
ਖਨੋਰੀ, 18 ਜਨਵਰੀ– ਐੱਮਐੱਸਪੀ ਦੇ ਗਰੰਟੀ ਕਾਨੂੰਨ ਸਮੇਤ ਕਿਸਾਨੀ ਮੰਗਾਂ ਨੂੰ ਲੈ ਕੇ ਖਨੌਰੀ ਬਾਰਡਰ ਉਪਰ ਮਰਨ ਵਰਤ ‘ਤੇ ਬੈਠੇ ਜਗਜੀਤ ਸਿੰਘ ਡੱਲੇਵਾਲ ਦਾ ਮਰਨ ਵਰਤ ਸ਼ੁੱਕਰਵਾਰ ਨੂੰ 53ਵੇ ਦਿਨ ਵਿਚ ਦਾਖ਼ਲ ਹੋ ਗਿਆ ਹੈ। ਜਦਕਿ ਉਨ੍ਹਾਂ ਦੀ ਹਮਾਇਤ ਵਿਚ ਹਰਿਆਣਾ ਸਰਹੱਦ ‘ਤੇ ਬੈਠੇ 111 ਕਿਸਾਨਾਂ ਦਾ ਮਰਨ ਵਰਤ ਤੀਜੇ ਦਿਨ ਵੀ ਜਾਰੀ ਰਿਹਾ ਅਤੇ ਤੀਜੇ ਦਿਨ ਹਰਿਆਣਾ ਦੇ 10 ਕਿਸਾਨ ਵੀ ਮਰਨ ਵਰਤ ‘ਤੇ ਆ ਬੈਠੇ। ਜਿਸ ਕਾਰਨ ਇਨ੍ਹਾਂ ਕਿਸਾਨਾਂ ਦੀ ਗਿਣਤੀ 121 ਹੋ ਗਈ ਹੈ। ਮਰਨ ਵਰਤ ‘ਤੇ ਡਟੇ ਕਿਸਾਨਾਂ ਨੇ ਵੀ ਡੱਲੇਵਾਲ ਦੇ ਰਾਹ ਚਲਦਿਆਂ ਕਿਸੇ ਪ੍ਰਕਾਰ ਦੇ ਟਰੀਟਮੈਟ ਅਤੇ ਟੈਸਟ ਕਵਾਉਣ ਤੋ ਸਾਫ ਇਨਕਾਰ ਕਰ ਦਿੱਤਾ ਹੈ। ਦੂਜੇ ਪਾਸੇ, ਕਿਸਾਨ ਆਗੂ ਡੱਲੇਵਾਲ ਦੀ ਹਾਲਤ ਹਾਲੇ ਵੀ ਨਾਜ਼ੂਕ ਬਣੀ ਹੋਈ ਹੈ। ਜਿਸਨੂੰ ਲੈ ਕੇ ਮੋਰਚੇ ‘ਤੇ ਮੌਜੂਦ ਕਿਸਾਨ ਚਿੰਤਿਤ ਹਨ। ਕਿਸਾਨ ਆਗੂਆਂ ਨੇ ਕਿਹਾ ਕਿ ਇੱਕ ਪਾਸੇ ਡੱਲੇਵਾਲ ਦੀ ਸਿਹਤ ਨਾਜ਼ੁਕ ਦੱਸੀ ਜਾ ਰਹੀ ਹੈ, ਉਥੇ ਹੀ ਦੂਜੇ ਪਾਸੇ ਪੰਜਾਬ ਸਰਕਾਰ ਵਲੋ ਡਾਕਟਰਾਂ ਦੀ ਰਿਪੋਰਟ ਡੱਲੇਵਾਲ ਦੀ ਸਿਹਤ ਵਿੱਚ ਸੁਧਾਰ ਦਾ ਤੱਥ ਸੁਪਰੀਮ ਕੋਰਟ ਵਿੱਚ ਪੇਸ਼ ਕਰ ਰਹੀ ਹੈ। ਇਸ ਦਾ ਸਖ਼ਤ ਨੋਟਿਸ ਲੈਂਦਿਆਂ ਹਰਿਆਣਾ ਦੇ ਕਿਸਾਨ ਆਗੂ ਅਭਿਮਨਿਊ ਕੋਹਾੜ ਨੇ ਖਨੌਰੀ ਸਰਹੱਦ ਤੋਂ ਇੱਕ ਵੀਡੀਓ ਰਾਹੀਂ ਖੁੱਲ੍ਹੀ ਚੁਣੌਤੀ ਦਿੱਤੀ ਹੈ। ਅਭਿਮੰਨਿਊ ਕੋਹਾੜ ਨੇ ਖੁੱਲ੍ਹੀ ਚੁਣੌਤੀ ਦਿੱਤੀ ਕਿ ਜੇਕਰ ਕੋਈ ਡਾਕਟਰ ਜਾਂ ਵਿਅਕਤੀ ਇਹ ਸਾਬਤ ਕਰ ਸਕਦਾ ਹੈ ਕਿ ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਨੇ 53 ਦਿਨਾਂ ਦੇ ਵਰਤ ਦੌਰਾਨ ਪਾਣੀ ਤੋਂ ਇਲਾਵਾ ਕੁਝ ਵੀ ਖਾਧਾ–ਪੀਤਾ ਹੈ ਤਾਂ ਉਹ ਆਪਣੀ 30-35 ਕਰੋੜ ਰੁਪਏ ਦੀ ਹਰਿਆਣਾ ਦੀ ਜਾਇਦਾਦ ਉਸ ਵਿਅਕਤੀ ਦੇ ਨਾਮ ਕਰ ਦੇਣਗੇ। ਡੱਲੇਵਾਲ ਕਿਸਾਨਾਂ ਦੇ ਭਵਿੱਖ ਨੂੰ ਸੁਰੱਖਿਅਤ ਕਰਨ ਲਈ ਐਮਐਸਪੀ ਗਾਰੰਟੀ ਕਾਨੂੰਨ ਬਣਾਉਣ ਸਮੇਤ 13 ਮੰਗਾਂ ਨੂੰ ਲੈ ਕੇ ਸੰਘਰਸ਼ ਕਰ ਰਹੇ ਹਨ ਅਤੇ ਉਨ੍ਹਾਂ ਦੀ ਸਿਹਤ ਨਾਜ਼ੁਕ ਹੁੰਦੀ ਜਾ ਰਹੀ ਹੈ, ਪਰ ਪੰਜਾਬ ਸਰਕਾਰ ਵੱਲੋਂ ਸੁਪਰੀਮ ਕੋਰਟ ਵਿੱਚ ਝੂਠੀਆਂ ਰਿਪੋਰਟਾਂ ਪੇਸ਼ ਕਰਕੇ ਇਹ ਦਰਸਾਇਆ ਜਾ ਰਿਹਾ ਹੈ ਕਿ ਡੱਲੇਵਾਲ ਦੀ ਸਿਹਤ ਵਿੱਚ ਸੁਧਾਰ ਹੋ ਰਿਹਾ ਹੈ। ਇਹ ਸਭ ਅਫਵਾਹਾਂ ਫੈਲਾਈਆਂ ਜਾ ਰਹੀਆਂ ਹਨ। ਕੋਹਾੜ ਨੇ ਪੰਜਾਬ ਸਰਕਾਰ ਤੋਂ ਮੰਗ ਕੀਤੀ ਕਿ ਡੱਲੇਵਾਲ ਦੀ ਡਾਕਟਰਾਂ ਦੀ ਟੀਮ ਵੱਲੋਂ ਕੀਤੇ ਗਏ ਟੈਸਟਾਂ ਦੀਆਂ ਰਿਪੋਰਟਾਂ ਰੋਜ਼ਾਨਾ ਜਨਤਕ ਕੀਤੀਆਂ ਜਾਣ, ਤਾਂ ਜੋ ਸਥਿਤੀ ਸਪੱਸ਼ਟ ਹੋ ਸਕੇ। ਕਿਸਾਨ ਆਗੂ ਗੁਰਿੰਦਰ ਸਿੰਘ ਭੰਗੂ ਨੇ ਦੱਸਿਆ ਕਿ ਡੱਲੇਵਾਲ ਤੋਂ ਬਾਅਦ ਬੁੱਧਵਾਰ ਨੂੰ ਮਰਨ ਵਰਤ ’ਤੇ ਬੈਠੇ 111 ਕਿਸਾਨਾਂ ਨੇ ਫੈਸਲਾ ਕੀਤਾ ਹੈ ਕਿ ਉਹ ਕਿਸੇ ਵੀ ਤਰ੍ਹਾਂ ਦੀ ਮੈਡੀਕਲ ਸਹੂਲਤ, ਟੈਸਟ ਆਦਿ ਨਹੀਂ ਦੇਣਗੇ। ਸ਼ੁੱਕਰਵਾਰ ਸ਼ਾਮ ਨੂੰ ਹਰਿਆਣਾ ਦੇ 10 ਕਿਸਾਨਾਂ ਨੇ ਵੀ ਮਰਨ ਵਰਤ ‘ਤੇ ਬੈਠਣ ਦਾ ਐਲਾਨ ਕੀਤਾ।



