ਖਾਲਸਾਈ ਜਾਹੋ-ਜਲਾਲ ਦੇ ਨਾਲ ਸ਼ੁਰੂ ਹੋਇਆ ਵਿਸ਼ਾਲ ਨਗਰ ਕੀਰਤਨ
ਹਰਜਿੰਦਰ ਸਿੰਘ ਧਾਮੀ ਤੇ ਹੋਰ ਅਕਾਲੀ ਲੀਡਰਸ਼ਿਪ ਸ਼ਾਮਿਲ

ਬਟਾਲਾ, 30 ਅਗਸਤ : ਜਗਤ ਗੁਰੂ ਬਾਬਾ ਸ੍ਰੀ ਗੁਰੂ ਨਾਨਕ ਦੇਵ ਜੀ ਅਤੇ ਮਾਤਾ ਸੁਲੱਖਣੀ ਜੀ ਦੇ 538ਵੇ ਵਿਆਹ ਪੂਰਬ ਦੀ ਖੁਸ਼ੀ ਅੰਦਰ ਸਲਾਨਾ ਜੋੜ ਮੇਲੇ ਨੂੰ ਮੁੱਖ ਰੱਖਦਿਆਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸੰਗਤਾਂ ਦੇ ਸਹਿਯੋਗ ਦੇ ਨਾਲ ਗੁਰੂ ਨਾਨਕ ਸਾਹਿਬ ਜੀ ਅਤੇ ਮਾਤਾ ਸੁਲੱਖਣੀ ਜੀ ਦੇ ਵਿਆਹ ਅਸਥਾਨ ਗੁਰਦੁਆਰਾ ਡੇਹਰਾ ਸਾਹਿਬ ਤੋਂ ਵਿਸ਼ਾਲ ਨਗਰ ਕੀਰਤਨ ਖਾਲਸਾਈ ਜਾਹੋ ਜਲਾਲ ਅਤੇ ਬੋਲੇ ਸੋ ਨਿਹਾਲ ਦੇ ਜੈਕਾਰਿਆਂ ਦੀ ਗੂੰਜ ਵਿੱਚ ਸ਼ਨਿਚਰਵਾਰ ਨੂੰ 8.15ਵਜੇ ਆਰੰਭ ਹੋਇਆ। ਨਗਰ ਕੀਰਤਨ ਦੀ ਆਰੰਭਤਾ ਮੌਕੇ ਨਗਾਰੇ ਦੇ ਗੂੰਜ ਤੇ ਨਰਸਿੰਗਾ ਜਾ ਕੇ ਖੁਸ਼ੀ ਚ ਜੈਕਾਰੇ ਲਗਾਏ ਗਏ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਵੱਲੋਂ ਗੁਰਦੁਆਰਾ ਸਾਹਿਬ ਤੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਸਰੂਪ ਨੂੰ ਸਿਰ ਤੇ ਸਜਾ ਕੇ ਪਾਲਕੀ ਸਾਹਿਬ ਵਿੱਚ ਸੁਸ਼ੋਭਿਤ ਕੀਤਾ ਗਿਆ । ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਛਤਰ ਛਾਇਆ ਅਤੇ ਪੰਜ ਪਿਆਰਿਆਂ ਦੀ ਅਗਵਾਈ ਹੇਠ ਇਹ ਨਗਰ ਕੀਰਤਨ ਡੇਹਰਾ ਸਾਹਿਬ ਤੋਂ ਸ਼ੁਰੂ ਹੋ ਕੇ ਅਗਲੇ ਪੜਾ ਵੱਲ ਵਧਿਆ । ਇਸ ਮੌਕੇ ਕਾਰ ਸੇਵਾ ਦੇ ਪੁੰਜ ਬਾਬਾ ਸੇਵਾ ਸਿੰਘ ਖਡੂਰ ਸਾਹਿਬ ਵਾਲੇ ਵੀ ਹਾਜ਼ਰ ਸਨ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਮੈਂਬਰ ਜਥੇਦਾਰ ਗੁਰਿੰਦਰ ਪਾਲ ਸਿੰਘ ਗੋਰਾ, ਜਥੇਦਾਰ ਗੁਰਨਾਮ ਸਿੰਘ ਜੱਸਲ, ਸਤਨਾਮ ਸਿੰਘ ਰਿਆੜ ਮੈਨੇਜਰ ਸ੍ਰੀ ਦਰਬਾਰ ਸਾਹਿਬ , ਸੁਖਜਿੰਦਰ ਸਿੰਘ ਸੋਨੂ ਲੰਗਾਹ, ਰਮਨਦੀਪ ਸਿੰਘ ਸੰਧੂ ਸ਼ਮਸ਼ੇਰ ਸਿੰਘ ਚੀਮਾ ਗੁਰਜੀਤ ਸਿੰਘ ਬਿਜਲੀਵਾਲ ਗੁਰਪਰਤਿੰਦਰ ਸਿੰਘ ਮਾਂਟੂ ਭਾਟੀਆ, ਮੈਨੇਜਰ ਮਨਜੀਤ ਸਿੰਘ ਜਫਰਵਾ,ਲ ਮੈਨੇਜਰ ਜਤਿੰਦਰ ਸਿੰਘ ਚੀਮਾ ਆਦਿ ਸਮੇਤ ਇਲਾਕੇ ਦੀਆਂ ਪ੍ਰਮੁੱਖ ਸ਼ਖਸ਼ੀਅਤਾਂ ਨੇ ਨਗਰ ਕੀਰਤਨ ਦੀ ਆਰੰਭਤਾ ਮੌਕੇ ਹਾਜ਼ਰੀ ਭਰੀ। ਮੌਸਮ ਦੀ ਖਰਾਬੀ ਦੇ ਬਾਵਜੂਦ ਵੀ ਸੰਗਤਾਂ ਦਾ ਜਾਹੋ ਜਲਾਲ ਦੇਖਣ ਯੋਗ ਹੈ। ਨਗਰ ਕੀਰਤਨ ਦੀ ਆਰੰਭਤਾ ਮੌਕੇ ਹਜ਼ਾਰਾਂ ਦੀ ਗਿਣਤੀ ਸੰਗਤਾਂ ਵਿਚਾਰਾਂ ਚ ਖੜੀਆਂ ਸਨ ਅਤੇ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਨਤਮਸਤਕ ਹੋ ਰਹੀਆਂ ਸਨ।



