Punjab

ਗੱਡੀ ਦਾ ਸ਼ੀਸ਼ਾ ਤੋੜ ਕੇ ਲੁੱਟੇ 10 ਲੱਖ ਦੀ ਨਕਦੀ ਤੇ ਜਮੀਨ ਦੇ ਕਾਗਜ ਲੁੱਟੇ

ਭਿੱਖੀਵਿੰਡ , 17 ਜਨਵਰੀ- ਬੇਸ਼ੱਕ ਪੁਲਿਸ ਵੱਲੋਂ ਲੁਟੇਰਿਆਂ ਖਿਲਾਫ ਠੋਸ ਕਾਰਵਾਈ ਕਰਨ ਦਾ ਦਾਅਵਾ ਕੀਤਾ ਜਾਂਦਾ ਹੋਵੇ, ਪਰ ਫਿਰ ਵੀ ਵਾਰਦਾਤਾਂ ਲਗਾਤਾਰ ਵਾਪਰ ਰਹੀਆਂ ਹਨ ਅਤੇ ਲੋਕਾਂ ਵਿਚ ਦਹਿਸ਼ਤ ਦਾ ਮਾਹੌਲ ਬਣਿਆ ਹੋਇਆ ਹੈ। ਤਾਜ਼ਾ ਮਾਮਲਾ ਭਿੱਖੀਵਿੰਡ ਦੇ ਤਹਿਸੀਲ ਕੰਪਲੈਕਸ ਤੋਂ ਸਾਹਮਣੇ ਆਇਆ, ਜਿਥੇ ਦੁਪਹਿਰ ਸਮੇਂ ਅਵਤਾਰ ਸਿੰਘ ਨਾਮਕ ਵਿਅਕਤੀ ਜਿਸ ਨੇ ਦਿਲਬਾਗ ਸਿੰਘ ਵਾਸੀ ਮਾੜੀ ਗੌੜ ਸਿੰਘ ਪਾਸੋਂ 56 ਕਨਾਲ 10 ਮਰਲੇ ਜਮੀਨ ਖਰੀਦੀ ਸੀ ਅਤੇ ਰਜਿਸਟਰੀ ਕਰਵਾਉਣ ਲਈ ਤਹਿਸੀਲ ਕੰਪਲੈਕਸ ਪੁੱਜਾ ਸੀ। ਉਸਦੀ ਤਹਿਸੀਲ ਕੰਪਲੈਕਸ ਵਿਚ ਖੜੀ ਕੀਤੀ ਬਰੀਜਾ ਗੱਡੀ ਨੰਬਰ ਪੀਬੀ02 ਐੱਮ 7798 ਦਾ ਸ਼ੀਸ਼ਾ ਤੋੜ ਕੇ ਉਸ ਵਿਚ ਪਿਆ ਲਿਫਾਫਾ, ਜਿਸ ਵਿਚ ਜਮੀਨ ਦੇ ਕਾਗਜਾਤ ਅਤੇ 10 ਲੱਖ ਰੁਪਏ ਦੀ ਨਕਦੀ ਮੌਜੂਦ ਸੀ, ਨੂੰ ਚੁੱਕ ਕੇ ਫਰਾਰ ਹੋ ਗਿਆ। ਉਥੇ ਹੀ ਇਸ ਘਟਨਾ ਦਾ ਪਤਾ ਚੱਲਦਿਆਂ ਥਾਣਾ ਭਿੱਖੀਵਿੰਡ ਦੀ ਪੁਲਿਸ ਮੌਕੇ ’ਤੇ ਪਹੁੰਚ ਗਈ। ਜਦੋਂ ਤਹਿਸੀਲ ਕੰਪਲੈਕਸ ਵਿਚ ਲੱਗੇ ਸੀਸੀਟੀਵੀ ਕੈਮਰਿਆਂ ਨੂੰ ਖੰਗਾਲਿਆ ਗਿਆ ਤਾਂ ਗੱਡੀ ਦਾ ਸ਼ੀਸ਼ਾ ਤੋੜ ਕੇ ਲਿਫਾਫਾ ਕੱਢਣ ਵਾਲੇ ਵਿਅਕਤੀ ਦੀਆਂ ਤਸਵੀਰਾਂ ਵੀ ਸਾਹਮਣੇ ਆ ਗਈਆਂ। ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਪੀੜਤ ਅਵਤਾਰ ਸਿੰਘ ਨੇ ਦੱਸਿਆ ਕਿ ਉਸਨੇ ਦਿਲਬਾਗ ਸਿੰਘ ਤੋਂ 56 ਕਨਾਲ 10 ਮਰਲੇ ਜਮੀਨ ਖਰੀਦੀ ਸੀ ਅਤੇ ਅੱਜ ਉਸਦੀ ਰਜਿਸਟਰੀ ਕਰਵਾਉਣ ਲਈ ਕੰਪਲੈਕਸ ਵਿਚ ਆਇਆ ਸੀ। ਉਸ ਨਾਲ ਧੋਖਾਧੜੀ ਕਰਕੇ ਦਿਲਬਾਗ ਸਿੰਘ ਹੀ ਉਸਦੇ ਜਮੀਨ ਦੇ ਕਾਗਜ਼ ਅਤੇ 10 ਲੱਖ ਰੁਪਏ ਉਸ ਦੀ ਗੱਡੀ ਵਿੱਚੋਂ ਕੱਢ ਕੇ ਫਰਾਰ ਹੋ ਗਿਆ ਹੈ। ਇਸ ਮੌਕੇ ਪੀੜਿਤ ਅਵਤਾਰ ਸਿੰਘ ਨੇ ਪੁਲਿਸ ਪ੍ਰਸ਼ਾਸਨ ਪਾਸੋਂ ਉਸ ਨੂੰ ਇਨਸਾਫ ਦੇਣ ਅਤੇ ਮੁਲਜ਼ਮਾਂ ਖਿਲਾਫ ਸਖਤ ਕਾਰਵਾਈ ਕਰ ਦੀ ਮੰਗ ਕੀਤੀ ਹੈ। ਉੱਥੇ ਹੀ ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਥਾਣਾ ਭਿੱਖੀਵਿੰਡ ਦੇ ਮੁਖੀ ਇੰਸਪੈਕਟਰ ਮਨੋਜ ਕੁਮਾਰ ਸ਼ਰਮਾ ਨੇ ਕਿਹਾ ਕਿ ਅਤਕਾਰ ਸਿੰਘ ਦੇ ਬਿਆਨਾਂ ’ਤੇ ਦਲਬਾਗ ਸਿੰਘ ਅਤੇ ਉਸਦੇ ਸਾਥੀਆਂ ਖਿਲਾਫ ਮਾਮਲਾ ਦਰਜ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਸੀਸੀਟੀਵੀ ਫੁੱਟੇਜ ਖੰਘਾਲੀ ਜਾ ਰਹੀ ਹੈ ਤੇ ਜਲਦ ਹੀ ਮੁਲਜਮਾਂ ਨੂੰ ਗ੍ਰਿਫਤਾਰ ਕਰ ਲਿਆ ਜਾਵੇਗਾ।

Related Articles

Leave a Reply

Your email address will not be published. Required fields are marked *

Back to top button