ਗ੍ਰੰਥੀ ਦੀਆਂ 3 ਧੀਆਂ ਨੇ ਪਾਸ ਕੀਤੀ UGC ਨੈੱਟ ਦੀ ਪ੍ਰੀਖਿਆ, ਪਿਤਾ ਗ੍ਰੰਥੀ ਤੇ ਮਾਂ ਕਰਦੀ ਹੈ ਖੇਤਾਂ ‘ਚ ਦਿਹਾੜੀ

ਮਾਨਸਾ, 29 ਜੁਲਾਈ : ਯੂਨੀਵਰਸਿਟੀ ਗਰਾਂਟ ਕਮੀਸ਼ਨ ਵੱਲੋਂ ਨੈੱਟ ਦੇ ਐਲਾਨੇ ਨਤੀਜੇ ਵਿੱਚ ਬੁਢਲਾਡਾ ਦੇ ਇੱਕੋ ਘਰ ਦੀਆਂ ਤਿੰਨ ਬੇਟੀਆਂ ਰਿੰਪੀ ਕੌਰ, ਬੇਅੰਤ ਅਤੇ ਹਰਦੀਪ ਕੌਰ ਨੇ ਕ੍ਰਮਵਾਰ ਕੰਪਿਊਟਰ ਸਾਇੰਸ, ਇਤਿਹਾਸ ਅਤੇ ਪੰਜਾਬੀ ਵਿਸ਼ਿ੍ਆਂ ਦੀ ਪ੍ਰੀਖਿਆ ਨੂੰ ਪਾਸ ਕਰ ਮਾਪਿਆਂ ਦਾ ਨਾਮ ਰੌਸ਼ਨ ਕੀਤਾ ਹੈ। ਪਿਤਾ ਬਿੱਕਰ ਸਿੰਘ ਗੁਰਦੁਆਰਿਆਂ ’ਚ ਗ੍ਰੰਥੀ ਵੱਜੋਂ ਸੇਵਾ ਨਿਭਾਉਂਦਾ ਹੈ ਜਦਕਿ ਮਾਤਾ ਮਨਜੀਤ ਕੌਰ ਵੀ ਖੇਤਾਂ ਵਿਚ ਕੰਮ ਕਰਦੀ ਹੈ। ਪਰਿਵਾਰ ਵਿਚ ਇੱਕ ਬੇਟਾ ਵੀ ਹੈ ਜੋ ਮਾਨਸਿਕ ਤੌਰ ਤੇ ਬਿਮਾਰ ਹੈ ਅਤੇ ਕੋਈ ਕੰਮ ਕਾਰ ਨਹੀ ਕਰ ਸਕਦਾ। ਜ਼ਿਕਰਯੋਗ ਇਹ ਹੈ ਕਿ ਇਨ੍ਹਾਂ ਤਿੰਨਾਂ ਭੈਣਾਂ ਨੇ ਪੇਪਰ ਦੀ ਤਿਆਰੀ ਲਈ ਕਿਸੇ ਵੀ ਅਕੈਡਮੀ ਵਿੱਚ ਦਾਖ਼ਲਾ ਨਹੀਂ ਲਿਆ। ਅਕੈਡਮੀਆਂ ਵਿੱਚ ਭਰਨ ਲਈ ਪੈਸੇ ਨਾ ਹੋਣ ਕਾਰਨ ਘਰ ਵਿੱਚ ਹੀ ਬੈਠ ਕੇ ਆਪਣੀ ਪੜ੍ਹਾਈ ਨੂੰ ਜਾਰੀ ਰੱਖਿਆ ਅਤੇ ਸਫ਼ਲਤਾ ਪ੍ਰਾਪਤ ਕੀਤੀ। ਇਹ ਭੈਣਾਂ ਅੱਜ ਬਹੁਤ ਸਾਰੇ ਮਾਪਿਆਂ ਅਤੇ ਵਿਦਿਆਰਥੀਆਂ ਲਈ ਪ੍ਰੇਰਨਾ ਸ੍ਰੋਤ ਬਣੀਆਂ ਹਨ। ਵਿਦਿਆਰਥੀਆਂ ਨੂੰ ਇਨ੍ਹਾਂ ਤੋਂ ਸੇਧ ਲੈਣੀ ਚਾਹੀਦੀ ਹੈ। ਈਟੀਟੀ ਅਧਿਆਪਕ ਗੁਲਜ਼ਾਰ ਸਿੰਘ ਨੇ ਦੱਸਿਆ ਕਿ ਇਨ੍ਹਾਂ ਭੈਣਾਂ ਦਾ ਇੱਕ ਭਰਾ ਕਾਫ਼ੀ ਸਮੇਂ ਤੋਂ ਦਿਮਾਗੀ ਬਿਮਾਰੀ ਦਾ ਸ਼ਿਕਾਰ ਹੈ ਅਤੇ ਕੁਝ ਕੰਮ ਨਹੀਂ ਕਰ ਰਿਹਾ ਹੈ। 2016 ‘ਚ ਪੰਜਾਬ ਪੁਲਿਸ ਦੀ ਤਿਆਰੀ ਕਰਦਾ ਸੀ ਫ਼ਿਰ ਉਹ ਬਿਮਾਰ ਹੋ ਗਿਆ। ਹੁਣ ਠੀਕ ਹੈ। ਉਸ ਦੀਆਂ ਦਵਾਈਆਂ ’ਤੇ ਇੱਕ ਮਹੀਨੇ ਦਾ ਤਕਰੀਬਨ 10 ਹਜ਼ਾਰ ਖਰਚਾ ਆ ਰਿਹਾ ਹੈ। ਪਿਤਾ ਬਿੱਕਰ ਸਿੰਘ ਗ੍ਰੰਥੀ ਵੱਜੋਂ ਅਲੱਗ ਅਲੱਗ ਗੁਰਦੁਆਰਾ ਸਾਹਿਬ ’ਚ ਜਾ ਕੇ ਗ੍ਰੰਥੀ ਵੱਜੋਂ ਸੇਵਾ ਨਿਭਾਅ ਰਹੇ ਹਨ। ਬਿੱਕਰ ਸਿੰਘ ਨੇ ਦੱਸਿਆ ਕਿ ਇਨ੍ਹਾਂ ਦੀ ਪ੍ਰਾਪਤੀ ਬਹੁਤ ਵੱਡੀ ਹੈ ਅਤੇ ਸਾਨੂੰ ਆਪਣੀਆਂ ਧੀਆਂ ‘ਤੇ ਮਾਣ ਹੈ। ਅਸੀਂ ਕਦੇ ਵੀ ਧੀਆਂ ਨੂੰ ਬੋਝ ਨਹੀਂ ਸਮਝਿਆ ਅਤੇ ਲੋਕਾਂ ਨੂੰ ਵੀ ਅਪੀਲ ਕਰਦਾ ਹਾਂ ਕਿ ਉਹ ਆਪਣੀਆਂ ਧੀਆਂ ਨੂੰ ਤਰਜੀਹ ਦੇਣ।



