Punjab

ਖੌਫ਼ ਦੇ ਸਾਏ ’ਚ ਪੜ੍ਹਦੇ ਨੇ ਸਰਕਾਰੀ ਸਕੂਲ ਨੰਗਲੀ ਦੇ ਵਿਦਿਆਰਥੀ

ਅੰਮ੍ਰਿਤਸਰ, 4 ਅਗਸਤ : ਸਰਕਾਰੀ ਸਕੂਲ ਨੰਗਲੀ ਸਕੂਲ ’ਚ ਵਿਦਿਆਰਥੀਆਂ ਦੀ ਗਿਣਤੀ : 300 ਸਕੂਲ ਕਦੋਂ ਬਣਾਇਆ ਗਿਆ ਸੀ : 1975 ਇਹ ਬਹੁਤ ਹੀ ਡਰਾਉਣਾ ਤੇ ਚਿੰਤਾਜਨਕ ਮਾਮਲਾ ਹੈ। ਸਰਕਾਰੀ ਸਕੂਲਾਂ ਦੀ ਤਰਸਯੋਗ ਹਾਲਤ ਕਿਸੇ ਤੋਂ ਲੁਕੀ ਨਹੀਂ ਹੈ ਪਰ ਅੰਮ੍ਰਿਤਸਰ ਦੇ ਨੰਗਲੀ ਸਰਕਾਰੀ ਸਕੂਲ ਦੀ ਹਾਲਤ ਬਹੁਤ ਮਾੜੀ ਹੈ। ਨੰਗਲੀ ’ਚ ਸਥਿਤ ਸਰਕਾਰੀ ਸਕੂਲ ਦੀ ਇਮਾਰਤ ਖਸਤਾ ਹਾਲਤ ’ਚ ਪਹੁੰਚ ਗਈ ਹੈ। ਸਕੂਲ ’ਚ ਪੜ੍ਹ ਰਹੇ ਵਿਦਿਆਰਥੀ, ਅਧਿਆਪਕ ਤੇ ਸਟਾਫ਼ ਹਰ ਰੋਜ਼ ਆਪਣੀ ਜਾਨ ਜ਼ੋਖਮ ’ਚ ਪਾ ਕੇ ਇਸ ਖੰਡਰ ਇਮਾਰਤ ’ਚ ਦਾਖਲ ਹੁੰਦੇ ਹਨ। ਕਿਤੇ ਛੱਤਾਂ ਲੀਕ ਹੋ ਰਹੀਆਂ ਹਨ, ਕਿਤੇ ਕੰਧਾਂ ’ਚ ਤਰੇੜਾਂ ਆ ਗਈਆਂ ਹਨ, ਕਿਤੇ ਫਰਸ਼ ਉਖੜ ਗਿਆ ਹੈ। ਇਸ ਸਕੂਲ ਦੀ ਹਾਲਤ ਦਰਸਾਉਂਦੀ ਹੈ ਕਿ ਅੱਜ ਵੀ ਕਈ ਸਰਕਾਰੀ ਅਦਾਰੇ ਮੁੱਢਲੀਆਂ ਸਹੂਲਤਾਂ ਤੋਂ ਵਾਂਝੇ ਹਨ ਤੇ ਸਿੱਖਿਆ ਦੇ ਅਧਿਕਾਰ ਦੀ ਜ਼ਮੀਨੀ ਹਕੀਕਤ ਕੀ ਹੈ। ਸਕੂਲ ਦੀ ਮੁੱਖ ਇਮਾਰਤ ਦੀ ਛੱਤ ਕਈ ਥਾਵਾਂ ’ਤੇ ਡਿੱਗ ਗਈ ਹੈ। ਬਰਸਾਤ ਦੇ ਮੌਸਮ ’ਚ ਪਾਣੀ ਟਪਕਦਾ ਹੈ, ਜਿਸ ਨਾਲ ਫਰਸ਼ ਤਿਲਕਣ ਭਰਿਆ ਹੋ ਜਾਂਦਾ ਹੈ। ਕਈ ਕਮਰਿਆਂ ਦੀਆਂ ਕੰਧਾਂ ’ਚ ਵੱਡੀਆਂ ਤਰੇੜਾਂ ਆ ਗਈਆਂ ਹਨ। ਬਾਰਿਸ਼ ਦੌਰਾਨ ਇਨ੍ਹਾਂ ਦਰਾਰਾਂ ’ਚੋਂ ਪਾਣੀ ਸਿੰਮਦਾ ਰਹਿੰਦਾ ਹੈ, ਜਿਸ ਨਾਲ ਕਲਾਸਰੂਮ ਦੇ ਅੰਦਰ ਨਮੀ ਤੇ ਬਦਬੂ ਦਾ ਮਾਹੌਲ ਪੈਦਾ ਹੁੰਦਾ ਹੈ। ਸਕੂਲ ਦੇ ਇਕ ਅਧਿਆਪਕ ਨੇ ਕਿਹਾ ਕਿ ਅਸੀਂ ਡਰ ਦੇ ਖੌਫ ’ਚ ਪੜ੍ਹਾਉਂਦੇ ਹਾਂ। ਕਈ ਵਾਰ ਅਜਿਹਾ ਲੱਗਦਾ ਹੈ ਕਿ ਕੋਈ ਵੀ ਕੰਧ ਜਾਂ ਛੱਤ ਕਿਸੇ ਵੀ ਸਮੇਂ ਡਿੱਗ ਸਕਦੀ ਹੈ, ਜੇਕਰ ਤੇਜ਼ ਹਵਾ ਜਾਂ ਮੀਂਹ ਪੈਂਦਾ ਹੈ ਤਾਂ ਉਹ ਸਕੂਲ ਆਉਣ ਤੋਂ ਡਰਦੇ ਹਨ। ਕਮਰੇ ਦੀ ਛੱਤ ਬਹੁਤ ਮਾੜੀ ਹੈ, ਉੱਪਰੋਂ ਪਾਣੀ ਟਪਕਦਾ ਹੈ। ਅਜਿਹੀ ਸਥਿਤੀ ’ਚ ਵਿਦਿਆਰਥੀਆਂ ਤੇ ਸਟਾਫ਼ ਨੂੰ ਇਕ ਕੋਨੇ ’ਚ ਬੈਠਣਾ ਪੈਂਦਾ ਹੈ। ਬਰਸਾਤ ਦੇ ਦਿਨਾਂ ’ਚ ਵਿਦਿਆਰਥੀਆਂ ਦੀ ਹਾਜ਼ਰੀ ਘੱਟ ਜਾਂਦੀ ਹੈ। ਖਿੜਕੀਆਂ ਟੁੱਟੀਆਂ ਹੋਈਆਂ ਹਨ, ਜਿੱਥੋਂ ਮੀਂਹ ਦਾ ਪਾਣੀ ਅੰਦਰ ਪਹੁੰਚਦਾ ਹੈ। ਨੰਗਲੀ ਇਕ ਅਜਿਹਾ ਇਲਾਕਾ ਹੈ ਜਿੱਥੇ ਆਰਥਿਕ ਤੌਰ ’ਤੇ ਕਮਜ਼ੋਰ ਪਰਿਵਾਰ ਰਹਿੰਦੇ ਹਨ। ਇਹ ਲੋਕ ਆਪਣੇ ਬੱਚਿਆਂ ਨੂੰ ਸਕੂਲ ਭੇਜਣ ਦੇ ਹੱਕ ’ਚ ਨਹੀਂ ਹਨ ਪਰ ਸਰਕਾਰ ਵੱਲੋਂ ਦਿੱਤੇ ਗਏ ਟੀਚੇ ਨੂੰ ਪੂਰਾ ਕਰਨ ਲਈ ਸਕੂਲ ਸਟਾਫ ਕਿਸੇ ਤਰ੍ਹਾਂ ਇਨ੍ਹਾਂ ਬੱਚਿਆਂ ਨੂੰ ਸਕੂਲ ’ਚ ਦਾਖਲ ਕਰਵਾਉਂਦਾ ਹੈ। ਸਕੂਲ ਸਟਾਫ ਨੇ ਆਪਣਾ ਨਾਂ ਗੁਪਤ ਰੱਖਣ ਦੀ ਸ਼ਰਤ ਤੇ ਕਿਹਾ ਕਿ ਇਸ ਸਬੰਧ ’ਚ ਸਰਕਾਰ ਨੂੰ ਕਈ ਵਾਰ ਸੂਚਿਤ ਕੀਤਾ ਗਿਆ ਸੀ, ਪਰ ਕੋਈ ਹੱਲ ਨਹੀਂ ਨਿਕਲਿਆ। ਸਕੂਲ ਵਿਚ 300 ਤੋਂ ਵੱਧ ਵਿਦਿਆਰਥਣਾਂ ਹਨ ਪਰ ਸਹੂਲਤਾਂ ਨਹੀਂ ਹਨ। ਇਮਾਰਤ ਦੀ ਹਾਲਤ ਕਾਰਨ ਸਕੂਲ ਨਾਲ ਸਬੰਧਤ ਸਾਮਾਨ ਖਰਾਬ ਹੋ ਰਿਹਾ ਹੈ। ਲਾਇਬ੍ਰੇਰੀ ’ਚ ਕਿਤਾਬਾਂ ਖਰਾਬ ਹੋ ਜਾਂਦੀਆਂ ਹਨ ਤੇ ਖੇਡਾਂ ਦੇ ਸਾਮਾਨ ਨੂੰ ਵੀ ਨੁਕਸਾਨ ਪਹੁੰਚਦਾ ਹੈ। ਸਕੂਲ ਦੇ ਪਖਾਨੇ ਵੀ ਖਰਾਬ ਹਾਲਤ ਵਿਚ ਹਨ, ਜਿਨ੍ਹਾਂ ਦੀ ਨਿਯਮਤ ਤੌਰ ’ਤੇ ਸਫਾਈ ਨਹੀਂ ਕੀਤੀ ਜਾਂਦੀ। ਪਿੰਡ ਨੰਗਲੀ ਦੇ ਵਸਨੀਕ ਸਤਵੰਤ ਸਿੰਘ ਨੇ ਕਿਹਾ ਕਿ ਸਥਾਨਕ ਨਿਵਾਸੀਆਂ ਨੇ ਪ੍ਰਸ਼ਾਸਨ ਨੂੰ ਸਕੂਲ ਦੀ ਮੁਰੰਮਤ ਕਰਨ ਦੀ ਅਪੀਲ ਵੀ ਕੀਤੀ ਹੈ। ਪਿੰਡ ਵਾਸੀਆਂ ਦਾ ਕਹਿਣਾ ਹੈ ਕਿ ਇਹ ਸਕੂਲ ਨਾ ਸਿਰਫ਼ ਸਿੱਖਿਆ ਦਾ ਕੇਂਦਰ ਹੈ ਸਗੋਂ ਨੇੜਲੇ ਕਈ ਪਿੰਡਾਂ ਦੇ ਬੱਚਿਆਂ ਦੀ ਉਮੀਦ ਵੀ ਹੈ ਪਰ ਇਹ ਸਰਕਾਰੀ ਅਣਗਹਿਲੀ ਦਾ ਸ਼ਿਕਾਰ ਵੀ ਹੈ। ਇਸ ਮਾਮਲੇ ’ਚ ਜ਼ਿਲ੍ਹਾ ਸਿੱਖਿਆ ਅਧਿਕਾਰੀ ਕੰਵਲਜੀਤ ਸਿੰਘ ਨੇ ਕਿਹਾ ਕਿ ਸਕੂਲ ਦੀ ਮੁਰੰਮਤ ਲਈ ਇਕ ਪ੍ਰਸਤਾਵ ਸਰਕਾਰ ਨੂੰ ਭੇਜਿਆ ਗਿਆ ਹੈ। ਫੰਡ ਪ੍ਰਾਪਤ ਹੁੰਦੇ ਹੀ ਸਕੂਲ ਦਾ ਨਵੀਨੀਕਰਨ ਕੀਤਾ ਜਾਵੇਗਾ।

Related Articles

Leave a Reply

Your email address will not be published. Required fields are marked *

Back to top button