂਣੀਵਾਲ ਤੋਂ ਮਨਪ੍ਰੀਤ ਕੌਰ ਤੇ ਉਸ ਦੇ ਤਿੰਨੇ ਬੱਚਿਆਂ ਨੂੰ ਆਪਣੇ ਨਾਲ ਪਿੰਡ ਭਨੋਪਲੀ ਲੈ ਗਈ। ਬਿਆਨਾਂ ਅਨੁਸਾਰ ਗੁਰਮੀਤ ਸਿੰਘ ਨੇ ਆਪਣੇ ਸਹੁਰੇ ਘਰ ਫੋਨ ਵੀ ਕੀਤਾ ਪਰ ਉਸ ਦੀ ਸੱਸ ਨੇ ਕਿਹਾ ਕਿ ਕਿ ਬੱਚੇ ਮੇਰੇ ਪਾਸ ਹਨ ਤੇਰੀ ਘਰਵਾਲੀ ਪਤਾ ਨਹੀਂ ਕਿੱਥੇ ਚਲੀ ਗਈ। ਯਾਦਵਿੰਦਰ ਅਨੁਸਾਰ 3 ਜੁਲਾਈ ਨੂੰ ਸਵੇਰੇ ਵਕਤ ਉਸ ਨੂੰ ਫੋਨ ਆਇਆ ਕਿ ਗੁਰਮੀਤ ਸਿੰਘ ਨੇ ਪੱਖੇ ਨਾਲ ਲਟਕ ਕੇ ਫਾਹਾ ਲੈ ਲਿਆ ਹੈ। ਜਦੋਂ ਉਸ ਨੇ ਪੂਣੀਵਾਲ ਜਾ ਕੇ ਦੇਖਿਆਂ ਤਾਂ ਭਰਾ ਫਾਹਾ ਲੈ ਚੁੱਕਿਆ ਸੀ। ਜਿਸ ਨੂੰ ਪਟਿਆਲਾ ਵਿਖੇ ਲੈ ਕੇ ਗਏ ਪਰ ਉਸ ਦੀ ਮੌਤ ਹੋ ਗਈ ਸੀ। ਮ੍ਰਿਤਕ ਗੁਰਮੀਤ ਸਿੰਘ ਦੇ ਮੋਬਾਈਲ ਫੋਨ ’ਤੇ ਵੀਡੀਓ ਦੇਖੀ ਗਈ, ਜਿਸ ’ਚ ਉਸ ਨੇ ਆਪਣੀ ਮੌਤ ਦਾ ਜ਼ਿੰਮੇਵਾਰ ਆਪਣੀ ਘਰਵਾਲੀ ਮਨਪ੍ਰੀਤ ਕੌਰ, ਆਪਣੇ ਸਾਂਢੂ ਰਜਿੰਦਰ ਸਿੰਘ ਹਨੀ, ਉਸ ਦੀ ਸੱਸ ਜਸਬੀਰ ਕੌਰ, ਉਸ ਦੇ ਭਰਾ ਦੀ ਘਰਵਾਲੀ ਰਾਣੀ ਤੇ ਸਾਢੂ ਹਨੀ ਦੇ ਇਕ ਦੋਸਤ ਨੂੰ ਦੱਸਿਆ। ਥਾਣਾ ਮੁਖੀ ਇੰਸਪੈਕਟਰ ਗੁਰਪ੍ਰੀਤ ਸਿੰਘ ਹਾਂਡਾ ਨੇ ਦੱਸਿਆ ਕਿ ਪੁਲਿਸ ਵੱਲੋਂ ਮ੍ਰਿਤਕ ਗੁਰਮੀਤ ਸਿੰਘ ਦੇ ਭਰਾ ਯਾਦਵਿੰਦਰ ਸਿੰਘ ਦੇ ਬਿਆਨਾਂ ’ਤੇ ਜਸਬੀਰ ਕੌਰ ਕੌਰ ਪਤਨੀ ਜੱਗਾ ਸਿੰਘ ਵਾਸੀ ਭਨੋਪਲੀ ਜ਼ਿਲ੍ਹਾ ਰੂਪਨਗਰ, ਰਜਿੰਦਰ ਸਿੰਘ ਉਰਫ ਹਨੀ ਵਾਸੀ ਭਨੋਪਲੀ ਜ਼ਿਲ੍ਹਾ ਰੂਪਨਗਰ, ਰਾਣੀ ਪਤਨੀ ਯਾਦਵਿੰਦਰ ਸਿੰਘ ਵਾਸੀ ਬਹਾਦਰਗੜ੍ਹ ਜ਼ਿਲ੍ਹਾ ਪਟਿਆਲਾ ਤੇ ਇਕ ਅਣਪਛਾਤੇ ਵਿਅਕਤੀ ਖ਼ਿਲਾਫ਼ ਧਾਰਾ-108 ਬੀਐੱਨਐੱਸ ਤਹਿਤ ਮੁਕੱਦਮਾ ਦਰਜ ਕਰ ਕੇ ਅਗਲੇਰੀ ਕਾਰਵਾਈ ਆਰੰਭ ਕਰ ਦਿੱਤੀ ਹੈ। ਉਧਰ, ਮ੍ਰਿਤਕ ਗੁਰਮੀਤ ਸਿੰਘ ਤੇ ਮ੍ਰਿਤਕ ਮਨਪ੍ਰੀਤ ਕੌਰ ਦਾ ਅੰਤਿਮ ਸੰਸਕਾਰ ਪਿੰਡ ਪੂਣੀਵਾਲ ਦੇ ਸਮਸ਼ਾਨਘਾਟ ਵਿਖੇ ਕਰ ਦਿੱਤਾ ਗਿਆ ਹੈ।

Related Articles

Leave a Reply

Your email address will not be published. Required fields are marked *

Back to top button