Punjab

ਗੈਂਗਵਾਰ ਦੌਰਾਨ ਜੱਗੂ ਭਗਵਾਨਪੁਰੀਆ ਗਿਰੋਹ ਦੇ ਮੈਂਬਰ ਦੀ ਮੌਤ, ਛੇਹਰਟਾ ’ਚ ਹੋਈ ਤਿੰਨ-ਤਰਫਾ ਗੋਲ਼ੀਬਾਰੀ

ਅੰਮ੍ਰਿਤਸਰ, 18 ਅਗਸਤ  : ਡਿਬਰੂਗੜ੍ਹ ਜੇਲ੍ਹ ’ਚ ਬੰਦ ਖ਼ਤਰਨਾਕ ਗੈਂਗਸਟਰ ਜੱਗੂ ਭਗਵਾਨਪੁਰੀਆ ਗੈਂਗ ਦੇ ਮੈਂਬਰ ਸੁਖਵਿੰਦਰ ਸਿੰਘ ਉਰਫ਼ ਸੁੱਖ ਦੀ ਐਤਵਾਰ ਸਵੇਰੇ ਮੌਤ ਹੋ ਗਈ। ਸ਼ਨਿਚਰਵਾਰ ਰਾਤ ਨੂੰ ਹੋਈ ਗੈਂਗਵਾਰ ’ਚ ਸੁਖਵਿੰਦਰ ਸਿੰਘ ਨੂੰ ਚਾਰ ਗੋਲ਼ੀਆਂ ਲੱਗੀਆਂ ਸਨ। ਸਵੇਰੇ ਡਾਕਟਰਾਂ ਦੀ ਟੀਮ ਨੇ ਸਿਵਲ ਹਸਪਤਾਲ ’ਚ ਪੋਸਟਮਾਰਟਮ ਦੌਰਾਨ ਮ੍ਰਿਤਕ ਦੇ ਸਰੀਰ ’ਚੋਂ ਚਾਰ ਗੋਲ਼ੀਆਂ ਕੱਢੀਆਂ। ਛੇਹਰਟਾ ਥਾਣੇ ਦੇ ਇੰਚਾਰਜ ਇੰਸਪੈਕਟਰ ਵਿਨੋਦ ਸ਼ਰਮਾ ਨੇ ਦੱਸਿਆ ਕਿ ਗ੍ਰਿਫ਼ਤਾਰ ਨਿਖਿਲ ਚਾਹਲ ਉਰਫ਼ ਗਵਾਲਾ ਖ਼ਤਰਨਾਕ ਗੈਂਗਸਟਰ ਡੋਨੀ ਬਲ ਦਾ ਗੁਰਗਾ ਹੈ। ਮੁਲਜ਼ਮ ਤੋਂ ਪੁੱਛਗਿੱਛ ਕੀਤੀ ਜਾ ਰਹੀ ਹੈ। ਪੁਲਿਸ ਅਨੁਸਾਰ ਜੱਗੂ ਦੇ ਗੁਰਗੇ ਸੁਖਵਿੰਦਰ ਸਿੰਘ ਉਰਫ਼ ਸੁੱਖ ਤੇ ਗੈਂਗਸਟਰ ਡੋਨੀ ਬਲ ਦੇ ਸਾਥੀ ਨਿਖਿਲ ਗਵਾਲਾ ਵਿਚਕਾਰ ਕੁਝ ਦਿਨਾਂ ਤੋਂ ਰੰਜਿਸ਼ ਚੱਲ ਰਹੀ ਸੀ। ਨਿਖਿਲ ਨੂੰ ਪਤਾ ਲੱਗ ਗਿਆ ਸੀ ਕਿ ਸੁਖਵਿੰਦਰ ਸਿੰਘ ਆਪਣੇ ਸਾਥੀ ਅੰਮ੍ਰਿਤਪਾਲ ਸਿੰਘ ਨਾਲ ਛੇਹਰਟਾ ਇਲਾਕੇ ’ਚ ਘੁੰਮ ਰਿਹਾ ਹੈ। ਇਸ ਤੋਂ ਬਾਅਦ ਨਿਖਿਲ ਆਪਣੇ ਸਾਥੀਆਂ ਨਾਲ ਉੱਥੇ ਪਹੁੰਚ ਗਿਆ। ਮੌਕਾ ਮਿਲਦੇ ਹੀ ਨਿਖਿਲ ਤੇ ਸੁਖਵਿੰਦਰ ਨੇ ਇਕ-ਦੂਜੇ ਵੱਲ ਪਿਸਤੌਲ ਤਾਣ ਦਿੱਤੇ। ਪਰ ਨਿਖਿਲ ਨੇ ਤੇਜ਼ੀ ਨਾਲ ਗੋਲ਼ੀਆਂ ਚਲਾਉਣੀਆਂ ਸ਼ੁਰੂ ਕਰ ਦਿੱਤੀਆਂ। ਚਾਰ ਗੋਲ਼ੀਆਂ ਸੁਖਵਿੰਦਰ ਦੇ ਢਿੱਡ ’ਚ ਲੱਗੀਆਂ ਅਤੇ ਉਹ ਜ਼ਮੀਨ ‘ਤੇ ਡਿੱਗ ਪਿਆ। ਜਦੋਂ ਅੰਮ੍ਰਿਤਪਾਲ ਸਿੰਘ ਨੇ ਆਪਣੇ ਸਾਥੀ ਸੁਖਵਿੰਦਰ ਨੂੰ ਬਚਾਉਣ ਦੀ ਕੋਸ਼ਿਸ਼ ਕੀਤੀ ਤਾਂ ਇਕ ਗੋਲ਼ੀ ਉਸ ਦੇ ਹੱਥ ’ਚ ਵੀ ਲੱਗੀ। ਇਸ ਦੌਰਾਨ ਪੁਲਿਸ ਵੀ ਉੱਥੇ ਪਹੁੰਚ ਗਈ। ਜਦੋਂ ਪੁਲਿਸ ਨੇ ਗੋਲ਼ੀਬਾਰੀ ਕਰ ਰਹੇ ਨਿਖਿਲ ਨੂੰ ਕਾਬੂ ਕਰਨ ਦੀ ਕੋਸ਼ਿਸ਼ ਕੀਤੀ ਤਾਂ ਉਸ ਨੇ ਪੁਲਿਸ ‘ਤੇ ਗੋਲ਼ੀ ਚਲਾ ਦਿੱਤੀ। ਜਵਾਬੀ ਗੋਲ਼ੀਬਾਰੀ ’ਚ ਪੁਲਿਸ ਪਾਰਟੀ ਨੇ ਪਾਰਕ ’ਚ ਉਸ ਦਾ ਪਿੱਛਾ ਕੀਤਾ ਅਤੇ ਨਿਖਿਲ ਨੂੰ ਗੋਲ਼ੀ ਮਾਰ ਕੇ ਜ਼ਖ਼ਮੀ ਕਰ ਦਿੱਤਾ ਅਤੇ ਉਸ ਨੂੰ ਕਾਬੂ ਕਰ ਲਿਆ। ਜਦਕਿ ਉਸ ਦੇ ਹੋਰ ਸਾਥੀ ਭੱਜ ਗਏ। ਪੁਲਿਸ ਨੇ ਨਿਖਿਲ ਤੇ ਉਸ ਦੇ ਹੋਰ ਸਾਥੀਆਂ ਵਿਰੁੱਧ ਕਤਲ ਤੇ ਕਤਲ ਦੀ ਕੋਸ਼ਿਸ਼ ਦੇ ਦੋਸ਼ਾਂ ਤਹਿਤ ਮਾਮਲਾ ਦਰਜ ਕਰ ਲਿਆ ਹੈ। ਨਿਖਿਲ ਵਿਰੁੱਧ ਲੁਧਿਆਣਾ ਤੇ ਅੰਮ੍ਰਿਤਸਰ ’ਚ ਕਤਲ ਦੀ ਕੋਸ਼ਿਸ਼ ਤੇ ਡਕੈਤੀ ਦੇ ਮਾਮਲੇ ਦਰਜ ਹਨ।

Related Articles

Leave a Reply

Your email address will not be published. Required fields are marked *

Back to top button