
ਤਰਨ ਤਾਰਨ, 6 ਜਨਵਰੀ- ਪਿੰਡ ਬੁਰਜ 169 ਵਾਸੀ ਵਿਅਕਤੀ ਵੱਲੋਂ ਕਥਿਤ ਤੌਰ ’ਤੇ ਤਿੰਨ ਜਣਿਆਂ ਨੂੰ ਜੋਰਡਨ ਕੰਪਨੀ ਵਿਚ ਭੇਜਣ ਦੇ ਨਾਂ ’ਤੇ 9 ਲੱਖ ਰੁਪਏ ਲੈ ਕੇ ਟੂਰਿਸਟ ਵੀਜ਼ਾ ਲਗਵਾ ਦੇਣ ਦੇ ਕਥਿਤ ਦੋਸ਼ ਹੇਠ ਥਾਣਾ ਸਰਾਏ ਅਮਾਨਤ ਖਾਂ ਵਿਖੇ ਉਕਤ ਵਿਅਕਤੀ ਖ਼ਿਲਾਫ਼ ਧੋਖਾਧੜੀ ਸਮੇਤ ਹੋਰ ਧਾਰਾਵਾਂ ਤਹਿਤ ਕੇਸ ਦਰਜ ਕੀਤਾ ਗਿਆ ਹੈ। ਦੱਸਿਆ ਜਾ ਰਿਹਾ ਹੈ ਕਿ ਪੀੜਤਾਂ ਨੂੰ ਉੱਥੇ ਭੁੱਖੇ ਭਾਣੇ 40 ਦਿਨ ਕੱਟਣੇ ਪਏ ਅਤੇ ਅਖੀਰ ਪਰਿਵਾਰ ਵੱਲੋਂ ਭੇਜੀਆਂ ਟਿਕਟਾਂ ’ਤੇ ਉਹ ਵਾਪਸ ਮੁੜੇ। ਵਿਕਰਮ ਸਿੰਘ ਪੁੱਤਰ ਬਲਵਿੰਦਰ ਸਿੰਘ ਵਾਸੀ ਬੁਰਜ 169 ਤੋਂ ਇਲਾਵਾ ਗੁਰਪ੍ਰੀਤ ਸਿੰਘ ਅਤੇ ਕੁਲਵੰਤ ਸਿੰਘ ਨੇ ਪੁਲਿਸ ਨੂੰ ਸ਼ਿਕਾਇਥ ਦਿੱਤੀ ਸੀ ਕਿ ਮਨਪ੍ਰੀਤ ਸਿੰਘ ਪੁੱਤਰ ਕੁਲਵੰਤ ਸਿੰਘ ਨੂੰ ਉਨ੍ਹਾਂ ਨੇ ਪ੍ਰਤੀ ਵਿਅਕਤੀ 3 ਲੱਖ ਦੇ ਹਿਸਾਬ ਨਾਲ 9 ਲੱਖ ਰੁਪਏ ਦਿੱਤੇ ਸਨ। ਉਸਨੇ ਉਨ੍ਹਾਂ ਨੂੰ ਜੋਰਡਨ ਕੰਪਨੀ ਵਿਚ ਭੇਜਣ ਦਾ ਕਹਿ ਕੇ ਟੂਰਸਿਟ ਵੀਜ਼ਾ ਲਗਾ ਦਿੱਤਾ। ਜਿਸਦੇ ਚੱਲਦਿਆਂ ਉਨ੍ਹਾਂ ਨੂੰ 40 ਦਿਨ ਜੋਰਡਨ ਵਿਚ ਭੁੱਖੇ ਭਾਣੇ ਕੱਟਣ ਪਏ। ਉਕਤ ਸ਼ਿਕਾਇਤ ਦੀ ਪੜਤਾਲ ਡੀਐੱਸਪੀ ਹੈੱਡ ਕੁਆਰਟਰ ਤਰਨਤਾਰਨ ਵੱਲੋਂ ਕਰਨ ਉਪਰੰਤ ਮਨਪ੍ਰੀਤ ਸਿੰਘ ਨੂੰ ਕੇਸ ਵਿਚ ਨਾਮਜ਼ਦ ਕਰ ਲਿਆ ਗਿਆ ਹੈ। ਇਸ ਮਾਮਲੇ ਦੀ ਅਗਲੀ ਜਾਂਚ ਏਐੱਸਆਈ ਰਾਜਪਾਲ ਸਿੰਘ ਵੱਲੋਂ ਕੀਤੀ ਜਾ ਰਹੀ ਹੈ।



