ਗੁਰਦੁਆਰਾ ਭਾਈ ਜਗਤਾ ਜੀ ਦੀ ਪ੍ਰਧਾਨਗੀ ਨੂੰ ਲੈ ਕੇ ਭਿੜੀਆਂ ਦੋ ਧਿਰਾਂ
ਪੱਗਾਂ ਉਛਲੀਆਂ, ਇਕ-ਦੂਜੇ 'ਤੇ ਹਮਲਾ ਕਰਨ ਦੇ ਦੋਸ਼

ਮਲੋਟ (ਮੁਕਤਸਰ), 13 ਫਰਵਰੀ : ਮਲੋਟ ਦੇ ਗੁਰਦੁਆਰਾ ਭਾਈ ਜਗਤਾ ਜੀ ‘ਚ ਸੰਗਤ ਨੂੰ ਬੱਸ ਰਾਹੀਂ ਸਮਾਗਮ ਵਾਲੀ ਥਾਂ ‘ਤੇ ਲੈ ਕੇ ਜਾਣ ਨੂੰ ਲੈ ਕੇ ਦੋ ਧਿਰਾਂ ਵਿਚਾਲੇ ਵਿਵਾਦ ਹੋ ਗਿਆ। ਮਾਮਲਾ ਇੰਨਾ ਵਧ ਗਿਆ ਕਿ ਦੋਵਾਂ ਧਿਰਾਂ ‘ਚ ਹੱਥੋਪਾਈ ਹੋਈ ਤੇ ਪੱਗਾਂ ਉਛਾਲੀਆਂ ਗਈਆਂ। ਇਸ ਘਟਨਾ ‘ਚ ਕੁਝ ਲੋਕਾਂ ਨੂੰ ਸੱਟਾਂ ਲੱਗੀਆਂ ਹਨ ਤੇ ਇੱਕ ਵਿਅਕਤੀ ਸਿਵਲ ਹਸਪਤਾਲ ਮਲੋਟ ‘ਚ ਜ਼ੇਰੇ ਇਲਾਜ ਹੈ। ਘਟਨਾ ਸ਼ੁੱਕਰਵਾਰ ਦੀ ਹੈ। ਜ਼ਿਕਰਯੋਗ ਹੈ ਕਿ ਦੋਵਾਂ ਧਿਰਾਂ ਵਿਚਾਲੇ ਗੁਰਦੁਆਰਾ ਸਾਹਿਬ ਦੀ ਪ੍ਰਧਾਨਗੀ ਨੂੰ ਲੈ ਕੇ ਲੰਬੇ ਸਮੇਂ ਤੋਂ ਵਿਵਾਦ ਚੱਲ ਰਿਹਾ ਹੈ ਅਤੇ ਦੋਵੇਂ ਧਿਰਾਂ ਗੁਰਦੁਆਰਾ ਸਾਹਿਬ ਦੀ ਸੰਭਾਲ ਦੀ ਜ਼ਿੰਮੇਵਾਰੀ ਆਪਣੀ ਹੋਣ ਦਾ ਦਾਅਵਾ ਕਰ ਰਹੀਆਂ ਹਨ। ਹਸਪਤਾਲ ‘ਚ ਦਾਖ਼ਲ ਜਤਿੰਦਰ ਸਿੰਘ (ਵਾਸੀ ਏਕਤਾ ਨਗਰ) ਨੇ ਦੱਸਿਆ ਕਿ ਉਨ੍ਹਾਂ ਮਹੰਤ ਬਾਬਾ ਤੀਰਥ ਸਿੰਘ ਜੀ ਦੇ ਜਨਮ ਦਿਹਾੜੇ ਮੌਕੇ ਗੋਨਿਆਣਾ ਮੰਡੀ ਵਿਖੇ ਹੋਣ ਵਾਲੇ ਧਾਰਮਿਕ ਸਮਾਗਮ ਲਈ ਸੰਗਤ ਨੂੰ ਲਿਜਾਣ ਵਾਸਤੇ ਇਕ ਬੱਸ ਕਿਰਾਏ ‘ਤੇ ਲਈ ਸੀ। ਜਦੋਂ ਇਹ ਬੱਸ ਸਵਾਰੀਆਂ ਬਿਠਾਉਣ ਲਈ ਗੁਰਦੁਆਰਾ ਸਾਹਿਬ ਅੱਗੇ ਲਗਾਈ ਗਈ ਤਾਂ ਮੌਜੂਦਾ ਪ੍ਰਬੰਧਕੀ ਕਮੇਟੀ ਦੇ ਪ੍ਰਧਾਨ ਤੁਲਸਾ ਸਿੰਘ ਦੇ ਬੇਟੇ ਹਰਦੀਪ ਸਿੰਘ ਦੀਪਾ ਨੇ ਆਪਣੀ ਕਾਰ ਅੱਗੇ ਲਗਾ ਕੇ ਸਵਾਰੀਆਂ ਨੂੰ ਬੱਸ ਵਿਚ ਚੜ੍ਹਨ ਤੋਂ ਰੋਕਿਆ। ਉਨ੍ਹਾਂ ਦੋਸ਼ ਲਾਇਆ ਕਿ ਉਨ੍ਹਾਂ ਨਾਲ ਗਾਲੀ-ਗਲੋਚ ਤੇ ਕੁੱਟਮਾਰ ਕੀਤੀ ਗਈ। ਜਤਿੰਦਰ ਸਿੰਘ ਅਨੁਸਾਰ ਤੁਲਸਾ ਸਿੰਘ ਧੱਕੇ ਨਾਲ ਪ੍ਰਧਾਨ ਬਣਿਆ ਹੋਇਆ ਹੈ, ਜਦਕਿ ਸੇਵਾ ਦੀ ਜ਼ਿੰਮੇਵਾਰੀ ਹਰਬੰਸ ਸਿੰਘ ਨੂੰ ਦਿੱਤੀ ਗਈ ਸੀ। ਦੂਜੇ ਪਾਸੇ ਪ੍ਰਧਾਨ ਤੁਲਸਾ ਸਿੰਘ ਦੇ ਬੇਟੇ ਹਰਦੀਪ ਸਿੰਘ ਨੇ ਦੱਸਿਆ ਕਿ ਜਤਿੰਦਰ ਸਿੰਘ ਅਤੇ ਉਸ ਦੇ ਸਾਥੀਆਂ ਨੇ ਸੰਗਤ ਲਈ ਬੱਸ ਬੁੱਕ ਕੀਤੀ ਸੀ, ਪਰ ਸਵਾਰੀਆਂ ਨਾ ਹੋਣ ਕਾਰਨ ਉਨ੍ਹਾਂ ਬੱਸ ਗੁਰਦੁਆਰਾ ਸਾਹਿਬ ਦੇ ਅੱਗੇ ਲਗਾ ਦਿੱਤੀ। ਜਦੋਂ ਕੁਝ ਸਵਾਰੀਆਂ ਗਲਤੀ ਨਾਲ ਉਸ ਬੱਸ ਵਿਚ ਚੜ੍ਹ ਕੇ ਉਤਰਨ ਲੱਗੀਆਂ ਤਾਂ ਜਤਿੰਦਰ ਸਿੰਘ ਅਤੇ ਉਸ ਦੇ ਸਾਥੀਆਂ ਨੇ ਹਥਿਆਰਾਂ ਸਮੇਤ ਉਨ੍ਹਾਂ ‘ਤੇ ਹਮਲਾ ਕਰ ਦਿੱਤਾ। ਹਰਦੀਪ ਸਿੰਘ ਨੇ ਦਾਅਵਾ ਕੀਤਾ ਕਿ ਤੁਲਸਾ ਸਿੰਘ ਪਿਛਲੇ 12 ਸਾਲਾਂ ਤੋਂ ਮੁੱਖ ਸੇਵਾਦਾਰ ਵਜੋਂ ਸੇਵਾ ਨਿਭਾ ਰਹੇ ਹਨ ਅਤੇ ਸੰਗਤ ਨੇ ਖੁਦ ਉਨ੍ਹਾਂ ਨੂੰ ਸਿਰੋਪਾਓ ਦੇ ਕੇ ਸੇਵਾ ਜਾਰੀ ਰੱਖਣ ਲਈ ਕਿਹਾ ਸੀ। ਪੁਲਿਸ ਵੱਲੋਂ ਇਸ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਤਾਂ ਜੋ ਅਸਲ ਸੱਚਾਈ ਸਾਹਮਣੇ ਆ ਸਕੇ।



