
ਜਲੰਧਰ, 18 ਜੁਲਾਈ : ਭਾਰਗੋ ਕੈਂਪ ’ਚ ਹੋਏ ਵਿਵਾਦ ਦੌਰਾਨ ਇਕ ਨੌਜਵਾਨ ਦੀ ਮੌਤ ਹੋ ਗਈ ਸੀ ਤੇ ਦੋ ਬੁਰੀ ਤਰ੍ਹਾਂ ਜ਼ਖ਼ਮੀ ਹੋ ਗਏ ਸਨ। ਜ਼ਖਮੀ ਵੱਡੇ ਭਰਾ ਲੋਕੇਸ਼ ਦੀ ਹਾਲਤ ਗੰਭੀਰ ਹੈ ਕਿਉਂਕਿ ਉਸਦੇ ਸਿਰ ਤੇ ਡੂੰਘੇ ਜ਼ਖ਼ਮ ਹਨ, ਜਦੋਂਕਿ ਛੋਟੇ ਭਰਾ ਵਿਸ਼ਾਲ ਨੂੰ ਆਈਸੀਯੂ ਤੋਂ ਜਨਰਲ ਵਾਰਡ ’ਚ ਤਬਦੀਲ ਕਰ ਦਿੱਤਾ ਗਿਆ ਹੈ। ਪੁਲਿਸ ਨੇ ਵੀਰਵਾਰ ਨੂੰ ਗ੍ਰਿਫ਼ਤਾਰ ਧਰੁਵ ਤੇ ਸੁਨੀਲ ਨੂੰ ਦੁਬਾਰਾ ਅਦਾਲਤ ’ਚ ਪੇਸ਼ ਕੀਤਾ ਤੇ ਉਨ੍ਹਾਂ ਨੂੰ ਦੋ ਦਿਨ ਦੇ ਰਿਮਾਂਡ ਤੇ ਲੈ ਲਿਆ। ਰਿਮਾਂਡ ਦੌਰਾਨ ਪੁਲਿਸ ਨੂੰ ਪਤਾ ਲੱਗਾ ਕਿ ਧਰੁਵ ਨੇ ਪਹਿਲਾਂ ਮ੍ਰਿਤਕ ਵਰੁਣ ਤੇ ਹਮਲਾ ਕੀਤਾ ਸੀ ਤੇ ਉਸਨੂੰ ਦੇਖ ਕੇ ਬਾਕੀ ਸਾਥੀਆਂ ਨੇ ਹਮਲਾ ਕਰਨਾ ਸ਼ੁਰੂ ਕਰ ਦਿੱਤਾ। ਚਾਰ ਦਿਨਾਂ ਤੋਂ ਫਰਾਰ ਸੋਨੂੰ ਪੰਡਿਤ ਨੂੰ ਫੜਨ ਲਈ ਪੁਲਿਸ ਨੇ ਉਸਦੇ ਰਿਸ਼ਤੇਦਾਰਾਂ ਸਮੇਤ ਉਸਦੇ ਘਰ ਛਾਪਾ ਮਾਰਿਆ ਪਰ ਉਹ ਨਹੀਂ ਮਿਲਿਆ। ਪੁਲਿਸ ਨੂੰ ਇਨਪੁੱਟ ਮਿਲਿਆ ਹੈ ਕਿ ਉਹ ਦਿੱਲੀ ਵੱਲ ਭੱਜ ਗਿਆ ਹੈ। ਪੁਲਿਸ ਨੇ ਮੁਲ਼ਜ਼ਮ ਨੂੰ ਫੜਨ ਲਈ ਵੱਖ-ਵੱਖ ਟੀਮਾਂ ਬਣਾਈਆਂ ਹਨ ਤੇ ਪਰਿਵਾਰ ਤੇ ਉਸਨੂੰ ਪੇਸ਼ ਕਰਨ ਲਈ ਦਬਾਅ ਪਾਇਆ ਹੈ। ਭਾਰਗੋ ਕੈਂਪ ਥਾਣੇ ਦੇ ਇੰਚਾਰਜ ਸੁਖਵੰਤ ਸਿੰਘ ਨੇ ਕਿਹਾ ਕਿ ਉਨ੍ਹਾਂ ਦੀਆਂ ਟੀਮਾਂ ਮੁਲ਼ਜ਼ਮ ਨੂੰ ਫੜਨ ਦੀ ਕੋਸ਼ਿਸ਼ ਕਰ ਰਹੀਆਂ ਹਨ ਤੇ ਜਲਦੀ ਹੀ ਉਸਨੂੰ ਗ੍ਰਿਫ਼ਤਾਰ ਕਰ ਲੈਣਗੀਆਂ। ਜ਼ਿਕਰਯੋਗ ਹੈ ਕਿ ਐਤਵਾਰ ਰਾਤ ਨੂੰ ਭਾਰਗੋ ਕੈਂਪ ’ਚ ਪੁਰਾਣੀ ਦੁਸ਼ਮਣੀ ਕਾਰਨ ਦੋ ਗੁੱਟਾਂ ਵਿਚਕਾਰ ਖੂਨੀ ਲੜਾਈ ਹੋਈ ਸੀ, ਜਿਸ ’ਚ ਭਾਰਗੋ ਕੈਂਪ ਦੇ ਰਹਿਣ ਵਾਲੇ ਵਰੁਣ ਦੀ ਮੌਤ ਹੋ ਗਈ ਸੀ ਤੇ ਉਸਦੇ ਚਚੇਰੇ ਭਰਾ ਲੋਕੇਸ਼ ਤੇ ਵਿਸ਼ਾਲ ਗੰਭੀਰ ਜ਼ਖਮੀ ਹੋ ਗਏ ਸਨ। ਪੁਲਿਸ ਨੇ ਕਤਲ ਦਾ ਮਾਮਲਾ ਦਰਜ ਕਰ ਕੇ ਭਾਰਗੋ ਕੈਂਪ ਦੇ ਰਹਿਣ ਵਾਲੇ ਧਰੁਵ ਤੇ ਸੁਨੀਲ ਨੂੰ ਗ੍ਰਿਫ਼ਤਾਰ ਕਰ ਕੇ ਅਦਾਲਤ ’ਚ ਪੇਸ਼ ਕ ਰਕੇ ਦੋ ਦਿਨ ਦਾ ਰਿਮਾਂਡ ਲਿਆ ਹੈ। ਜਦ ਕਿ ਇਸ ਮਾਮਲੇ ’ਚ ਫਰਾਰ ਸੋਨੂ ਪੰਡਿਤ ਹਾਲੇ ਤਕ ਪੁਲਿਸ ਦੇ ਹੱਥੇ ਨਹੀਂ ਚੜ੍ਹਿਆ।



