ਗਊ ਹਾਦਸੇ ’ਚ ਮਰੇ ਨੌਜਵਾਨ ਦੇ ਪਰਿਵਾਰ ਨੂੰ 5 ਲੱਖ ਦਾ ਮੁਆਵਜ਼ਾ
ਮੁਆਵਜ਼ਾ ਦਿਵਾਉਣ ’ਚ ਡੀਸੀ ਸਾਕਸ਼ੀ ਸਾਹਨੀ ਨੇ ਨਿਭਾਈ ਮਹੱਤਵਪੂਰਨ ਭੂਮਿਕਾ

ਅੰਮ੍ਰਿਤਸਰ, 7 ਅਗਸਤ : ਪੰਜਾਬ ਵਿਚ ਪਹਿਲੀ ਵਾਰ ਰਾਸ਼ਟਰੀ ਗਊ ਸੁਰੱਖਿਆ ਮਹਾਸੰਘ ਦੇ ਯਤਨਾਂ ਸਦਕਾ ਗਾਂ ਨਾਲ ਹੋਏ ਹਾਦਸੇ ਦੀ ਸੂਰਤ ਵਿਚ 5 ਲੱਖ ਰੁਪਏ ਦਾ ਮੁਆਵਜ਼ਾ ਮਿਲਿਆ ਹੈ। ਰਾਸ਼ਟਰੀ ਗਊ ਸੁਰੱਖਿਆ ਮਹਾਸੰਘ ਦੇ ਰਾਸ਼ਟਰੀ ਪ੍ਰਧਾਨ ਡਾ. ਰੋਹਨ ਮਹਿਰਾ ਨੇ ਪੀੜਤ ਪਰਿਵਾਰ ਨਾਲ ਮਿਲ ਕੇ ਡੀਸੀ ਸਾਹਨੀ ਨੂੰ ਸਨਮਾਨਿਤ ਕਰਦਿਆਂ ਧੰਨਵਾਦ ਕੀਤਾ। ਇਸ ਮੌਕੇ ਡਾ. ਰੋਹਨ ਮਹਿਰਾ ਨੇ ਕਿਹਾ ਕਿ 2 ਜੁਲਾਈ 2024 ਨੂੰ ਗੋਲਬਾਗ ਅੰਮ੍ਰਿਤਸਰ ਨੇੜੇ ਰਾਤ ਨੂੰ ਕੰਮ ਤੋਂ ਵਾਪਸ ਆਉਂਦੇ ਸਮੇਂ ਸੁਲਭ ਅਰੋੜਾ ਨਾਂ ਦੇ ਵਿਅਕਤੀ ਦੀ ਗਾਂ ਨਾਲ ਹੋਏ ਹਾਦਸੇ ਵਿਚ ਮੌਤ ਹੋ ਗਈ ਸੀ, ਜਿਸ ਤੋਂ ਬਾਅਦ ਉਸ ਦੇ ਪਰਿਵਾਰ ਨੇ ਸਰਕਾਰ ਤੋਂ ਮੁਆਵਜ਼ੇ ਦੀ ਮੰਗ ਕੀਤੀ ਸੀ ਪਰ ਉਨ੍ਹਾਂ ਦੀਆਂ ਫ਼ਰਿਆਦਾਂ ਨਹੀਂ ਸੁਣੀਆਂ ਜਾ ਰਹੀਆਂ ਸਨ। ਫਿਰ ਉਸ ਨੇ ਆਪਣੀ ਸਮੱਸਿਆ ਡਾ. ਰੋਹਨ ਮਹਿਰਾ ਨੂੰ ਦੱਸੀ ਅਤੇ ਡਾ. ਮਹਿਰਾ ਪਿਛਲੇ ਸਾਲ ਸਤੰਬਰ ਵਿਚ ਉਨ੍ਹਾਂ ਦੇ ਪਰਿਵਾਰ ਨੂੰ ਇਨਸਾਫ਼ ਦਿਵਾਉਣ ਲਈ ਭੁੱਖ ਹੜਤਾਲ ’ਤੇ ਬੈਠੇ ਸਨ, ਜਿਸ ਤੋਂ ਬਾਅਦ ਡੀਸੀ ਸਾਹਨੀ ਨੇ ਭਰੋਸਾ ਦਿੱਤਾ ਸੀ ਕਿ ਪੰਜਾਬ ਸਰਕਾਰ ਦੀ ਨੀਤੀ ਅਨੁਸਾਰ ਉਨ੍ਹਾਂ ਨੂੰ 5 ਲੱਖ ਰੁਪਏ ਦਾ ਮੁਆਵਜ਼ਾ ਦਿੱਤਾ ਜਾਵੇਗਾ। ਬੁੱਧਵਾਰ ਨੂੰ ਸਰਕਾਰ ਵੱਲੋਂ ਸੁਲਭ ਅਰੋੜਾ ਦੀ ਪਤਨੀ ਦੇ ਖਾਤੇ ਵਿਚ 5 ਲੱਖ ਰੁਪਏ ਆ ਗਏ ਹਨ। ਡਾ. ਮਹਿਰਾ ਨੇ ਕਿਹਾ ਕਿ ਉਨ੍ਹਾਂ ਨੇ ਇਸ ਪਰਿਵਾਰ ਨੂੰ ਇਨਸਾਫ਼ ਦਿਵਾਉਣ ਲਈ ਬਹੁਤ ਸੰਘਰਸ਼ ਕੀਤਾ ਹੈ ਅਤੇ ਇਸ ਦੌਰਾਨ ਉਹ ਸਾਰੇ ਵਿਭਾਗਾਂ ਦੇ ਸੰਪਰਕ ਵਿਚ ਰਹੇ ਅਤੇ ਡੀਸੀ ਨੇ ਇਸ ਵਿਚ ਬਹੁਤ ਮਹੱਤਵਪੂਰਨ ਭੂਮਿਕਾ ਨਿਭਾਈ ਹੈ। ਇਸ ਲਈ ਉਹ ਡੀਸੀ ਨੂੰ ਉਨ੍ਹਾਂ ਵੱਲੋਂ ਸਨਮਾਨਿਤ ਕੀਤਾ ਗਿਆ ਹੈ। ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਜੇ ਪੂਰੇ ਪੰਜਾਬ ਵਿਚ ਕਿਸੇ ਵੀ ਵਿਅਕਤੀ ਦੀ ਗਾਂ ਨਾਲ ਹਾਦਸੇ ਵਿਚ ਮੌਤ ਹੋ ਜਾਂਦੀ ਹੈ ਤਾਂ ਉਸ ਨੂੰ ਪੰਜ ਲੱਖ ਰੁਪਏ ਦਾ ਮੁਆਵਜ਼ਾ ਮਿਲਦਾ ਹੈ ਅਤੇ ਜੇ ਕੋਈ ਗੰਭੀਰ ਜ਼ਖਮੀ ਹੁੰਦਾ ਹੈ ਤਾਂ ਉਸ ਨੂੰ 2 ਲੱਖ ਰੁਪਏ ਦਾ ਮੁਆਵਜ਼ਾ ਮਿਲਦਾ ਹੈ। ਇਸ ਲਈ ਲੋਕਾਂ ਨੂੰ ਆਪਣੇ ਅਧਿਕਾਰਾਂ ਪ੍ਰਤੀ ਜਾਗਰੂਕ ਹੋਣਾ ਚਾਹੀਦਾ ਹੈ ਅਤੇ ਸਰਕਾਰ ਤੋਂ ਇਸ ਮੁਆਵਜ਼ੇ ਦੀ ਮੰਗ ਕਰਨੀ ਚਾਹੀਦੀ ਹੈ। ਜੇ ਕਿਸੇ ਨੂੰ ਸਰਕਾਰ ਤੋਂ ਮੁਆਵਜ਼ਾ ਪ੍ਰਾਪਤ ਕਰਨ ਵਿਚ ਕਿਸੇ ਵੀ ਤਰ੍ਹਾਂ ਦੀ ਮੁਸ਼ਕਲ ਆਉਂਦੀ ਹੈ ਤਾਂ ਉਹ ਉਨ੍ਹਾਂ ਜਾਂ ਰਾਸ਼ਟਰੀ ਗਊ ਰੱਖਿਆ ਮਹਾਸੰਘ ਦੇ ਮੈਂਬਰਾਂ ਨਾਲ ਸੰਪਰਕ ਕਰ ਸਕਦਾ ਹੈ। ਉਨ੍ਹਾਂ ਮੁੱਖ ਮੰਤਰੀ ਭਗਵੰਤ ਮਾਨ ਨੂੰ ਅਪੀਲ ਕੀਤੀ ਕਿ ਪੰਜਾਬ ਦੇ ਲੋਕਾਂ ਤੋਂ ਬਹੁਤ ਵੱਡੇ ਪੱਧਰ ’ਤੇ ਗਊ ਸੈੱਸ ਲਿਆ ਜਾ ਰਿਹਾ ਹੈ, ਜਲਦੀ ਹੀ ਪੰਜਾਬ ਸਰਕਾਰ ਸੜਕ ’ਤੇ ਘੁੰਮਦੀਆਂ ਗਊਆਂ ਨੂੰ ਗਊਸ਼ਾਲਾ ਵਿਚ ਭੇਜਣ ਦਾ ਪ੍ਰਬੰਧ ਕਰੇ। ਇਸ ਮੌਕੇ ‘ਤੇ ਰਾਸ਼ਟਰੀ ਗਊ ਰੱਖਿਆ ਮਹਾਸੰਘ ਦੇ ਪੰਜਾਬ ਮੁਖੀ ਰੁਪੇਸ਼ ਧਵਨ, ਉਪ ਮੁਖੀ ਸੰਜੀਵ ਸ਼ਰਮਾ, ਕਰਨ ਅਰੋੜਾ, ਮਾਰਿਸ਼ਾ ਆਦਿ ਮੌਜੂਦ ਸਨ।



