Punjab

ਗੋਇੰਦਵਾਲ ਸਾਹਿਬ ਦੀ ਜੇਲ੍ਹ ’ਚ 23 ਸਾਲਾ ਹਵਾਲਾਤੀ ਨੇ ਕੀਤੀ ਖ਼ੁਦਕੁਸ਼ੀ, ਪੇਸ਼ੀ ਤੋਂ ਗ਼ੈਰ ਹਾਜ਼ਰ ਰਹਿਣ ਕਾਰਨ ਭੇਜਿਆ ਸੀ ਜੇਲ੍ਹ

ਸ਼੍ਰੀ ਗੋਇੰਦਵਾਲ ਸਾਹਿਬ, 24 ਅਪ੍ਰੈਲ-ਗੋਇੰਦਵਾਲ ਸਾਹਿਬ ਦੀ ਕੇਂਦਰੀ ਜੇਲ੍ਹ ’ਚ ਇਕ ਦਿਨ ਪਹਿਲਾਂ ਲਿਆਂਦੇ ਗਏ 23 ਸਾਲਾ ਪਵਨਦੀਪ ਸਿੰਘ ਨਾਮਕ ਨੌਜਵਾਨ ਨੇ ਫਾਹਾ ਲੈ ਕੇ ਖ਼ੁਦਕੁਸ਼ੀ ਕਰ ਲਈ। ਥਾਣਾ ਗੋਇੰਦਵਾਲ ਸਾਹਿਬ ਦੀ ਪੁਲਿਸ ਨੇ ਲਾਸ਼ ਕਬਜ਼ੇ ’ਚ ਲੈ ਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਮ੍ਰਿਤਕ ਨੌਜਵਾਨ ਦੇ ਪਿਤਾ ਮੰਗਲ ਸਿੰਘ ਵਾਸੀ ਗੁੰਮਟਾਲਾ ਕਾਲੋਨੀ ਅੰਮਿਤਸਰ ਤੇ ਪਿੰਡ ਦੇ ਮੌਜੂਦਾ ਸਰਪੰਚ ਗੁਰਮੀਤ ਸਿੰਘ ਗਿੱਲ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਪਵਨਦੀਪ ਸਿੰਘ ਪ੍ਰਿੰਸ ਕਿਸੇ ਲੜਾਈ-ਝਗੜੇ ਦੇ ਮਾਮਲੇ ’ਚ ਪੇਸ਼ੀ ਤੋਂ ਗੈਰ ਹਾਜ਼ਰ ਹੋਇਆ ਸੀ। ਜਦੋਂ ਉਹ ਅਦਾਲਤ ’ਚ ਤਰੀਕ ਭੁਗਤਣ ਲਈ ਗਿਆ ਤਾਂ ਅਦਾਲਤ ਵੱਲੋਂ ਉਸ ਨੂੰ ਜੇਲ੍ਹ ਭੇਜ ਦਿੱਤਾ ਗਿਆ, ਜਿਸ ਤੋਂ ਬਾਅਦ ਉਸ ਨੂੰ ਅੰਮ੍ਰਿਤਸਰ ਦੀ ਜੇਲ੍ਹ ’ਚ ਰੱਖਿਆ ਗਿਆ ਅਤੇ ਲੰਘੇ ਦਿਨ ਹੀ ਉਸ ਨੂੰ ਗੋਇੰਦਵਾਲ ਸਾਹਿਬ ਦੀ ਜੇਲ੍ਹ ’ਚ ਤਬਦੀਲ ਕੀਤਾ ਗਿਆ ਸੀ। ਜਿਥੇ ਬੁੱਧਵਾਰ ਸਵੇਰੇ ਉਸ ਨੇ ਬੈਰਕ ਦੇ ਬਾਥਰੂਮ ’ਚ ਫਾਹਾ ਲੈ ਲਿਆ। ਜੇਲ੍ਹ ਅਧਿਕਾਰੀ ਉਸ ਨੂੰ ਹਸਪਤਾਲ ਲੈ ਕੇ ਗਏ, ਜਿਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ। ਸਰਪੰਚ ਗੁਰਮੀਤ ਸਿੰਘ ਨੇ ਦੱਸਿਆ ਕਿ ਮ੍ਰਿਤਕ ਗਰੀਬ ਪਰਿਵਾਰ ਨਾਲ ਸਬੰਧ ਰੱਖਦਾ ਸੀ। ਇਸ ਲਈ ਸਰਕਾਰ ਪਰਿਵਾਰ ਦੀ ਕੋਈ ਆਰਥਿਕ ਸਹਾਇਤਾ ਜ਼ਰੂਰ ਕਰੇ। ਮੌਕੇ ’ਤੇ ਪੁੱਜੀ ਥਾਣਾ ਗੋਇੰਦਵਾਲ ਸਾਹਿਬ ਦੀ ਪੁਲਿਸ ਨੇ ਪਵਨਦੀਪ ਸਿੰਘ ਦੀ ਲਾਸ਼ ਨੂੰ ਕਬਜ਼ੇ ’ਚ ਲੈ ਕੇ ਸਿਵਲ ਹਸਪਤਾਲ ਤਰਨਤਾਰਨ ਦੇ ਮੁਰਦਾਘਰ ਭੇਜ ਦਿੱਤਾ। ਡੀਐੱਸਪੀ ਗੋਇੰਦਵਾਲ ਸਾਹਿਬ ਅਤੁਲ ਸੋਨੀ ਨੇ ਕਿਹਾ ਕਿ ਫਿਲਹਾਲ ਲਾਸ਼ ਦਾ ਪੋਸਟਮਾਰਟਮ ਕਰਵਾਇਆ ਜਾ ਰਿਹਾ ਹੈ ਅਤੇ ਜੋ ਵੀ ਰਿਪੋਰਟ ਆਵੇਗੀ, ਉਸ ਮੁਤਾਬਕ ਅਗਲੀ ਕਾਰਵਾਈ ਕੀਤੀ ਜਾਵੇਗੀ।

Related Articles

Leave a Reply

Your email address will not be published. Required fields are marked *

Back to top button