
ਝਬਾਲ, 13 ਮਈ- ਇਕ ਪਾਸੇ ਸਰਕਾਰ ਤੇ ਸਮਾਜ ਸੇਵੀ ਸੰਸਥਾਵਾਂ ਦਿਨੋਂ ਦਿਨ ਵਧ ਰਹੇ ਪ੍ਰਦੂਸ਼ਣ ਅਤੇ ਗਰਮੀ ਨੂੰ ਲੈ ਕੇ ਵੱਧ ਤੋਂ ਵੱਧ ਰੁੱਖ ਲਾਉਣ ਦੀਆਂ ਦੁਹਾਈਆਂ ਪਾ ਰਹੀਆਂ ਹਨ। ਪਰ ਦੂਸਰੇ ਪਾਸੇ ਸਰਕਾਰੀ ਥਾਵਾਂ ਤੇ ਅਦਾਰਿਆਂ ’ਚ ਲੱਗੇ ਪੁਰਾਣੇ ਰੁੱਖਾਂ ਨੂੰ ਕੱਟਿਆ ਜਾ ਰਿਹਾ ਹੈ। ਅਜਿਹਾ ਮਾਮਲਾ ਅੱਡਾ ਗੱਗੋਬੂਹਾ ਦੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ’ਚ ਸਾਹਮਣੇ ਆਇਆ ਹੈ। ਜਿੱਥੇ ਸਕੂਲ ਦੀ ਗਰਾਊਂਡ ਵਿਚ ਲੱਗੇ ਪੁਰਾਣੇ ਰੁੱਖਾਂ ਨੂੰ ਧੜਾ ਧੜ ਕੱਟਿਆ ਜਾ ਰਿਹਾ ਹੈ। ਜਿਸ ਕਰਕੇ ਇਲਾਕੇ ਦੇ ਲੋਕਾਂਂ ਵਿਚ ਕਾਫੀ ਰੋਸ ਵੀ ਪਾਇਆ ਜਾ ਰਿਹਾ ਹੈ। ਇਸ ਸਬੰਧੀ ਪ੍ਰਿੰਸੀਪਲ ਅਤੇ ਅਧਿਆਪਕ ਸੁਖਵੰਤ ਸਿੰਘ ਨੇ ਕਿਹਾ ਕਿ ਸਕੂਲ ਵਿਚ ਆਈ ਗ੍ਰਾਂਟ ਨਾਲ ਨਵੇਂ ਕਮਰੇ ਬਣਾਉਣ ਲਈ ਬਕਾਇਦਾ ਪਸਵਕ ਕਮੇਟੀ ਦਾ ਮਤਾ ਪਾ ਕੇ ਹੀ ਰੁੱਖ ਕੱਟੇ ਹਨ। ਪਰ ਇਸ ਸਬੰਧੀ ਡੀਈਓ ਤਰਨਤਾਰਨ ਸਤਨਾਮ ਸਿੰਘ ਬਾਠ ਨਾਲ ਗੱਲ ਕੀਤੀ ਤਾਂ ਉਨ੍ਹਾਂ ਕਿਹਾ ਕਿ ਪਸਵਕ ਕਮੇਟੀ ਨੂੰ ਕੋਈ ਅਧਿਕਾਰ ਹੀ ਨਹੀਂ ਕਿ ਉਹ ਰੁੱਖ ਕਟਵਾ ਦੇਵੇ। ਉਨ੍ਹਾਂ ਕਿਹਾ ਕਿ ਇਸ ਸਬੰਧੀ ਤਿੰਨ ਵਿਭਾਗਾਂ ਦੀ ਕਮੇਟੀ ਬਣਦੀ ਹੈ ਤੇ ਉਹ ਤਹਿ ਕਰਦੀ ਹੈ ਕਿ ਰੁੱਖ ਕੱਟੇ ਜਾਣੇ ਹਨ ਜਾਂ ਨਹੀਂ। ਉਨ੍ਹਾਂ ਕਿਹਾ ਕਿ ਉਹ ਇਸ ਸਬੰਧੀ ਪੜਤਾਲ ਕਰਕੇ ਲਾਪਰਵਾਹੀ ਵਰਤਣ ਵਾਲਿਆਂ ਖ਼ਿਲਾਫ਼ ਕਾਰਵਾਈ ਕਰਨਗੇ। ਇਸ ਸਬੰਧੀ ਵਣ ਵਿਭਾਗ ਦੇ ਅਧਿਕਾਰੀ ਦਵਿੰਦਰ ਕੁਮਾਰ ਨਾਲ ਗੱਲ ਕੀਤੀ ਤਾਂ ਉਨ੍ਹਾਂ ਕਿਹਾ ਕਿ ਸਕੂਲ ਵਿਭਾਗ ਵੱਲੋਂ ਉਨ੍ਹਾਂ ਨੂੰ ਕੋਈ ਪੱਤਰ ਨਹੀਂ ਮਿਲਿਆ। ਜਦੋਂਕਿ ਇਸ ਸਬੰਧੀ ਪੰਜ ਮੈਂਬਰੀ ਕਮੇਟੀ ਬਣਾਈ ਜਾਂਦੀ ਹੈ ਤੇ ਫਿਰ ਰੁੱਖਾਂ ਦੀ ਕੀਮਤ ਤੈਅ ਕਰਕੇ ਟੈਂਡਰ ਦਿੱਤੇ ਜਾਂਦੇ ਹਨ। ਫਿਰ ਜਾ ਕੇ ਰੁੱਖਾਂ ਨੂੰ ਕੱਟਿਆ ਜਾ ਸਕਦਾ ਹੈ। ਇਸ ਸਬੰਧੀ ਐੱਸਡੀਐੱਮ ਤਰਨਤਾਰਨ ਅਰਵਿੰਦਰਪਾਲ ਸਿੰਘ ਨੇ ਕਿਹਾ ਉਨ੍ਹਾਂ ਨੂੰ ਇਸ ਦੀ ਜਾਣਕਾਰੀ ਨਹੀਂ ਹੈ। ਪਰ ਜੇ ਸਕੂਲ ਕਮੇਟੀ ਨੇ ਬਿਨਾਂ ਮਨਜ਼ੂਰੀ ਤੋਂ ਰੁੱਖ ਕਟਵਾਏ ਹਨ ਤੇ ਉਨ੍ਹਾਂ ਦੇ ਖਿਲਾਫ ਡੀਈਓ ਬਣਦੀ ਕਾਰਵਾਈ ਕਰਨ ਦੇ ਸਮਰੱਥ ਹੈ।



