
ਹੁਸ਼ਿਆਰਪੁਰ, 24 ਅਗਸਤ : ਹੁਸ਼ਿਆਰਪੁਰ-ਜਲੰਧਰ ਨੈਸ਼ਨਲ ਹਾਈਵੇ ’ਤੇ ਸਥਿਤ ਪਿੰਡ ਮੰਡਿਆਲਾ ’ਚ ਟੈਂਕਰ ਤੋਂ ਗੈਸ ਰਿਸਣ ਨਾਲ ਹੋਈ ਤਬਾਹੀ ਦਾ ਵੱਡਾ ਕਾਰਨ ਨੈਸ਼ਨਲ ਹਾਈਵੇ ਦੇ ਡਿਵਾਈਡਰ ’ਤੇ ਬਣਿਆ ਨਾਜਾਇਜ਼ ਕੱਟ ਸੀ। ਇਸੇ ਨਾਜਾਇਜ਼ ਕੱਟ ਤੋਂ ਦੂਜੀ ਲੇਨ ’ਚ ਜਾ ਰਹੇ ਗੈਸ ਨਾਲ ਭਰੇ ਟੈਂਕਰ ਨਾਲ ਜਲੰਧਰ ਤੋਂ ਸਬਜ਼ੀਆਂ ਲੈ ਕੇ ਪਰਤ ਰਹੀ ਬੋਲੈਰੋ ਗੱਡੀ ਟਕਰਾ ਗਈ ਤੇ ਟੈਂਕਰ ਤੋਂ ਗੈਸ ਰਿਸਣੀ ਸ਼ੁਰੂ ਹੋ ਗਈ। ਦੇਖਦੇ ਹੀ ਦੇਖਦੇ ਸੜਕ ਕਿਨਾਰੇ ਸਥਿਤ 50 ਤੋਂ ਜ਼ਿਆਦਾ ਦੁਕਾਨਾਂ ਤੇ ਕਈ ਘਰ ਅੱਗ ਦੇ ਗੋਲੇ ਦੀ ਲਪੇਟ ’ਚ ਆ ਗਏ। ਇਸ ਹਾਦਸੇ ’ਚ ਤਿੰਨ ਲੋਕਾਂ ਦੀ ਮੌਤ ਹੋਈ ਜਦਕਿ ਦਸ ਔਰਤਾਂ ਸਣੇ 18 ਲੋਕਾਂ ਦਾ ਇਲਾਜ ਚੱਲ ਰਿਹਾ ਹੈ। ਇਨ੍ਹਾਂ ’ਚੋਂ 13 ਨੂੰ ਰੈਫਰ ਕਰ ਦਿੱਤਾ ਗਿਆ ਹੈ ਤੇ ਦੋ ਨੂੰ ਛੁੱਟੀ ਦੇ ਦਿੱਤੀ ਗਈ ਹੈ। ਮਿ੍ਰਤਕਾਂ ਦੀ ਪਛਾਣ ਸੁਖਜੀਤ ਸਿੰਘ, ਬਲਵੰਤ ਰਾਏ ਤੇ ਧਰਮਵੀਰ ਵਰਮਾ ਦੇ ਰੂਪ ’ਚ ਹੋਈ ਹੈ। ਉੱਧਰ, ਮੁੱਖ ਮੰਤਰੀ ਭਗਵੰਤ ਮਾਨ ਤੇ ਰਾਜਪਾਲ ਗੁਲਾਬ ਚੰਦ ਕਟਾਰੀਆ ਨੇ ਇਸ ਹਾਦਸੇ ’ਤੇ ਦੁੱਖ ਪ੍ਰਗਟਾਇਆ ਹੈ। ਮੁੱਖ ਮੰਤਰੀ ਨੇ ਹਾਦਸੇ ’ਚ ਮਾਰੇ ਗਏ ਲੋਕਾਂ ਦੇ ਪਰਿਵਾਰਕ ਮੈਂਬਰਾਂ ਨੂੰ ਦੋ-ਦੋ ਲੱਖ ਰੁਪਏ ਦੀ ਆਰਥਿਕ ਮਦਦ ਦੇਣ ਤੇ ਜ਼ਖ਼ਮੀਆਂ ਦਾ ਮੁਫ਼ਤ ਇਲਾਜ ਕਰਵਾਉਣ ਦਾ ਐਲਾਨ ਕੀਤਾ ਹੈ। ਉੱਥੇ, ਡੀਸੀ ਆਸ਼ਿਕਾ ਜੈਨ ਨੇ ਇਸ ਦੀ ਜਾਂਚ ਏਡੀਸੀ (ਜਨਰਲ) ਅਮਰਬੀਰ ਕੌਰ ਨੂੰ ਸੌਂਪ ਕੇ 15 ਦਿਨਾਂ ’ਚ ਰਿਪੋਰਟ ਮੰਗੀ ਹੈ। ਹਿੰਦੂਸਤਾਨ ਪੈਟਰੋਲੀਅਮ ਦਾ ਟੈਂਕਰ (ਪੀਬੀ-13ਏਐੱਫ 9933) ਬਠਿੰਡਾ ਦੀ ਰਿਫਾਇਨਰੀ ਤੋਂ ਗੈਸ ਭਰ ਕੇ ਮੰਡਿਆਲਾ ਬੌਟਲਿੰਗ ਪਲਾਂਟ ਲਈ ਰਵਾਨਾ ਹੋਇਆ ਸੀ। ਦੇਰ ਰਾਤ ਕਰੀਬ ਸਵਾ ਦਸ ਵਜੇ ਜਦੋਂ ਟੈਂਕਰ ਮੰਡਿਆਲਾ ਪਹੁੰਚਿਆ ਤਾਂ ਉਹ ਸੱਜੇ ਪਾਸੇ ਸਥਿਤ ਬੌਟਲਿੰਗ ਪਲਾਂਟ ’ਚ ਜਾਣ ਦੀ ਬਜਾਏ ਨੈਸ਼ਨਲ ਹਾਈਵੇ ’ਤੇ ਬਣਾਏ ਗਏ ਨਾਜਾਇਜ਼ ਕੱਟ ਤੋਂ ਖੱਬੇ ਪਾਸੇ ਸਥਿਤ ਪਿੰਡ ਢੇਹਾ ਵੱਲ ਜਾਣ ਲੱਗਾ। ਟੈਂਕਰ ਦੀ ਲੰਭਾਈ ਜ਼ਿਆਦਾ ਹੋਣ ਕਾਰਨ ਜਿਵੇਂ ਹੀ ਡਰਾਈਵਰ ਨੇ ਮੁੜਨ ਲਈ ਟੈਂਕਰ ਨੂੰ ਦੁਬਾਰਾ ਪਿੱਛੇ ਕਰਨਾ ਚਾਹਿਆ ਤਾਂ ਉਸ ਨਾਲ ਜਲੰਧਰ ਤੋਂ ਆ ਰਹੀ ਬੋਲੈਰੋ ਗੱਡੀ ਜਾ ਟਕਰਾਈ। ਟੈਂਕਰ ਤੋਂ ਗੈਸ ਰਿਸਣੀ ਸ਼ੁਰੂ ਹੋ ਗਈ ਤੇ ਇਕ ਤੇਜ਼ ਧਮਾਕਾ ਸੁਣਾਈ ਦਿੱਤਾ। ਧਮਾਕੇ ਦਾ ਅੰਦਾਜ਼ਾ ਇਸੇ ਗੱਲ ਤੋਂ ਲਗਾਇਆ ਜਾ ਸਕਦਾ ਹੈ ਕਿ ਕਈ ਦੁਕਾਨਾਂ ਦੀਆਂ ਛੱਤਾਂ ਤੱਕ ਉੱਡ ਗਈਆਂ ਤੇ ਕਈਆਂ ਦੇ ਸ਼ਟਰ ਟੁੱਟ ਗਏ। ਇਹੀ ਨਹੀਂ, ਦੁਕਾਨਾਂ ਤੇ ਆਲੇ-ਦੁਆਲੇ ਦੇ ਘਰਾਂ ’ਚ ਅੱਗ ਲੱਗ ਗਈ। ਇਸੇ ਅੱਗ ਦੀ ਲਪੇਟ ’ਚ ਆਉਣ ਨਾਲ 21 ਲੋਕ ਗੰਭੀਰ ਰੂਪ ਨਾਲ ਜ਼ਖ਼ਮੀ ਹੋ ਗਏ। ਇਨ੍ਹਾਂ ’ਚੋਂ ਦੋ ਨੇ ਸ਼ੁੱਕਰਵਾਰ ਦੇਰ ਰਾਤ ਜਦਕਿ ਇਕ ਨੇ ਸ਼ਨਿਚਰਵਾਰ ਨੂੰ ਦਮ ਤੋੜ ਦਿੱਤਾ।



