
ਬਰਨਾਲਾ, 17 ਅਗਸਤ : ਥਾਣਾ ਧਨੌਲਾ ਦੀ ਪੁਲਿਸ ਵੱਲੋਂ ਖੁਦਕੁਸ਼ੀ ਲਈ ਮਜ਼ਬੂਰ ਕਰਨ ਵਾਲਿਆਂ ਦੇ ਖ਼ਿਲਾਫ਼ ਮਾਮਲਾ ਦਰਜ ਕੀਤਾ ਗਿਆ ਹੈ। ਪੁਲਿਸ ਕੋਲ ਮੁਦੱਈ ਕਰਮਜੀਤ ਕੌਰ ਪਤਨੀ ਸੱਤਪਾਲ ਸਿੰਘ ਪੁੱਤਰ ਬਹਾਦਰ ਸਿੰਘ ਵਾਸੀ ਅਸਪਾਲ ਕਲਾ ਨੇ ਬਿਆਨ ਦਰਜ ਕਰਵਾਏ ਕਿ ਉਸ ਦਾ ਘਰਵਾਲਾ ਸੱਤਪਾਲ ਸਿੰਘ ਪੁੱਤਰ ਬਹਾਦਰ ਸਿੰਘ ਵਾਸੀ ਅਸਪਾਲ ਕਲਾ ਡਰਾਇਵਰੀ ਕਰਦਾ ਸੀ ਜਿਸ ਪਾਸ ਗੱਡੀ (ਪੀਬੀ19 ਐੱਮ 1784) ਹੁੰਦੀ ਸੀ, ਜਿਸਦਾ ਸੌਦਾ ਲਖਵਿੰਦਰ ਸਿੰਘ ਉਰਫ ਹੈਪੀ ਪੁੱਤਰ ਹਾਕਮ ਸਿੰਘ ਨੇ ਅੰਬੀ ਰਾਮ ਪੁੱਤਰ ਚੰਨਾ ਰਾਮ ਵਾਸੀ ਢਾਬ ਪੱਤੀ ਟੱਲੇਵਾਲ ਨਾਲ ਕਰਵਾਇਆ ਸੀ ਅੰਬੀ ਰਾਮ ਨੇ ਗੱਡੀ ਖ਼ਰੀਦ ਕਰਨ ਤੋਂ ਬਾਅਦ ਕਿਸ਼ਤਾਂ ਨਹੀਂ ਭਰੀਆਂ ਜੋ ਕਿ ਮੇਰੇ ਘਰਵਾਲੇ ਨੂੰ ਧਮਕੀਆਂ ਦਿੰਦੇ ਤੇ ਮਾੜਾ ਬੋਲਦੇ ਸਨ। ਉਸ ਦਾ ਘਰਵਾਲਾ ਧਨੌਲਾ ਮੰਡੀ ’ਚ ਆਇਆ ਸੀ ਜਿਥੇ ਲਖਵਿੰਦਰ ਸਿੰਘ ਤੇ ਬੂਟਾ ਸਿੰਘ ਪੁੱਤਰ ਹਾਕਮ ਸਿੰਘ ਵਾਸੀਆਨ ਧਨੌਲਾ ਗੱਡੀ ਦੇ ਟਾਇਰ ਖੋਲਣ ਲੱਗੇ ਜਿਨ੍ਹਾਂ ਨੂੰ ਉਸ ਦੇ ਘਰਵਾਲੇ ਨੇ ਰੋਕਿਆ ਤਾਂ ਉਨ੍ਹਾਂ ਨੇ ਉਸ ਦੀ ਕੁੱਟਮਾਰ ਕੀਤੀ। ਇਸ ਤੋਂ ਬਾਅਦ ਮੁਦੱਈ ਦੇ ਪਤੀ ਇਹ ਕਹਿ ਕੇ ਘਰੋਂ ਚਲਾ ਗਿਆ ਕਿ ਗੇੜਾ ਲਗਾਉਣ ਚੱਲਾ ਹਾਂ ਪਰ ਘਰ ਨਹੀਂ ਆਇਆ। ਇਸ ਬਾਰੇ ਸਾਨੂੰ ਅੱਜ ਪਤਾ ਲੱਗਾ ਕਿ ਮੁਦੱਈ ਦੇ ਘਰਵਾਲੇ ਨੇ ਗੱਡੀ ਦੀ ਬਾਡੀ ਦੇ ਉਪਰਲੇ ਐਂਗਲ ’ਚ ਰੱਸਾ ਪਾ ਕੇ ਫਾਹਾ ਲੈ ਕੇ ਆਪਣੀ ਜੀਵਨ ਲੀਲਾ ਸਮਾਪਤ ਕਰ ਲਈ। ਪੁਲਿਸ ਨੇ ਮੁਦੱਈ ਦੇ ਬਿਆਨਾਂ ਦੇ ਅਧਾਰ ’ਤੇ ਮਾਮਲਾ ਦਰਜ ਕਰ ਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।



