
ਜਲੰਧਰ, 18 ਜੁਲਾਈ : ਕਮਿਸ਼ਨਰੇਟ ਪੁਲਿਸ ਦੇ ਦੋ ਵੱਖ-ਵੱਖ ਥਾਣਿਆਂ ਦੀਆਂ ਪੁਲਿਸ ਟੀਮਾਂ ਨੇ ਖੁੱਲ੍ਹੇ ’ਚ ਨਸ਼ੀਲੇ ਪਦਾਰਥਾਂ ਦਾ ਸੇਵਨ ਕਰਨ ਵਾਲੇ ਦੋ ਨਸ਼ਾ ਤਸਕਰਾਂ ਨੂੰ ਫੜਿਆ। ਪੁਲਿਸ ਨੇ ਮੁਲਜ਼ਮਾਂ ਦੇ ਕਬਜ਼ੇ ’ਚੋਂ ਚਾਂਦੀ ਦੇ ਫੋਇਲ, ਲਾਈਟਰ ਤੇ ਨਸ਼ੀਲੇ ਪਦਾਰਥ ਬਰਾਮਦ ਕੀਤੇ। ਮੁਲਜ਼ਮਾਂ ਦੀ ਪਛਾਣ ਜਸ਼ਨਪ੍ਰੀਤ ਸਿੰਘ ਵਾਸੀ ਕੰਗਨੀਵਾਲ ਤੇ ਸੌਰਭ ਵਾਸੀ ਜੀਵਨ ਸਿੰਘ ਨਗਰ ਵਜੋਂ ਹੋਈ ਹੈ। ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰਨ ਤੋਂ ਬਾਅਦ ਪੁਲਿਸ ਨੇ ਪਰਿਵਾਰਕ ਮੈਂਬਰਾਂ ਨੂੰ ਸੂਚਿਤ ਕੀਤਾ ਤੇ ਨੌਜਵਾਨਾਂ ਵਿਰੁੱਧ ਐੱਨਡੀਪੀਐੱਸ ਐਕਟ ਤਹਿਤ ਮਾਮਲਾ ਦਰਜ ਕੀਤਾ। ਜਾਣਕਾਰੀ ਅਨੁਸਾਰ ਥਾਣਾ ਇਕ ਦੇ ਏਐੱਸਆਈ ਸ਼ਾਮ ਲਾਲ ਪੁਲਿਸ ਟੀਮ ਦੇ ਨਾਲ ਨਾਕਾਬੰਦੀ ਦੌਰਾਨ ਬਲਰਟਨ ਪਾਰਕ ਨੇੜੇ ਮੌਜੂਦ ਸਨ, ਜਿੱਥੇ ਉਨ੍ਹਾਂ ਨੂੰ ਗੁਪਤ ਸੂਚਨਾ ਮਿਲੀ ਕਿ ਇਕ ਨੌਜਵਾਨ ਪਾਰਕ ਦੇ ਅੰਦਰ ਖੁੱਲ੍ਹੇ ’ਚ ਬੈਠਾ ਨਸ਼ੀਲੇ ਪਦਾਰਥਾਂ ਦਾ ਸੇਵਨ ਕਰ ਰਿਹਾ ਹੈ, ਜਿਸ ਤੋਂ ਬਾਅਦ ਉਹ ਪੁਲਿਸ ਟੀਮ ਨਾਲ ਪਾਰਕ ’ਚ ਪਹੁੰਚੇ, ਜਿੱਥੇ ਪੁਲਿਸ ਨੂੰ ਦੇਖ ਕੇ ਜਸ਼ਨਪ੍ਰੀਤ ਨੇ ਮੌਕੇ ਤੋਂ ਭੱਜਣ ਦੀ ਕੋਸ਼ਿਸ਼ ਕੀਤੀ ਪਰ ਪੁਲਿਸ ਨੇ ਉਸਨੂੰ ਫੜ ਲਿਆ। ਪੁਲਿਸ ਨੇ ਉਸ ਕੋਲੋਂ ਚਾਂਦੀ ਦੀ ਫੁਆਇਲ, ਦਸ ਰੁਪਏ ਦਾ ਇਕ ਸੜਿਆ ਹੋਇਆ ਨੋਟ ਤੇ ਇਕ ਲਾਈਟਰ ਬਰਾਮਦ ਕੀਤਾ। ਇਸੇ ਤਰ੍ਹਾਂ ਥਾਣਾ ਨੰਬਰ ਸੱਤ ਦੀ ਪੁਲਿਸ ਟੀਮ ਦੇ ਏਐੱਸਆਈ ਸੁਰਿੰਦਰ ਪਾਲ ਵਿਜੇ ਕਾਲੋਨੀ ਨੇੜੇ ਮੌਜੂਦ ਸਨ, ਜਿੱਥੇ ਉਨ੍ਹਾਂ ਨੂੰ ਕਾਲੋਨੀ ਦੇ ਨੇੜੇ ਇਕ ਖੁੱਲ੍ਹੇ ਪਲਾਟ ’ਚ ਇਕ ਨੌਜਵਾਨ ਨਸ਼ੀਲੇ ਪਦਾਰਥਾਂ ਦਾ ਸੇਵਨ ਕਰਦਾ ਮਿਲਿਆ। ਉਨ੍ਹਾਂ ਨੇ ਪੁਲਿਸ ਟੀਮ ਦੇ ਨਾਲ ਮਿਲ ਕੇ ਸੌਰਭ ਨੂੰ ਫੜ ਲਿਆ। ਪੁਲਿਸ ਨੇ ਉਸ ਕੋਲੋਂ ਚਾਂਦੀ ਦੇ ਪੈਂਡੈਂਟ, ਲਾਈਟਰ ਤੇ ਦਸ ਰੁਪਏ ਦਾ ਇਕ ਨੋਟ ਬਰਾਮਦ ਕੀਤਾ। ਦੋਵਾਂ ਨੌਜਵਾਨਾਂ ਨੂੰ ਗ੍ਰਿਫ਼ਤਾਰ ਕਰਨ ਤੋਂ ਬਾਅਦ ਪੁਲਿਸ ਨੇ ਉਨ੍ਹਾਂ ਖ਼ਿਲਾਫ਼ ਐੱਨਡੀਪੀਐੱਸ ਐਕਟ ਤਹਿਤ ਮਾਮਲਾ ਦਰਜ ਕਰ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ।



