Punjab

ਗੰਗ ਨਹਿਰ ’ਤੇ ਬਿਨਾਂ ਰੇਲਿੰਗ ਵਾਲੇ ਪੁਲ਼ ਤੋਂ ਡਿੱਗਿਆ ਪਰਿਵਾਰ, ਦੋ ਬੱਚੇ ਰੁੜ੍ਹੇ

ਜਸਵਿੰਦਰ ਸਿੰਘ ਸੰਧੂ/ਬਾਲ ਕਿਸ਼ਨ

ਫਿਰੋਜ਼ਪੁਰ, 23 ਜੁਲਾਈ : ਹਰੀਕੇ ਹੈੱਡ ਤੋਂ ਨਿਕਲਦੀਆਂ ਨਹਿਰਾਂ ’ਤੇ ਸੁਰੱਖਿਆ ਪ੍ਰਬੰਧਾਂ ਦੀ ਘਾਟ ਇਕ ਵਾਰ ਫਿਰ ਭਿਆਨਕ ਹਾਦਸੇ ਦਾ ਕਾਰਨ ਬਣੀ ਹੈ। ਬੁੱਧਵਾਰ ਦੇਰ ਰਾਤ ਪਿੰਡ ਵਰਪਾਲ ਨੇੜੇ ਗੰਗ ਨਹਿਰ ’ਤੇ ਬਣੇ ਇਕ ਬਿਨਾਂ ਰੇਲਿੰਗ ਵਾਲੇ ਪੁਲ਼ ਤੋਂ ਮੋਟਰਸਾਈਕਲ ’ਤੇ ਸਵਾਰ ਇੱਕ ਪਰਿਵਾਰ ਨਹਿਰ ਵਿਚ ਡਿੱਗ ਗਿਆ, ਜਿਸ ਕਾਰਨ ਦੋ ਛੋਟੇ ਬੱਚੇ ਪਾਣੀ ਦੇ ਤੇਜ਼ ਵਹਾਅ ਵਿਚ ਰੁੜ੍ਹ ਗਏ। ਇਹ ਘਟਨਾ ਸਥਾਨਕ ਲੋਕਾਂ ਵਿਚ ਭਾਰੀ ਰੋਸ ਦਾ ਕਾਰਨ ਬਣੀ ਹੈ, ਜਿਨ੍ਹਾਂ ਨੇ ਪ੍ਰਸ਼ਾਸਨ ਵਿਰੁੱਧ ਧਰਨਾ ਸ਼ੁਰੂ ਕਰ ਦਿੱਤਾ ਹੈ। ਹਾਦਸੇ ਦਾ ਸ਼ਿਕਾਰ ਹੋਏ ਜਸਬੀਰ ਸਿੰਘ ਅਤੇ ਮਨਦੀਪ ਕੌਰ ਜੋ ਕਿ ਪਿੰਡ ਵਰਪਾਲਾਂ ਦੇ ਰਹਿਣ ਵਾਲੇ ਹਨ ਨੇ ਦੱਸਿਆ ਕਿ ਉਹ ਰਾਤ ਕਰੀਬ 9 ਵਜੇ ਫਿਰੋਜ਼ਪੁਰ ਤੋਂ ਇੱਕ ਰਿਸ਼ਤੇਦਾਰ ਤੋਂ ਵਾਪਸ ਆਪਣੇ ਘਰ ਜਾ ਰਹੇ ਸਨ। ਜਦੋਂ ਉਹ ਗੰਗ ਨਹਿਰ ’ਤੇ ਬਣੇ ਪੁਲ਼ ਤੋਂ ਲੰਘ ਰਹੇ ਸਨ, ਤਾਂ ਪੁਲ ’ਤੇ ਮਿੱਟੀ ਕਾਰਨ ਹੋਏ ਚਿੱਕੜ ਕਾਰਨ ਉਨ੍ਹਾਂ ਦਾ ਮੋਟਰਸਾਈਕਲ ਤਿਲਕ ਗਿਆ। ਪੁਲ਼ ਦੇ ਕਿਨਾਰੇ ਰੇਲਿੰਗ ਨਾ ਹੋਣ ਕਾਰਨ ਉਹ ਬੱਚਿਆਂ ਸਮੇਤ ਨਹਿਰ ਵਿਚ ਜਾ ਡਿੱਗੇ। ਜਸਬੀਰ ਸਿੰਘ ਅਤੇ ਮਨਦੀਪ ਕੌਰ ਬੜੀ ਮੁਸ਼ਕਿਲ ਨਾਲ ਤੈਰ ਕੇ ਬਾਹਰ ਆ ਗਏ, ਪਰ ਉਨ੍ਹਾਂ ਦੇ ਦੋਵੇਂ ਬੱਚੇ 4 ਸਾਲਾ ਗੁਰਭੇਜ ਸਿੰਘ ਅਤੇ 2 ਸਾਲਾ ਨਿਮਰਤ ਕੌਰ ਪਾਣੀ ਦੇ ਤੇਜ਼ ਵਹਾਅ ਵਿਚ ਰੁੜ੍ਹ ਗਏ। ਪਿੰਡ ਦੇ ਸਰਪੰਚ ਬਲਵਿੰਦਰ ਸਿੰਘ ਨੇ ਦੱਸਿਆ ਕਿ ਪੁਲ਼ ਦੇ ਦੂਜੇ ਪਾਸੇ ਠੇਕੇਦਾਰ ਵੱਲੋਂ ਮਿੱਟੀ ਪਾਈ ਜਾ ਰਹੀ ਸੀ, ਜਿਸ ਕਾਰਨ ਕੁਝ ਮਿੱਟੀ ਪੁਲ਼ ’ਤੇ ਡਿੱਗ ਗਈ ਸੀ ਅਤੇ ਉੱਥੇ ਚਿੱਕੜ ਬਣ ਗਿਆ ਸੀ। ਉਨ੍ਹਾਂ ਨੇ ਇਹ ਵੀ ਕਿਹਾ ਕਿ ਨੇੜਲੇ ਪਿੰਡਾਂ ਚਿਰਾਗ ਵਾਲੀ ਅਤੇ ਕੀਮੇ ਵਾਲਾ ਦੇ ਪੁਲ਼ ਵੀ ਲੰਬੇ ਸਮੇਂ ਤੋਂ ਟੁੱਟੇ ਹੋਏ ਹਨ ਅਤੇ ਅਜੇ ਤੱਕ ਉਨ੍ਹਾਂ ਦੀ ਮੁਰੰਮਤ ਨਹੀਂ ਹੋਈ ਹੈ। ਇਹ ਘਟਨਾ ਪ੍ਰਸ਼ਾਸਨ ਦੀ ਲਾਪਰਵਾਹੀ ਦਾ ਨਤੀਜਾ ਹੈ।

Related Articles

Leave a Reply

Your email address will not be published. Required fields are marked *

Back to top button