Punjab

ਸਾਬਕਾ ਵਿਧਾਇਕ ਗਿੱਲ ਨੇ ‘ਆਪ’ ਸਰਕਾਰ ਦੀ ਕਾਰਗੁਜ਼ਾਰੀ ’ਤੇ ਚੁੱਕੇ ਸਵਾਲ

ਪੱਟੀ, 17 ਜਨਵਰੀ- ਪੰਜਾਬ ਦੀ ਮੌਜੂਦਾ ਸਰਕਾਰ ਵੱਲੋਂ ਕਾਂਗਰਸ ਪਾਰਟੀ ਦੀ ਸਰਕਾਰ ਸਮੇਂ ਵਿਧਾਨ ਸਭਾ ਹਲਕਾ ਪੱਟੀ ਵਿਚ ਆਉਂਦੇ ਪਿੰਡ ਕੈਰੋਂ ਵਿਖੇ 280 ਕਰੋੜ ਦੀ ਲਾਗਤ ਨਾਲ ਬਣਨ ਵਾਲੀ ਸੂਬਾ ਪੱਧਰੀ ਗੁਰੂ ਤੇਗ ਬਹਾਦਰ ਲਾਅ ਯੂਨੀਵਰਸਿਟੀ ਦੀ ਤਾਮੀਰ ਦਾ ਕੰਮ ਪੱਕੇ ਤੌਰ ’ਤੇ ਠੱਪ ਕਰ ਦਿੱਤੇ ਜਾਣ ਕਾਰਨ ਪੰਜਾਬ ਸਰਕਾਰ ਵਿਰੁੱਧ ਜਨਤਕ ਲਾਮਬੰਦੀ ਕਰਨ ਲਈ 13 ਫਰਵਰੀ ਨੂੰ ਸੂਬਾ ਪੱਧਰ ਦਾ ਰੋਸ ਮੁਜ਼ਾਹਰਾ ਕੀਤਾ ਜਾਵੇਗਾ। ਜਿਸ ਵਿਚ ਪੰਜਾਬ ਪ੍ਰਦੇਸ਼ ਕਾਂਗਰਸ ਪਾਰਟੀ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਅਤੇ ਪੰਜਾਬ ਵਿਧਾਨ ਸਭਾ ਵਿਚ ਵਿਰੋਧੀ ਧਿਰ ਦੇ ਆਗੂ ਪ੍ਰਤਾਪ ਸਿੰਘ ਬਾਜਵਾ ਤੋਂ ਇਲਾਵਾ ਕਾਂਗਰਸ ਪਾਰਟੀ ਦੀ ਸਮੁੱਚੀ ਸੀਨੀਅਰ ਲੀਡਰਸ਼ਿਪ ਅਤੇ ਵਿਧਾਨ ਸਭਾ ਹਲਕਾ ਪੱਟੀ ਦੇ ਸਮੂਹ ਆਗੂਆਂ ਤੇ ਵਰਕਰਾਂ ਵੱਲੋਂ ਸ਼ਿਰਕਤ ਕੀਤੀ ਜਾਵੇਗੀ। ਇਹ ਪ੍ਰਗਟਾਵਾ ਸਾਬਕਾ ਵਿਧਾਇਕ ਪੱਟੀ ਅਤੇ ਜ਼ਿਲ੍ਹਾ ਕਾਂਗਰਸ ਕਮੇਟੀ ਤਰਨਤਾਰਨ ਦੇ ਪ੍ਰਧਾਨ ਹਰਮਿੰਦਰ ਸਿੰਘ ਗਿੱਲ ਨੇ ਕੌਂਸਲਰ ਐਡਵੋਕੇਟ ਜਗਮੀਤ ਸਿੰਘ ਭੁੱਲਰ ਦੇ ਗ੍ਰਹਿ ਵਿਖੇ ਕੀਤਾ। ਹਰਮਿੰਦਰ ਸਿੰਘ ਗਿੱਲ ਨੇ ਕਿਹਾ ਕਿ ਕਾਂਗਰਸ ਪਾਰਟੀ ਦੀ ਸਰਕਾਰ ਸਮੇਂ ਵਿਧਾਇਕ ਹੁੰਦਿਆਂ ਬੜੀ ਸਖ਼ਤ ਮਿਹਨਤ ਤੇ ਸ਼ਿੱਦਤ ਨਾਲ ਕੀਤੀ ਗਈ ਜੱਦੋ-ਜਹਿਦ ਤੋਂ ਬਾਅਦ ਉਨ੍ਹਾਂ ਵੱਲੋਂ ਇਸ ਇਲਾਕੇ ਵਿਚ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਨਾਮ ’ਤੇ ਲਾਅ ਯੂਨੀਵਰਸਿਟੀ ਬਣਾਉਣ ਦੀ ਯੋਜਨਾ ਨੂੰ ਪ੍ਰਵਾਨਗੀ ਦਿਵਾਈ ਗਈ ਸੀ। ਪਰ ਆਮ ਆਦਮੀ ਪਾਰਟੀ ਦੀ ਮੌਜੂਦਾ ਸਰਕਾਰ ਨੇ ਇਸ ਯੂਨੀਵਰਸਿਟੀ ਨੂੰ ਬਣਾਉਣ ਦਾ ਕੰਮ ਪੂਰੀ ਤਰ੍ਹਾਂ ਬੰਦ ਕਰ ਦਿੱਤਾ ਹੈ ਅਤੇ ਸਭ ਤੋਂ ਵੱਡੀ ਦੁੱਖ ਦੀ ਗੱਲ ਇਹ ਹੈ ਪੱਟੀ ਦੇ ਜੰਮਪਲ ਅਤੇ ਆਮ ਆਦਮੀ ਪਾਰਟੀ ਦੀ ਸਰਕਾਰ ਦੇ ਮੰਤਰੀ ਲਾਲਜੀਤ ਸਿੰਘ ਭੁੱਲਰ ਵੱਲੋਂ ਯੂਨੀਵਰਸਿਟੀ ਦੇ ਕੰਮ ਨੂੰ ਪੂਰਾ ਕਰਨ ਦੀ ਬਜਾਏ ਇਸਨੂੰ ਸਾਬੋਤਾਜ ਕਰਨ ਦੀਆਂ ਸਾਜ਼ਿਸ਼ਾਂ ਰਚੀਆਂ ਜਾ ਰਹੀਆਂ ਹਨ। ਗਿੱਲ ਨੇ ਕਿਹਾ ਸੰਸਾਰ ਦੇ ਇਕ ਮਹਾਨ ਫਿਲਾਸਫਰ ਨੇ ਕਿਹਾ ਹੈ ਕਿ ਜਿਹੜਾ ਮਨੁੱਖ ਇਕ ਸਕੂਲ ਖੋਲ੍ਹਦਾ ਹੈ ਉਹ ਇਕ ਕੈਦਖਾਨਾ ਬੰਦ ਕਰ ਦਿੰਦਾ ਹੈ। ਪਰ ਇਹ ਤਾਂ ਕੋਈ ਸਕੂਲ ਜਾਂ ਕਾਲਜ ਨਹੀਂ ਸਗੋਂ ਕਾਨੂੰਨ ਦਾ ਇਕ ਮਹਾਂ ਵਿਸ਼ਵ ਵਿਦਿਆਲਾ ਹੈ, ਜਿਸ ਦੇ ਖੁੱਲ੍ਹ ਜਾਣ ਨਾਲ ਸੈਂਕੜੇ ਕੈਦਖਾਨੇ ਬੰਦ ਹੋ ਜਾਣਗੇ। ਉਨ੍ਹਾਂ ਕਿਹਾ ਕਿ 13 ਫਰਵਰੀ ਨੂੰ ਇਸ ਯੂਨੀਵਰਸਿਟੀ ਨੂੰ ਬੰਦ ਕਰਵਾਉਣ ਦੇ ਵਿਰੁੱਧ ਵਿਚ ਕੀਤਾ ਜਾ ਰਿਹਾ ਵਿਸ਼ਾਲ ਰੋਸ ਪ੍ਰਦਰਸ਼ਨ ਪੰਜਾਬ ਸਰਕਾਰ ਨੂੰ ਇਸ ਯੂਨੀਵਰਸਿਟੀ ਦੇ ਕੰਮ ਨੂੰ ਫਿਰ ਤੋਂ ਸ਼ੁਰੂ ਕਰਨ ਲਈ ਮਜਬੂਰ ਕਰ ਦੇਵੇਗਾ ਅਤੇ ਉਨ੍ਹਾਂ ਦਾ ਅਹਿਦ ਹੈ ਕਿ ਇਹ ਮਹਾਨ ਵਿੱਦਿਅਕ ਅਦਾਰਾ ਹਰ ਹਾਲ ਵਿਚ ਬਣਾਇਆ ਜਾਵੇਗਾ ਭਾਵੇਂ ਉਨ੍ਹਾਂ ਨੂੰ ਇਸ ਦੀ ਤਾਮੀਰ ਵਾਸਤੇ ਕੋਈ ਵੀ ਜੱਦੋ-ਜਹਿਦ ਕਰਨੀ ਪਵੇ। ਇਸ ਮੌਕੇ ਦਲਬੀਰ ਸਿੰਘ ਸੇਖੋਂ ਸਾਬਕਾ ਪ੍ਰਧਾਨ ਨਗਰ ਕੌਂਸਲ, ਜਗਮੀਤ ਸਿੰਘ ਭੁੱਲਰ ਕੌਂਸਲਰ, ਸੁਖਵਿੰਦਰ ਸਿੰਘ ਸਿੱਧੂ ਸੰਗਵਾਂ, ਵਿਜੇ ਸ਼ਰਮਾ ਸ਼ਹਿਰੀ ਪ੍ਰਧਾਨ, ਭਾਗ ਸਿੰਘ ਚੱਕਵਾਲੀਆਂ, ਲਖਬੀਰ ਸਿੰਘ ਲੁਹਾਰੀਆਂ, ਕੌਮਲ ਜੈਨ ਕੌਂਸਲਰ, ਕੁਲਵਿੰਦਰ ਸਿੰਘ ਬੱਬਾ ਕੌਂਸਲਰ, ਸਤਨਾਮ ਸਿੰਘ ਭੁੱਲਰ, ਤੀਰਥ ਸੱਭਰਵਾਲ ਕੌਂਸਲਰ, ਰਾਜ ਕੁਮਾਰ ਰਾਜੂ, ਰਣਜੀਤ ਸਿੰਘ ਰਾਣਾ ਬੁੱਟਰ ਪ੍ਰਧਾਨ ਪੰਜਾਬ ਕਾਂਗਰਸ ਕਿਸਾਨ ਸੈੱਲ ਪੱਟੀ, ਸੁਰਜੀਤ ਸਿੰਘ, ਮਨੀ ਸ਼ਰਮਾ, ਸੁਖਵਿੰਦਰ ਮੁੱਛ, ਹਰਪਾਲ ਸਿੰਘ, ਗੁਰਬਚਨ ਸਿੰਘ ਦੁੱਬਲੀ, ਮਨਜੀਤ ਸਿੰਘ ਲਾਟੀ ਕਾਲੇਕੇ, ਕਰਨ ਧਾਰੀਵਾਲ, ਹਰਜਿੰਦਰ ਸਿੰਘ ਬੌਬੀ ਆਦਿ ਹਾਜ਼ਰ ਸਨ।

Related Articles

Leave a Reply

Your email address will not be published. Required fields are marked *

Back to top button