
ਬਰਨਾਲਾ, 25 ਜੁਲਾਈ : ਬਰਨਾਲਾ ਦੇ ਕ੍ਰਿਸ਼ਨਾ ਸਟਰੀਟ ਵਿਖੇ ਕੁਝ ਦਿਨ ਪਹਿਲਾਂ ਇਕ ਘਰ ’ਚ ਰਸੋਈ ’ਚ ਕੰਮ ਕਰਦੇ ਹੋਏ ਸਲੰਡਰ ਲੀਕ ਹੋਣ ਕਰ ਕੇ ਅਚਾਨਕ ਅੱਗ ਲੱਗ ਗਈ ਸੀ। ਇਸ ’ਚ ਮਹਿਲਾ ਤੇ ਉਸ ਦੀ ਲੜਕੀ ਬੁਰੀ ਤਰ੍ਹਾਂ ਝੁਲਸ ਗਏ। ਜਿਨ੍ਹਾਂ ਨੂੰ ਇਲਾਜ ਲਈ ਸਿਵਲ ਹਸਪਤਾਲ ਬਰਨਾਲਾ ਵਿਖੇ ਭਰਤੀ ਕਰਵਾਇਆ ਗਿਆ ਸੀ। ਪਰ ਉਨ੍ਹਾਂ ਦੀ ਹਾਲਤ ਨਾਜ਼ੁਕ ਵੇਖਦਿਆਂ ਉਨ੍ਹਾਂ ਨੂੰ ਫ਼ਰੀਦਕੋਟ ਰੈਫਰ ਕਰ ਦਿੱਤਾ ਸੀ। ਉੱਥੇ ਹੀ ਇਲਾਜ ਦੇ ਦੌਰਾਨ ਮਹਿਲਾ ਦੀ ਮੌਤ ਹੋ ਗਈ। ਥਾਣਾ ਸਿਟੀ ਇਕ ਦੇ ਐੱਸਐੱਚਓ ਇੰਸਪੈਕਟਰ ਲਖਵਿੰਦਰ ਸਿੰਘ ਨੇ ਦੱਸਿਆ ਕਿ ਪੱਕਾ ਕਾਲਜ ਰੋਡ ਕ੍ਰਿਸ਼ਨਾ ਗਲੀ ’ਚ ਲੰਘੀਂ 14 ਜੁਲਾਈ ਸ਼ਾਮ ਨੂੰ ਘਰ ’ਚ ਚਾਹ ਬਣਾਉਣ ਦੌਰਾਨ ਗੈਸ ਸਿਲੰਡਰ ਦੀ ਪਾਈਪ ’ਚੋਂ ਗੈਸ ਲੀਕ ਹੋਣ ’ਤੇ ਅਚਾਨਕ ਹੀ ਅੱਗ ਲੱਗ ਗਈ ਸੀ। ਜਿਸ ’ਚ ਮਹਿਲਾ ਮਨਜੀਤ ਕੌਰ (50) ਪਤਨੀ ਜਸਵਿੰਦਰ ਸਿੰਘ ਤੇ ਉਸ ਦੀ ਲੜਕੀ ਅਨਮੋਲ ਜੀਤ ਕੌਰ (20) ਦੋਵੇਂ ਬੁਰੀ ਤਰਹਾਂ ਝੁਲਸ ਗਈਆਂ ਸਨ। ਜਿਨ੍ਹਾਂ ਨੂੰ ਸਿਵਲ ਹਸਪਤਾਲ ਬਰਨਾਲਾ ਵਿਖੇ ਭਰਤੀ ਕਰਵਾਇਆ ਗਿਆ ਸੀ। ਪਰ ਉਨ੍ਹਾਂ ਦੀ ਹਾਲਤ ਨੂੰ ਨਾਜੁਕ ਦੇਖਦਿਆਂ ਦੋਵੇਂ ਮਰੀਜ਼ਾਂ ਨੂੰ ਫ਼ਰੀਦਕੋਟ ਸਿਵਲ ਹਸਪਤਾਲ ਵਿਖੇ ਰੈਫਰ ਕਰ ਦਿੱਤਾ ਗਿਆ ਸੀ। ਉਨ੍ਹਾਂ ਦੱਸਿਆ ਕਿ ਇਲਾਜ ਦੌਰਾਨ ਮਹਿਲਾ ਮਨਜੀਤ ਕੌਰ ਦੀ ਬੀਤੀ ਦੇਰ ਸ਼ਾਮ ਫ਼ਰੀਦਕੋਟ ਹਸਪਤਾਲ ਵਿਖੇ ਮੌਤ ਹੋ ਗਈ। ਇਸ ਸਬੰਧ ’ਚ ਥਾਣਾ ਸਿਟੀ ਇਕ ਦੇ ਡਿਊਟੀ ਅਫਸਰ ਹੈੱਡ ਕਾਂਸਟੇਬਲ ਗੁਰਸੇਵਕ ਸਿੰਘ ਦੇ ਵੱਲੋਂ ਮ੍ਰਿਤਕ ਮਹਿਲਾ ਦੇ ਪਤੀ ਜਸਵਿੰਦਰ ਸਿੰਘ ਦੇ ਬਿਆਨ ਦਰਜ ਕਰ ਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ।



