Punjab

ਗ੍ਰੰਥੀ ਪਰਿਵਾਰ 2.5 ਕਿੱਲੋ ਹੈਰੋਇਨ ਤੇ 40 ਹਜ਼ਾਰ ਡਰੱਗ ਮਨੀ ਸਮੇਤ ਗ੍ਰਿਫ਼ਤਾਰ

ਅੰਮ੍ਰਿਤਸਰ, 8 ਮਾਰਚ-ਭਾਰਤ-ਪਾਕਿਸਤਾਨ ਸਰਹੱਦ ਤੇ ਸਥਿਤ ਲੋਪੋਕੇ ਪੁਲਿਸ ਥਾਣੇ ਅਧੀਨ ਆਉਂਦੇ ਪਿੰਡ ਗਾਗੜਮਲ ਦੇ ਗ੍ਰੰਥੀ ਜੋਗਾ ਸਿੰਘ ਨੂੰ 2.5 ਕਿੱਲੋ ਹੈਰੋਇਨ, 40000 ਰੁਪਏ ਦੀ ਡਰੱਗ ਮਨੀ ਅਤੇ ਇਕ ਬਾਈਕ ਸਮੇਤ ਗ੍ਰਿਫ਼ਤਾਰ ਕੀਤਾ ਗਿਆ। ਗ੍ਰੰਥੀ ਦੀ ਪਤਨੀ ਤੇ ਭਰਾ ਵੀ ਇਸ ਨਸ਼ੇ ਦੇ ਕਾਰੋਬਾਰ ’ਚ ਸ਼ਾਮਲ ਹਨ। ਪਾਕਿਸਤਾਨ ਨਾਲ ਇਸ ਹੈਰੋਇਨ ਦੇ ਵਪਾਰ ’ਚ ਪਹਿਲੀ ਵਾਰ ਗ੍ਰੰਥੀ ਦਾ ਨਾਂ ਆਉਣ ਨਾਲ ਸੁਰੱਖਿਆ ਏਜੰਸੀਆਂ ਵੀ ਹੈਰਾਨ ਹਨ। ਦੂਜੇ ਪਾਸੇ ਐੱਸਐੱਸਪੀ (ਦਿਹਾਤੀ) ਮਨਿੰਦਰ ਸਿੰਘ ਨੇ ਕਿਹਾ ਕਿ ਮੁਲਜ਼ਮਾਂ ਤੋਂ ਪੁੱਛਗਿੱਛ ਕੀਤੀ ਜਾ ਰਹੀ ਹੈ। ਐੱਸਪੀ (ਡੀ) ਹਰਿੰਦਰ ਸਿੰਘ ਤੇ ਏਸੀਪੀ ਲਖਵਿੰਦਰ ਸਿੰਘ ਕਲੇਰ ਨੇ ਸ਼ੁੱਕਰਵਾਰ ਸ਼ਾਮ ਨੂੰ ਆਪਣੇ ਦਫ਼ਤਰ ’ਚ ਕੀਤੀ ਪ੍ਰੈੱਸ ਕਾਨਫਰੰਸ ’ਚ ਗ੍ਰਿਫ਼ਤਾਰ ਕੀਤੇ ਗਏ ਮੁਲਜ਼ਮਾਂ ਦੀ ਪਛਾਣ ਜੋਗਾ ਸਿੰਘ ਵਾਸੀ ਪਿੰਡ ਗਾਗੜਮਲ, ਉਸ ਦੀ ਪਤਨੀ ਸ਼ਰਨਜੀਤ ਕੌਰ ਤੇ ਭਰਾ ਪੰਜਾਬ ਸਿੰਘ ਵਜੋਂ ਕੀਤੀ। ਐੱਸਪੀ ਨੇ ਦੱਸਿਆ ਕਿ ਸੂਚਨਾ ਮਿਲੀ ਸੀ ਕਿ ਜੋਗਾ ਸਿੰਘ ਗਾਗੜਮਲ ਪਿੰਡ ਦੇ ਗੁਰਦੁਆਰਾ ਸਾਹਿਬ ਬਾਬਾ ਪਾਲਾ ਸ਼ਹੀਦ ਵਿਖੇ ਗ੍ਰੰਥੀ ਵਜੋਂ ਪਾਠ ਕਰਦਾ ਹੈ ਅਤੇ ਉਹ ਹੈਰੋਇਨ ਤਸਕਰੀ ’ਚ ਸ਼ਾਮਲ ਹੈ। ਜਦੋਂ ਪੁਲਿਸ ਨੇ ਮੁਲਜ਼ਮ ਤੋਂ ਪੁੱਛਗਿੱਛ ਸ਼ੁਰੂ ਕੀਤੀ ਤਾਂ ਪਤਾ ਲੱਗਾ ਕਿ ਉਹ ਪਿਛਲੇ ਛੇ ਮਹੀਨਿਆਂ ਤੋਂ ਪਾਕਿਸਤਾਨੀ ਤਸਕਰਾਂ ਦੇ ਸੰਪਰਕ ’ਚ ਸੀ ਅਤੇ ਵਟਸਐਪ ਰਾਹੀਂ ਹੈਰੋਇਨ ਦੀਆਂ ਵੱਡੀਆਂ ਖੇਪਾਂ ਮੰਗਵਾ ਕੇ ਉਨ੍ਹਾਂ ਨੂੰ ਟਿਕਾਣੇ ਲਗਵਾ ਰਿਹਾ ਹੈ। ਪੁਲਿਸ ਟੀਮ ਉਸ ਤੇ ਲਗਾਤਾਰ ਨਜ਼ਰ ਰੱਖ ਰਹੀ ਸੀ। ਹੁਣ ਪੁਲਿਸ ਨੂੰ ਸੂਚਨਾ ਮਿਲੀ ਸੀ ਕਿ ਗ੍ਰੰਥੀ ਜੋਗਾ ਸਿੰਘ ਨੇ ਡਰੋਨ ਰਾਹੀਂ ਪਾਕਿਸਤਾਨ ਤੋਂ ਹੈਰੋਇਨ ਦੀ ਇਕ ਖੇਪ ਉਕਤ ਗੁਰਦੁਆਰਾ ਸਾਹਿਬ ਦੇ ਪਿੱਛੇ ਵਾਲੇ ਖੇਤ ’ਚ ਪਹੁੰਚਾਉਣ ਲਈ ਮੰਗਵਾਈ ਹੈ। ਸ਼ੁੱਕਰਵਾਰ ਨੂੰ ਮੁਲਜਮ ਜੋਗਾ ਸਿੰਘ ਨੇ ਆਪਣੇ ਭਰਾ ਪੰਜਾਬ ਸਿੰਘ ਤੇ ਪਤਨੀ ਸ਼ਰਨਜੀਤ ਕੌਰ ਨਾਲ ਮਿਲ ਕੇ ਖੇਪ ਨੂੰ ਆਪਣੇ ਕਬਜ਼ੇ ’ਚ ਲੈ ਲਿਆ। ਇਸ ਤੋਂ ਬਾਅਦ ਤਿੰਨੇ ਮੁਲਜਮ ਇਕ ਬਾਈਕ ਤੇ ਪਿੰਡ ਬਚੀਵਿੰਡ ’ਚ ਇਸ ਢਾਈ ਕਿਲੋਗ੍ਰਾਮ ਹੈਰੋਇਨ, ਚਾਲੀ ਹਜ਼ਾਰ ਰੁਪਏ ਤੇ ਪੰਜ ਸੌ ਰੁਪਏ ਦੀ ਡਰੱਗ ਮਨੀ ਨੂੰ ਲੁਕਾਉਣ ਜਾ ਰਹੇ ਸਨ। ਪੁਲਿਸ ਨੇ ਨਾਕਾਬੰਦੀ ਕਰ ਕੇ ਤਿੰਨਾਂ ਨੂੰ ਗ੍ਰਿਫ਼ਤਾਰ ਕਰ ਲਿਆ। ਤਲਾਸ਼ੀ ਦੌਰਾਨ ਉਨ੍ਹਾਂ ਦੇ ਕਬਜ਼ੇ ’ਚੋਂ 2 ਕਿੱਲੋ 508 ਗ੍ਰਾਮ ਹੈਰੋਇਨ ਤੇ 40,500 ਰੁਪਏ ਦੀ ਡਰੱਗ ਮਨੀ ਬਰਾਮਦ ਕਰ ਲਈ। ਪੰਜ ਕਿੱਲੋ ਹੈਰੋਇਨ ਸਮੇਤ ਤਿੰਨ ਗ੍ਰਿਫ਼ਤਾਰ ਇਕ ਹੋਰ ਮਾਮਲੇ ’ਚ ਘਰਿੰਡਾ ਥਾਣੇ ਦੀ ਪੁਲਿਸ ਨੇ ਤਿੰਨ ਤਸਕਰਾਂ ਨੂੰ ਪੰਜ ਕਿੱਲੋਗ੍ਰਾਮ ਹੈਰੋਇਨ ਤੇ ਦਸ ਹਜ਼ਾਰ ਡਰੱਗ ਮਨੀ ਸਮੇਤ ਗ੍ਰਿਫ਼ਤਾਰ ਕੀਤਾ ਹੈ। ਐੱਸਪੀ ਹਰਿੰਦਰ ਸਿੰਘ ਨੇ ਪ੍ਰੈੱਸ ਕਾਨਫਰੰਸ ’ਚ ਮੁਲਜ਼ਮਾਂ ਦੀ ਪਛਾਣ ਦਿਲਬਾਗ ਸਿੰਘ ਉਰਫ਼ ਜੱਜ ਵਾਸੀ ਡਾਲੇਕੇ ਪਿੰਡ ਲੋਪੋਕੇ, ਅਰਸ਼ਦੀਪ ਸਿੰਘ ਉਰਫ਼ ਅਰਸ਼ ਤੇ ਸੈਮੂਅਲ ਮਸੀਹ ਉਰਫ਼ ਸੈਮ ਵਾਸੀ ਵਾਰਡ ਨੰਬਰ 6 ਫਤਿਹਗੜ੍ਹ ਚੂੜੀਆਂ ਬਟਾਲਾ ਵਜੋਂ ਕੀਤੀ। ਮੁਲਜ਼ਮ ਇਕ ਬਾਈਕ ਤੇ ਹੈਰੋਇਨ ਦੀ ਖੇਪ ਸਪਲਾਈ ਕਰਨ ਜਾ ਰਹੇ ਸਨ। ਪੁਲਿਸ ਨੇ ਨਾਕਾਬੰਦੀ ਕਰ ਲਈ ਤੇ ਤਿੰਨਾਂ ਨੂੰ ਫੜ ਲਿਆ। ਤਲਾਸ਼ੀ ਦੌਰਾਨ ਉਨ੍ਹਾਂ ਦੇ ਕਬਜ਼ੇ ਵਿਚੋਂ ਪੰਜ ਕਿੱਲੋ ਹੈਰੋਇਨ, 10000 ਰੁਪਏ ਦੀ ਡਰੱਗ ਮਨੀ ਤੇ ਤਿੰਨ ਮੋਬਾਈਲ ਫੋਨ ਬਰਾਮਦ ਹੋਏ। ਤਿੰਨਾਂ ਮੁਲਜ਼ਮਾਂ ਤੋਂ ਪੁੱਛਗਿੱਛ ਜਾਰੀ ਹੈ।

Related Articles

Leave a Reply

Your email address will not be published. Required fields are marked *

Back to top button