
ਉਦੈ ਪੰਜਾਬ ਨਿਊਜ਼ ਸਰਵਿਸ
ਕਲਾਨੌਰ, 10 ਅਗਸਤ : ਅੰਗਰੇਜ਼ਾਂ ਦੀ ਗੁਲਾਮੀ ਤੋਂ ਦੇਸ਼ ਆਜ਼ਾਦ ਹੁੰਦਿਆਂ ਹੀ ਭਾਰਤ ਤੇ ਪਾਕਿਸਤਾਨ ਦੇ ਹੋਏ ਦੋ ਟੁਕੜਿਆਂ ਦੌਰਾਨ ਆਪਸ ਵਿੱਚ ਰਲ-ਮਿਲ ਕੇ ਰਹਿਣ ਵਾਲੇ ਹਿੰਦੂ, ਸਿੱਖ ਅਤੇ ਮੁਸਲਮਾਨਾਂ ਵਿੱਚ ਇੰਨੀ ਨਫਰਤ ਫੈਲ ਗਈ ਸੀ ਕਿ ਧਨ-ਦੌਲਤ ਲੁੱਟਣ ਦੇ ਨਾਲ-ਨਾਲ ਇਕ-ਦੂਸਰੇ ਦੀਆਂ ਬਹੂ-ਬੇਟੀਆਂ ਵੀ ਖੋਹਣੀਆ ਸ਼ੁਰੂ ਕਰ ਦਿੱਤੀਆਂ ਸਨ। ਵੰਡ ਦੌਰਾਨ ਜ਼ਿਲ੍ਹਾ ਗੁਰਦਾਸਪੁਰ ਪਾਕਿਸਤਾਨ ਦੇ ਹਿੱਸੇ ਆਉਣ ਦੀ ਖਬਰ ਸੁਣਦਿਆਂ ਹੀ ਇਲਾਕੇ ਦੇ ਮੁਸਲਮਾਨਾਂ ਵੱਲੋਂ ਇਕੱਠੇ ਹੋ ਕੇ ਜਸ਼ਨ ਮਨਾਉਣੇ ਸ਼ੁਰੂ ਕਰ ਦਿੱਤੇ ਸਨ। ਇੱਥੋਂ ਤੱਕ ਕਿ ਮੁਸਲਮਾਨਾਂ ਵੱਲੋਂ ਗਾਵਾਂ ਅਤੇ ਬੱਕਰਿਆਂ ਦੇ ਮੀਟਾਂ ਅਤੇ ਚੌਲਾਂ ਦੀਆਂ ਦੇਗਾਂ ਰਿਨਣਈਆਂ ਸ਼ੁਰੂ ਕਰ ਦਿੱਤੀਆਂ ਸਨ। ਉਕਤ ਸ਼ਬਦਾਂ ਦਾ ਪ੍ਰਗਟਾਵਾ ਭਾਰਤ-ਪਾਕਿਸਤਾਨ ਦੀ ਵੰਡ ਨੂੰ ਆਪਣੀਆਂ ਅੱਖਾਂ ਨਾਲ ਵੇਖਣ ਵਾਲੀ ਮਾਤਾ ਮਹਿੰਦਰ ਕੌਰ ਮਸਤਕੋਟ ਨੇ ਕੀਤਾ। ਮਾਤਾ ਨੇ ਦੱਸਿਆ ਕਿ ਭਾਰਤ/ਪਾਕਿਸਤਾਨ ਦੀ ਵੰਡ ਤੋਂ ਪਹਿਲਾਂ ਉਸ ਦਾ ਜਨਮ ਬਲਾਕ ਕਲਾਨੌਰ ਅਧੀਨ ਆਉਂਦੇ ਪਿੰਡ ਉਗੜੂ ਖਹਿਰਾ ਵਿਖੇ ਪਿਤਾ ਮੋਹਨ ਸਿੰਘ ਸਾਬਕਾ ਸਰਪੰਚ ਅਤੇ ਮਾਤਾ ਵੀਰੋ ਦੀ ਕੁੱਖੋਂ ਹੋਇਆ ਸੀ। ਉਸ ਤੋਂ ਤਿੰਨ ਛੋਟੀਆਂ ਭੈਣਾਂ ਗਿਆਨੋ, ਸ਼ਿੰਦੋ ਅਤੇ ਗੁਰਮੀਤ ਕੌਰ ਅਤੇ ਦੋ ਛੋਟੇ ਭਰਾ ਗੁਰਨਾਮ ਸਿੰਘ ਅਤੇ ਅਜੀਤ ਸਿੰਘ ਸਨ। ਮਾਤਾ ਨੇ ਦੱਸਿਆ ਕਿ ਭਾਵੇਂ ਆਧਾਰ ਕਾਰਡ ’ਤੇ ਉਸ ਦੀ ਉਮਰ 1933 ਹੈ, ਜਦਕਿ ਪਾਕਿਸਤਾਨ ਬਣਨ ਤੋਂ ਪਹਿਲਾਂ ਉਹ ਕਈ ਵਾਰ ਆਪਣੇ ਨਾਨਕੇ ਪਿੰਡ ਬਾਰੋਚੱਕ ਪਾਕਿਸਤਾਨ ਆਪਣੇ ਮਾਮਾ ਦਲੀਪ ਸਿੰਘ ਕੋਲ ਆਪਣੀ ਮਾਤਾ ਵੀਰ ਕੌਰ ਨਾਲ ਜਾਂਦੀ ਰਹੀ ਸੀ। ਮਾਤਾ ਮਹਿੰਦਰ ਕੌਰ ਨੇ ਭਾਰਤ/ਪਾਕਿਸਤਾਨ ਦੀ ਵੰਡ ਸਬੰਧੀ ਦੱਸਿਆ ਕਿ ਜਿੱਥੇ 15 ਅਗਸਤ ਨੂੰ ਭਾਰਤ ਆਜ਼ਾਦ ਹੋ ਗਿਆ ਸੀ, ਜਦਕਿ ਦੋ ਦਿਨ ਜ਼ਿਲ੍ਹਾ ਗੁਰਦਾਸਪੁਰ ਦਾ ਰੌਲਾ ਚੱਲਦਾ ਰਿਹਾ ਸੀ। ਉਸ ਨੇ ਦੱਸਿਆ ਕਿ ਦੇਸ਼ ਦੀ ਵੰਡ ਹੁੰਦਿਆਂ ਹੀ ਰੌਲਾ ਪੈ ਗਿਆ ਕਿ ਗੁਰਦਾਸਪੁਰ ਪਾਕਿਸਤਾਨ ਵਾਲੇ ਹਿੱਸੇ ਵਿੱਚ ਆ ਗਿਆ ਹੈ ਅਤੇ ਇਸ ਖ਼ਬਰ ਨੂੰ ਸੁਣਦਿਆਂ ਹੀ ਸਾਡੇ ਪਿੰਡ ਉਗੜੂ ਖਹਿਰਾ ਦੇ ਨਾਲ ਲੱਗਦੇ ਪਿੰਡ ਅਠਵਾਲ, ਸੁੱਖਾ ਰਾਜੂ, ਵਿਰਕ, ਸ਼ਾਹਪੁਰ ਅਮਰਗੜ੍ਹ, ਮੁਸਤਫਾਪੁਰ ਆਦਿ ਪਿੰਡਾਂ ਦੇ ਮੁਸਲਮਾਨਾਂ ਪਿੰਡ ਅਠਵਾਲ ਵਿੱਚ ਇਕੱਠੇ ਹੋਏ। ਗੁਰਦਾਸਪੁਰ ਜ਼ਿਲ੍ਹਾ ਪਾਕਿ ’ਚ ਆਉਣ ਦੀ ਖ਼ਬਰ ਸੁਣਦਿਆਂ ਹੀ ਮੁਸਲਮਾਨਾਂ ਨੇ ਜਸ਼ਨ ਮਨਾਏ ਅਤੇ ਆਪਣੇ ਘਰਾਂ ਵਿੱਚ ਗਾਵਾਂ, ਬੱਕਰਿਆਂ ਦੇ ਮੀਟ ਦੀਆਂ ਦੇਗਾਂ ਰਿੱਧੀਆਂ ਗਈਆਂ ਸਨ। ਮੁਸਲਮਾਨਾਂ ਦੇ ਮੁੰਡਿਆਂ ਵੱਲੋਂ ਹਿੰਦੂ ਸਿੱਖਾਂ ਦੀਆਂ ਧੀਆਂ ਭੈਣਾਂ ਅਤੇ ਸਾਡੇ ਘਰ ਮੱਲਣ ਦੀਆਂ ਤਿਆਰੀਆਂ ਕਰ ਲਈਆਂ ਸਨ। ਇੱਥੋਂ ਤੱਕ ਕਿ ਮੁਸਲਮਾਨਾਂ ਵੱਲੋਂ ਹਿੰਦੂ-ਸਿੱਖਾਂ ਦੇ ਘਰਾਂ ਵਿੱਚ ਲੁੱਟਾਂ-ਮਾਰਾਂ ਕਰਨੀਆਂ ਵੀ ਸ਼ੁਰੂ ਕਰ ਦਿੱਤੀਆਂ ਸਨ। ਇਸ ਤੋਂ ਬਾਅਦ ਇਹ ਖਬਰ ਆਈ ਕਿ ਗੁਰਦਾਸਪੁਰ ਭਾਰਤ ਦੇ ਹਿੱਸੇ ਆਇਆ ਹੈ ਅਤੇ ਉਹਨਾਂ ਸੁੱਖ ਦਾ ਸਾਹ ਲਿਆ। ਇਸ ਤੋਂ ਪਹਿਲਾਂ ਮੁਸਲਮਾਨਾਂ ਦੇ ਡਰੋਂ ਸਾਡੇ ਪਰਿਵਾਰਾਂ ਦੀਆਂ ਕੁੜੀਆਂ ਅਤੇ ਔਰਤਾਂ ਨੂੰ ਘਰਾਂ ਵਿੱਚ ਹੀ ਕਈ ਦਿਨ ਬੰਦ ਕਰਕੇ ਰੱਖਿਆ ਸੀ। ਮਾਤਾ ਨੇ ਦੱਸਿਆ ਕਿ ਇਸ ਤੋਂ ਬਾਅਦ ਇੱਧਰੋਂ ਜਾਣ ਵਾਲੇ ਮੁਸਲਮਾਨਾਂ ਅਤੇ ਉਧਰੋਂ ਆਉਣ ਵਾਲੇ ਹਿੰਦੂ-ਸਿੱਖਾਂ ਦਾ ਕਤਲੇਆਮ ਸ਼ੁਰੂ ਹੋ ਗਿਆ ਅਤੇ ਹਰ ਪਾਸੇ ਲਾਸ਼ਾਂ ਹੀ ਲਾਸ਼ਾਂ ਵੇਖੀਆਂ ਗਈਆਂ। ਇੱਥੋਂ ਤੱਕ ਕਿ ਖੂਹ ਵੀ ਲਾਸ਼ਾਂ ਨਾਲ ਭਰ ਗਏ ਸਨ। ਮਾਤਾ ਮਹਿੰਦਰ ਕੌਰ ਨੇ ਦੱਸਿਆ ਕਿ ਉਸ ਦੇ ਮਾਮਾ ਦਲੀਪ ਸਿੰਘ ਵੀ ਬਾਰੋਚੱਕ ਪਾਕਿਸਤਾਨ ਤੋਂ ਉੱਜੜ ਕੇ ਆਏ ਸਨ। ਉਹਨਾਂ ਦੱਸਿਆ ਕਿ ਜਦੋਂ ਉਸ ਦਾ ਮਾਮਾ ਘਰ ਦਾ ਸਾਮਾਨ ਗੱਡੇ ਭਰ ਕੇ ਇਧਰ ਆ ਰਹੇ ਸਨ ਕਿ ਰਸਤੇ ਵਿੱਚ ਹੀ ਮੁਸਲਮਾਨਾਂ ਉਹਨਾਂ ’ਤੇ ਹਮਲਾ ਕਰਕੇ ਉਹਨਾਂ ਦੇ ਗੱਡੇ ਲੁੱਟ ਲਏ ਅਤੇ ਉਸ ਦੀ ਮਾਮੀ ਅਤੇ ਉਸ ਦੇ ਦੋ ਸਾਲ ਦੇ ਮੁੰਡੇ ਦਾ ਵੀ ਮੁਸਲਮਾਨਾਂ ਨੇ ਕਤਲ ਕਰ ਦਿੱਤਾ ਸੀ। ਉਸ ਦਾ ਮਾਮਾ ਦਲੀਪ ਸਿੰਘ ਪੰਜ-ਛੇ ਮਹੀਨੇ ਬਾਅਦ ਆਪਣੀ ਭੈਣ ਕੋਲ ਪਿੰਡ ਉਗੜੂ ਖਹਿਰੇ ਪੁੱਜਾ ਸੀ। ਉਹਨਾਂ ਦੇ ਆਉਣ ’ਤੇ ਸਾਨੂੰ ਚਾਅ ਚੜ੍ਹ ਗਿਆ ਸੀ। ਇਸ ਤੋਂ ਬਾਅਦ ਉਸ ਦੇ ਮਾਮੇ ਨੂੰ ਪੱਕੀ ਅਲਾਟਮੈਂਟ ਪਿੰਡ ਨਾਨੋਹਾਰਨੀ ਵਿਖੇ ਹੋਈ ਸੀ। ਮਾਤਾ ਮਹਿੰਦਰ ਕੌਰ ਨੇ ਦੱਸਿਆ ਕਿ ਇਸ ਵੇਲੇ ਭਾਵੇਂ ਉਸ ਦੀਆਂ ਅੱਖਾਂ ਦੀ ਜੋਤ ਜਾ ਚੁੱਕੀ ਹੈ, ਪ੍ਰੰਤੂ ਭਾਰਤ-ਪਾਕਿ ਵੰਡ ਦੌਰਾਨ ਵੇਖੀ ਤਬਾਹੀ ਅੱਜ ਵੀ ਅੱਖਾਂ ਸਾਹਮਣੇ ਉਸੇ ਤਰ੍ਹਾਂ ਹੀ ਨਜ਼ਰ ਆਉਂਦੀ ਹੈ। ਭਾਰਤ/ਪਾਕਿਸਤਾਨ ਬਣਨ ਤੋਂ ਕੁਝ ਸਮੇਂ ਬਾਅਦ ਹੀ ਉਸ ਦਾ ਵਿਆਹ ਹਰਬੰਸ ਸਿੰਘ ਵਾਸੀ ਮਸਤਕੋਟ ਨਾਲ ਹੋਇਆ। ਉਸ ਦੇ ਦੋ ਪੁੱਤਰ ਲਖਵਿੰਦਰ ਸਿੰਘ ਅਤੇ ਹਰਜਿੰਦਰ ਸਿੰਘ ਤੇ ਇਸ ਵੇਲੇ ਉਹ ਆਪਣੇ ਪੋਤਰੇ ਗਗਨਦੀਪ ਸਿੰਘ, ਲਾਭਪ੍ਰੀਤ ਸਿੰਘ, ਉਂਕਾਰ ਸਿੰਘ ਅਤੇ ਦੋਹਤੇ ਦੋਹਤੀਆਂ ਅਤੇ ਪੋਤੇ ਪੜਪੋਤਿਆਂ ਦਾ ਨਿੱਘ ਮਾਣ ਰਹੀ ਹਾਂ। ਵੰਡ ਦੌਰਾਨ ਹੋਈ ਤਬਾਹੀ ਅਤੇ ਕਤਲੇਆਮ ਸਬੰਧੀ ਅੱਜ ਦੀ ਨੌਜਵਾਨ ਪੀੜ੍ਹੀ ਅਤੇ ਬੱਚਿਆਂ ਨੂੰ ਜਾਣੂ ਕਰਵਾਉਣਾ ਬਹੁਤ ਜ਼ਰੂਰੀ ਹੈ।



