ਖੁੱਲ੍ਹ ਕੇ ਵਰ੍ਹਿਆ ਮੌਨਸੂਨ, ਉੱਜ ਦਰਿਆ ’ਚ ਪਾਣੀ ਖ਼ਤਰੇ ਦੇ ਨਿਸ਼ਾਨ ਤੋਂ ਉੱਪਰ
ਮਕੌੜਾ ਪੱਤਣ ਤੋਂ ਪਾਰ ਦੇ ਸੱਤ ਪਿੰਡਾਂ ਦਾ ਸੰਪਰਕ ਦੇਸ਼ ਨਾਲੋਂ ਟੁੱਟਾ

ਲੁਧਿਆਣਾ, 2 ਅਗਸਤ : ਪੰਜਾਬ ’ਚ ਸ਼ੁੱਕਰਵਾਰ ਨੂੰ ਖੁੱਲ੍ਹ ਕੇ ਵਰਿ੍ਹਆ ਮੌਨਸੂਨ ਬੇਸ਼ੱਕ ਹੁੰਮਸ ਭਰੀ ਗਰਮੀ ਤੋਂ ਰਾਹਤ ਲੈ ਕੇ ਆਇਆ ਪਰ ਕਈ ਥਾਈਂ ਇਹ ਆਫ਼ਤ ਬਣ ਕੇ ਵਰ੍ਹਿਆ। ਲਗਾਤਾਰ ਬਾਰਿਸ਼ ਕਾਰਨ ਪਠਾਨਕੋਟ ’ਚ ਭਾਰਤ-ਪਾਕਿਸਤਾਨ ਸਰਹੱਦ ਨਾਲ ਲੱਗਦੇ ਬਮਿਆਲ ਇਲਾਕੇ ’ਚੋਂ ਲੰਘਦੇ ਉੱਜ ਦਰਿਆ ਦੇ ਪਾਣੀ ਦਾ ਪੱਧਰ ਖ਼ਤਰੇ ਦੇ ਨਿਸ਼ਾਨ ਤੋਂ ਉੱਪਰ ਪੁੱਜ ਗਿਆ ਹੈ। ਪੰਜਾਬ ਦੇ ਕਈ ਜ਼ਿਲ੍ਹਿਆਂ ’ਚ ਸ਼ੁੱਕਰਵਾਰ ਸਵੇਰ ਤੇ ਕਈ ਜ਼ਿਲ੍ਹਿਆਂ ’ਚ ਦੁਪਿਹਰ ਵੇਲੇ ਬਾਰਿਸ਼ ਸ਼ੁਰੂ ਹੋਈ ਜਿਹੜੀ ਕਿਤੇ ਰੁਕ-ਰਿਕ ਕੇ ਤੇ ਕਿਤੇ ਲਗਾਤਾਰ ਜਾਰੀ ਰਹੀ। ਇਸ ਨਾਲ ਬਹੁਤੇ ਜ਼ਿਲ੍ਹਿਆਂ ’ਚ ਹੇਠਲੇ ਇਲਾਕੇ ਪਾਣੀ ਨਾਲ ਭਰ ਗਏ। ਸੜਕਾਂ-ਗਲ਼ੀਆਂ ਤੋਂ ਹੁੰਦਾ ਹੋਇਆ ਪਾਣੀ ਲੋਕਾਂ ਦੇ ਘਰਾਂ ਅੰਦਰ ਵੜ੍ਹ ਗਿਆ। ਸੜਕਾਂ ’ਤੇ ਪਾਣੀ ਕਾਰਨ ਆਵਾਜਾਈ ’ਚ ਦਿੱਕਤ ਪੇਸ਼ ਆਈ। ਲੋਕਾਂ ਦੇ ਵਾਹਨ ਬੰਦ ਹੋ ਗਏ ਤੇ ਲੰਬੇ ਟ੍ਰੈਫਿਕ ਜਾਮ ਲੱਗ ਗਏ। ਮੌਸਮ ਵਿਭਾਗ ਚੰਡੀਗੜ੍ਹ ਮੁਤਾਬਕ ਪੰਜ ਅਗਸਤ ਤੱਕ ਕਈ ਜ਼ਿਲ੍ਹਿਆਂ ਭਾਰੀ ਬਾਰਿਸ਼ ਦੀ ਸੰਭਾਵਨਾ ਹੈ। ਓਧਰ ਲਗਾਤਾਰ ਬਾਰਿਸ਼ ਕਾਰਨ ਉੱਜ ਦਰਿਆ ’ਚ ਜੰਮੂ-ਕਸ਼ਮੀਰ ਦੇ ਕਠੁਆ ਦੇ ਰਾਜਬਾਗ਼ ਬੈਰਾਜ ਤੋਂ 1.20 ਲੱਖ ਕਿਉਸਿਕ ਪਾਣੀ ਛੱਡਣ ਮਗਰੋਂ ਪੰਜਾਬ ’ਚ ਦਰਿਆ ਦੇ ਪਾਣੀ ਦਾ ਪੱਧਰ ਖ਼ਤਰੇ ਦੇ ਨਿਸ਼ਾਨ ਤੋਂ 20 ਹਜ਼ਾਰ ਕਿਊਸਕ ਉੱਪਰ ਪੁੱਜ ਗਿਆ ਹੈ। ਇਸ ਮਗਰੋਂ ਉੱਜ ਤੇ ਰਾਵੀ ਦਰਿਆ ਦੇ ਸੰਗਮ ਮਕੌੜਾ ਪੱਤਣ ’ਤੇ ਵਹਾਅ ਤੇਜ਼ ਹੋਣ ਕਾਰਨ ਇਸ ਦੇ ਪਾਰ ਦੇ ਲੋਕਾਂ ਨੂੰ ਬਾਕੀ ਦੇਸ਼ ਨਾਲ ਜੋੜਨ ਵਾਲੀ ਕਿਸ਼ਤੀ ਵੀ ਬੰਦ ਕਰ ਦਿੱਤੀ ਗਈ। ਪਾਕਿਸਤਾਨ ਦੀ ਸਰਹੱਦ ਨਾਲ ਲੱਗਦੇ ਪਠਾਨਕੋਟ ਦੇ ਪਿੰਡ ਤਾਸ਼ ਤੂਰ, ਲਸਿਆਨ ਸਮੇਤ ਸੱਤ ਪਿੰਡਾਂ ਦਾ ਸੰਪਰਕ ਦੇਸ਼ ਨਾਲੋਂ ਟੁੱਟ ਗਿਆ ਹੈ। ਇਹ ਪਿੰਡ ਇਕ ਟਾਪੂ ਬਣ ਕੇ ਰਹਿ ਗਏ ਹਨ। ਖ਼ਤਰੇ ਵਾਲੀ ਸਥਿਤੀ ਨੂੰ ਦੇਖਦੇ ਹੋਏ ਜ਼ਿਲ੍ਹਾ ਅਧਿਕਾਰੀ ਆਦਿੱਤਿਆ ਉੱਪਲ ਨੇ ਬਮਿਆਲ ਬਲਾਕ ਦੇ ਸਾਰੇ ਸਰਕਾਰੀ ਤੇ ਨਿੱਜੀ ਸਕੂਲ ਬੰਦ ਰੱਖਣ ਦਾ ਹੁਕਮ ਦਿੱਤਾ ਹੈ। ਦਰਿਆ ਦੇ ਨੇੜੇ ਰਹਿੰਦੇ ਲੋਕਾਂ ਨੂੰ ਵੀ ਸੁਰੱਖਿਅਤ ਥਾਵਾਂ ’ਤੇ ਜਾਣ ਦਾ ਹੁਕਮ ਦਿੱਤਾ ਗਿਆ ਹੈ।
ਕਿੱਥੇ ਹੋਈ ਕਿੰਨੀ ਬਾਰਿਸ਼
ਮੋਗਾ 90.4 ਮਿਮੀ, ਹੁਸ਼ਿਆਰਪੁਰ 53.6 ਮਿਮੀ, ਲੁਧਿਆਣਾ 32.8 ਮਿਮੀ, ਫ਼ਰੀਦਕੋਟ 28.8 ਮਿਮੀ, ਗੁਰਦਾਸਪੁਰ 22.4 ਮਿਮੀ, ਪਠਾਨਕੋਟ 15.5 ਮਿਮੀ, ਮੋਹਾਲੀ 11.5 ਮਿਮੀ, ਪਟਿਆਲਾ 19.8 ਮਿਮੀ, ਰੂਪਨਗਰ 11.0 ਮਿਮੀ, ਅੰਮ੍ਰਿਤਸਰ 5.8 ਮਿਮੀ, ਬਠਿੰਡਾ 4.4 ਮਿਮੀ



