ਖ਼ਤਮ ਨਹੀਂ ਹੋ ਰਹੀ ਕਾਂਗਰਸ ਦੀ ਗੁਟਬਾਜ਼ੀ, ਵੇਣੂਗੋਪਾਲ ਤੇ ਬਘੇਲ ਦੀ ਹਾਜ਼ਰੀ ‘ਚ ਕਾਂਗਰਸੀ ਹੋਏ ਮੇਹਣੋ-ਮੇਹਣੀ
ਖੂਬ ਲਾਈਆਂ ਸ਼ਿਕਾਇਤਾਂ

ਜਸਵਿੰਦਰ ਸਿੰਘ ਸੰਧੂ
ਚੰਡੀਗੜ੍ਹ, 26 ਅਗਸਤ : ਪੰਜਾਬ ਕਾਂਗਰਸ ਦੀ ਧੜੇਬੰਦੀ ਖ਼ਤਮ ਨਹੀਂ ਹੋ ਰਹੀ। ਦਿੱਲੀ ’ਚ ਕਾਂਗਰਸ ਦੇ ਸੀਨੀਅਰ ਨੇਤਾ ਤੇ ਪਾਰਟੀ ਦੇ ਜਨਰਲ ਸਕੱਤਰ ਕੇ.ਸੀ ਵੈਣੂਗੋਪਾਲ ਅਤੇ ਪੰਜਾਬ ਮਾਮਲਿਆਂ ਦੇ ਇੰਚਾਰਜ਼ ਭੂਪੇਸ਼ ਬਘੇਲ ਦੀ ਹਾਜ਼ਰੀ ਵਿਚ ਕਾਂਗਰਸੀ ਆਗੂਆਂ ਨੇ ਇਕ ਦੂਜੇ ਦੀਆਂ ਖੂਬ ਸ਼ਿਕਾਇਤਾਂ ਲਾਈਆਂ। ਹਾਲਾਂਕਿ ਕਾਂਗਰਸ ਦੇ ਸਿਰਮੌਰ ਆਗੂਆਂ ਨੇ ਪਾਰਟੀ ਵਿਚਲੀ ਧੜੇਬੰਦੀ ਨੂੰ ਖ਼ਤਮ ਕਰਨ ਲਈ ਮੀਟਿੰਗ ਬੁਲਾਈ ਸੀ, ਪਰ ਪਾਰਟੀ ਆਗੂਆਂ ਨੇ ਇਕ ਦੂਜੇ ਖਿਲਾਫ਼ ਅਨੁਸ਼ਾਸ਼ਨ ਤੋੜਨ , ਇਕ ਦੂਜੇ ਦਾ ਸਾਥ ਨਾ ਦੇਣ ਦੇ ਇਲਜ਼ਾਮ ਲਗਾਏ। ਪਤਾ ਲੱਗਿਆ ਹੈ ਕਿ ਸੀਨੀਅਰ ਆਗੂਆਂ ਨੇ ਸਾਰਿਆਂ ਨੂੰ ਇਕੱਠੇ ਹੋ ਕੇ ਚੱਲਣ ਦੀ ਨਸੀਹਤ ਦਿੱਤੀ ਹੈ। ਮੀਟਿੰਗ ਵਿਚ ਪਾਰਟੀ ਦੇ ਕੌਮੀ ਪ੍ਰਧਾਨ ਮਲਿਕਾ ਅਰਜੁਨ ਖੜਗੇ ਅਤੇ ਰਾਹੁਲ ਗਾਂਧੀ ਦੇ ਹਾਜ਼ਰ ਹੋਣ ਦੀਆਂ ਅਟਕਲਾਂ ਸਨ, ਪਰ ਇਹ ਦੋਵੇ ਆਗੂ ਹਾਜ਼ਰ ਨਹੀਂ ਸਨ, ਜਿਸ ਕਰਕੇ ਮੀਟਿੰਗ ਇਕ ਬੇਸਿੱਟਾ ਰਹੀ ਹੈ। ਦੋਵੇਂ ਧੜਿਆਂ ਨੇ ਇਕ ਦੂਜੇ ਖਿਲਾਫ਼ ਦੋਸ਼ ਲਗਾਉਣ ਵਿਚ ਕੋਈ ਕਸਰ ਨਹੀਂ ਛੱਡੀ। ਦੱਸਿਆ ਜਾਂਦਾ ਹੈ ਕਿ ਪੰਜਾਬ ਕਾਂਗਰਸ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਅਤੇ ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ ਨੇ ਪਾਰਟੀ ਦੀ ਕਾਰਗੁਜ਼ਾਰੀ ਦੀ ਸ਼ਲਾਘਾ ਕੀਤੀ। ਦੋਵਾਂ ਆਗੂਆਂ ਨੇ ਕਿਹਾ ਕਿ ਪਾਰਟੀ ਸਰਕਾਰ ਦੇ ਖਿਲਾਫ਼ ਲੜਾਈ ਲੜ ਰਹੀ ਹੈ। ਲੋਕਾਂ ਵਿਚ ਪਾਰਟੀ ਦੀਆਂ ਨੀਤੀਆਂ ਨੂੰ ਪਹੁੰਚਾਇਆ ਜਾ ਰਿਹਾ ਹੈ, ਜਦਕਿ ਇਸਦੇ ਉਲਟ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ, ਸੁਖਪਾਲ ਸਿੰਘ ਖਹਿਰਾ, ਸਾਬਕਾ ਮੁੱਖ ਮੰਤਰੀ ਰਾਜਿੰਦਰ ਕੌਰ ਭੱਠਲ, ਪਰਗਟ ਸਿੰਘ ਨੇ ਕਿਹਾ ਕਿ ਸੂਬੇ ਵਿਚ ਕਾਂਗਰਸ ਦੀ ਜ਼ਮੀਨੀ ਹਕੀਕਤ ਉਲਟ ਹੈ। ਮੀਟਿੰਗ ਵਿਚ ਇਹਨਾਂ ਆਗੂਆਂ ਨੇ ਕਿਹਾ ਕਿ ਪਾਰਟੀ ਵਿਚ ਧੜੇਬੰਦੀ ਵੱਧ ਰਹੀ ਹੈ। ਜੂਨੀਅਰ ਨੇਤਾ ਸ਼ਰੇਆਮ ਸੀਨੀਅਰ ਆਗੂਆਂ ਖਿਲਾਫ਼ ਬਿਆਨਬਾਜ਼ੀ ਕਰ ਰਹੇ ਹਨ।ਪਿਛਲੇ ਦਿਨ ਪਾਰਟੀ ਦੇ ਸੀਨੀਅਰ ਨੇਤਾ ਰਾਣਾ ਗੁਰਜੀਤ ਸਿੰਘ ਅਤੇ ਸਾਬਕਾ ਵਿਧਾਇਕ ਕੁਲਬੀਰ ਸਿੰਘ ਜ਼ੀਰਾ ਵਲੋਂ ਇਕ ਦੂਜੇ ਖਿਲਾਫ਼ ਕੀਤੀ ਗਈ ਬਿਆਨਬਾਜੀ ਦੀ ਚਰਚਾ ਵੀ ਮੀਟਿੰਗ ਵਿਚ ਚਰਚਾ ਹੋਣ ਦੀ ਗੱਲ ਦੱਸੀ ਗਈ ਹੈ। ਸੀਨੀਅਰ ਆਗੂ ਕੇ ਸੀ ਵੇਣੂਗੋਪਾਲ ਨੇ ਕਿਹਾ ਕਿ ਸੂਬੇ ਦੇ ਨੇਤਾਵਾਂ ਨੂੰ ਨਸੀਹਤ ਦਿੰਦਿਆਂ ਕਿਹਾ ਕਿ ਸੂਬਾ ਸਰਕਾਰ ਖਿਲਾਫ਼ ਲੋਕਾਂ ਵਿਚ ਗੁੱਸਾ ਤੇ ਰੋਸ ਹੈ, ਇਹਨਾਂ ਹਾਲਤਾਂ ਕਾਰਨ ਹਵਾਂ ਕਾਂਗਰਸ ਦੇ ਹੱਕ ਵਿਚ ਹੈ, ਪਰ ਜਿੱਤਣ ਲਈ ਤੇ ਪਾਰਟੀ ਨੂੰ ਮਜ਼ਬੂਤ ਕਰਨ ਲਈ ਸਾਰਿਆਂ ਨੂੰ ਇਕੱਠਾ ਹੋ ਕੇ ਲੜਨਾ ਪਵੇਗਾ। ਜੇਕਰ ਇਕੱਠੇ ਹੋ ਕੇ ਰਹੋਗੇ ਤਾਂ ਨਾ ਸਿਰਫ਼ ਪਾਰਟੀ ਮਜ਼ਬੂਤ ਹੋਵੇਗੀ ਬਲਕਿ ਪਾਰਟੀ ਦੀਸਰਕਾਰ ਵੀ ਬਣੇਗੀ। ਵਰਨਣਯੋਗ ਹੈ ਕਿ ਹਰਿਆਣਾ ਦੀਆਂ ਚੋਣਾਂ ਵਿਚ ਕਾਂਗਰਸ ਦੀ ਹੋਈ ਹਾਰ ਤੋਂ ਬਾਅਦ ਇਹ ਮੰਨਿਆਂ ਜਾ ਰਿਹਾ ਸੀ ਕਿ ਪੰਜਾਬ ਦੀ ਲੀਡਰਸ਼ਿਪ ਅਤੇ ਦਿੱਲੀ ਹਾਈਕਮਾਨ ਬੀਤੇ ਤੋਂ ਸਬਕ ਸਿੱਖੇਗੀ ਪਰ ਹੋ ਬਿਲਕੁੱਲ ਉਲਟ ਰਿਹਾ ਹੈ। ਅੱਜ ਹਾਈਕਮਾਨ ਦੇ ਸਾਹਮਣੇ ਵੀ ਪੰਜਾਬ ਕਾਂਗਰਸ ਦੇ ਦੋ ਧੜ੍ਹੇ ਸਪਸ਼ਟ ਰੂਪ ਵਿਚ ਸਾਹਮਣੇ ਆਏ।



