
ਰਾਏਕੋਟ, 27 ਅਕਤੂਬਰ : ਲਾਗਲੇ ਪਿੰਡ ਰੂਪਾਪੱਤੀ ਵਿਖੇ ਅੱਜ ਸ਼ਾਮ 4-5 ਵਜੇ ਦੇ ਵਿਚਕਾਰ ਆਪਣੇ ਪਲਾਟ ਵਿਚੋਂ ਪਸ਼ੂਆਂ ਲਈ ਪੱਠੇ ਵੱਢ ਰਹੇ 58 ਸਾਲਾ ਵਿਅਕਤੀ ਉਪਰ ਪਲਾਟ ਨਾਲ ਲੱਗਦੇ ਮਕਾਨ ਦੀ ਪੱਕੀ ਕੰਧ ਡਿੱਗਣ ਕਾਰਨ ਮੌਤ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ। ਪਿੰਡ ਵਿਚੋਂ ਮਿਲੀ ਜਾਣਕਾਰੀ ਅਨੁਸਾਰ ਪਿੰਡ ਰੂਪਾਪੱਤੀ ਵਿਖੇ ਐਸਸੀ ਪਰਿਵਾਰ ਨਾਲ ਸਬੰਧਤ ਨਰਾਇਣ ਸਿੰਘ(58) ਪੁੱਤਰ ਭਾਨ ਸਿੰਘ ਨੇ ਪਸ਼ੂਆਂ ਲਈ ਇੱਕ ਪਲਾਟ ਵਿਚ ਪੱਠੇ ਬੀਜੇ ਹੋਏ ਹਨ ਪ੍ਰੰਤੂ ਉਸ ਪਲਾਟ ਨਾਲ ਜਗਦੇਵ ਸਿੰਘ ਪੁੱਤਰ ਦਿਆਲ ਸਿੰਘ ਦੇ ਮਕਾਨ ਦੀ ਚਾਰਦੀਵਾਰੀ ਲਗਦੀ ਹੈ ਪ੍ਰੰਤੂ ਚਾਰਦੀਵਾਰੀ ਦੇ ਪਿਛਲੇ ਪਾਸੇ ਜਗ੍ਹਾ ਸਾਢੇ ਤਿੰਨ ਫੁੱਟ ਨੀਂਵੀ ਹੋਣ ਕਾਰਨ ਅਚਾਨਕ ਪੱਕੀ ਕੰਧ ਬਾਹਰਲੇ ਪਾਸੇ (ਨਰਾਇਣ ਸਿੰਘ ਦੇ ਪੱਠਿਆਂ ਵਾਲੇ ਪਲਾਟ) ਵੱਲ ਨੂੰ ਝੁਕ ਗਈ, ਜਿਸ ਦੀ ਜਗਦੇਵ ਸਿੰਘ ਦੇ ਪਰਿਵਾਰ ਵੱਲੋਂ ਮੁਰੰਮਤ ਕਰਵਾਈ ਜਾ ਰਹੀ ਸੀ, ਸਗੋਂ ਖੁਦ ਨਰਾਇਣ ਸਿੰਘ ਨੇ ਉਨ੍ਹਾਂ ਨਾਲ ਲੱਗ ਕੇ ਕੰਧ ਨੂੰ ਸਪੋਟ ਦੇਣ ਲਈ ਬੱਲੀਆਂ ਲਗਵਾਈਆਂ ਸਨ। ਇਸ ਮੌਕੇ ਮ੍ਰਿਤਕ ਨਰਾਇਣ ਸਿੰਘ ਦੇ ਭਰਾ ਲਖਵਿੰਦਰ ਸਿੰਘ ਅਤੇ ਪੁੱਤਰ ਬਲਦੀਪ ਸਿੰਘ ਨੇ ਘਟਨਾ ਸੰਬੰਧੀ ਜਾਣਕਾਰੀ ਦਿੰਦਿਆਂ ਦੱਸਿਆ ਕਿ ਉਹ ਅੱਜ ਘਰ ਨਹੀਂ ਸਨ ਅਤੇ ਨਰਾਇਣ ਸਿੰਘ ਆਪਣੇ ਗੁਆਂਢੀ ਜਗਦੇਵ ਸਿੰਘ ਫ਼ੌਜੀ ਦੇ ਮਕਾਨ ਨਾਲ ਲੱਗਦੇ ਪਲਾਂਟ ਵਿੱਚ ਬੀਜਿਆ ਹਰਾ ਚਾਰਾ ਵੱਢਣ ਗਿਆ ਪਰ ਅਚਾਨਕ ਉਥੇ ਉਨ੍ਹਾਂ ਉਪਰ ਗੁਆਂਢੀ ਮਕਾਨ ਦੀ ਪੱਕੀ ਕੰਧ ਡਿੱਗ ਗਈ, ਜਿਸ ’ਤੇ ਗੁਆਂਢੀ ਜਗਦੇਵ ਸਿੰਘ ਅਤੇ ਨਰਾਇਣ ਸਿੰਘ ਦੇ ਘਰ ਦੀਆਂ ਔਰਤਾਂ ਨੇ ਉਸ ਨੂੰ ਰਾਏਕੋਟ ਦੇ ਸਿਮਰਤ ਹਸਪਤਾਲ ਵਿਖੇ ਇਲਾਜ ਲਈ ਲਿਜਾਇਆ ਗਿਆ, ਜਿੱਥੇ ਡਾਕਟਰਾਂ ਨੇ ਉਸ ਨੂੰ ਮਿ੍ਰਤਕ ਘੋਸ਼ਿਤ ਕਰ ਦਿੱਤਾ। ਇਸ ਸਬੰਧੀ ਘਟਨਾ ਸਬੰਧੀ ਜਾਣਕਾਰੀ ਮਿਲਣ ’ਤੇ ਥਾਣਾ ਸਦਰ ਰਾਏਕੋਟ ਦੇ ਐੱਸਐੱਚਓ ਕੁਲਵਿੰਦਰ ਸਿੰਘ ਅਤੇ ਪੁਲਿਸ ਮੁਲਾਜ਼ਮਾਂ ਨੇ ਸਿਮਰਤ ਹਸਪਤਾਲ ਵਿਖੇ ਪਹੁੰਚ ਕੇ ਪਰਿਵਾਰ ਨਾਲ ਗੱਲਬਾਤ ਕੀਤੀ, ਉਥੇ ਹੀ ਪਿੰਡ ਰੂਪਾਪੱਤੀ ਵਿਖੇ ਘਟਨਾ ਸਥਾਨ ਦਾ ਦੌਰਾ ਕਰਕੇ ਸਥਿਤੀ ਦਾ ਜਾਇਜ਼ਾ ਲਿਆ। ਇਸ ਸਬੰਧੀ ਜਦੋਂ ਪੁਲਿਸ ਥਾਣਾ ਰਾਏਕੋਟ ਸਦਰ ਐੱਸਐੱਚਓ ਕੁਲਵਿੰਦਰ ਸਿੰਘ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਪੁਲਿਸ ਨੇ ਲਾਸ਼ ਨੂੰ ਪਿੰਡ ਬੱਸੀਆਂ ਵਿਖੇ ਮੁਰਚਰੀ ਵਿਚ ਰਖਵਾ ਦਿੱਤਾ ਹੈ ਅਤੇ ਪਰਿਵਾਰਕ ਮੈਂਬਰਾਂ ਨਾਲ ਗੱਲਬਾਤ ਕੀਤੀ ਜਾਂ ਰਹੀ, ਜਿਨ੍ਹਾਂ ਵੱਲੋਂ ਦਿੱਤੇ ਬਿਆਨਾਂ ਦੇ ਆਧਾਰ ’ਤੇ ਬਣਦੀ ਕਾਰਵਾਈ ਅਮਲ ਵਿਚ ਲਿਆਂਦੀ ਜਾਵੇਗੀ, ਜਦਕਿ ਦੋਵੇਂ ਧਿਰਾਂ ਵਿਚ ਸਮਝੌਤੇ ਦੀ ਗੱਲ ਵੀ ਚੱਲ ਰਹੀ ਹੈ। ਉਧਰ ਮ੍ਰਿਤਕ ਦੇ ਪਰਿਵਾਰਕ ਮੈਂਬਰਾਂ ਵੱਲੋਂ ਇਸ ਸਬੰਧੀ ਕੋਈ ਕਾਰਵਾਈ ਨਾ ਕਰਵਾਉਣ ਬਾਰੇ ਕਿਹਾ ਗਿਆ ਹੈ।



