ਕੰਚਨਪ੍ਰੀਤ ਕੌਰ ਦੀ ਕੁਝ ਦੇਰ ਬਾਅਦ ਤਰਨਤਾਰਨ ਦੀ ਅਦਾਲਤ ਵਿੱਚ ਹੋਵੇਗੀ ਪੇਸ਼ੀ
ਅਕਾਲੀ ਦਲ ਨੇ ਗ੍ਰਿਫ਼ਤਾਰੀ ਦਾ ਕੀਤਾ ਜ਼ਬਰਦਸਤ ਵਿਰੋਧ

ਤਰਨਤਾਰਨ, 30 ਨਵੰਬਰ : ਅਕਾਲੀ ਦਲ ਦੀ ਲੀਡਰਸ਼ਿਪ ਨੇ ਪੰਜਾਬ ਸਰਕਾਰ ‘ਤੇ ਔਰਤਾਂ ‘ਤੇ ਧੱਕੇਸ਼ਾਹੀ ਦਾ ਦੋਸ਼ ਲਾਉਂਦਿਆਂ ਸ਼ਨੀਵਾਰ ਨੂੰ ਜ਼ਿਲ੍ਹਾ ਕਚਹਿਰੀਆਂ ਤੋਂ ਕੁਝ ਮੀਟਰ ਦੀ ਦੂਰੀ ‘ਤੇ ਧਰਨਾ ਲਾ ਕੇ ਮਹਿਲਾ ਅਕਾਲੀ ਆਗੂ ਸੁਖਵਿੰਦਰ ਕੌਰ ਰੰਧਾਵਾ ਦੀ ਧੀ ਕੰਚਨਪ੍ਰੀਤ ਕੌਰ ਦੀ ਗ੍ਰਿਫ਼ਤਾਰੀ ਦਾ ਜ਼ਬਰਦਸਤ ਵਿਰੋਧ ਕੀਤਾ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਅਕਾਲੀ ਦਲ ਦੇ ਵਧੇ ਗ੍ਰਾਫ ਤੋਂ ਬੌਖ਼ਲਾਹਟ ਵਿੱਚ ਹੈ ਅਤੇ ਇਕ ਢਾਈ ਸਾਲ ਦੇ ਬੱਚੇ ਦੀ ਮਾਂ ਨੂੰ ਗ੍ਰਿਫ਼ਤਾਰ ਕਰ ਕੇ ਜੇਲ੍ਹ ਭੇਜਣ ਦੀ ਤਿਆਰੀ ਵਿੱਚ ਹੈ। ਉਨ੍ਹਾਂ ਕਿਹਾ ਕਿ ਕੰਚਪਨਪ੍ਰੀਤ ਕੌਰ ਅਦਾਲਤੀ ਹੁਕਮਾਂ ‘ਤੇ ਚਲਦਿਆਂ ਜਾਂਚ ਵਿੱਚ ਸ਼ਾਮਲ ਹੋਣ ਲਈ ਥਾਣੇ ਪੁੱਜੀ ਸੀ ਪਰ ਉਸ ਨੂੰ 11 ਨਵੰਬਰ ਦੇ ਮਾਮਲੇ ਵਿੱਚ ਗ੍ਰਿਫ਼ਤਾਰ ਕਰ ਲਿਆ ਗਿਆ। ਪ੍ਰੋਫੈਸਰ ਵਿਰਸਾ ਸਿੰਘ ਵਲਟੋਹਾ ਨੇ ਕਿਹਾ ਕਿ ਅਕਾਲੀ ਦਲ ਸਰਕਾਰ ਦੇ ਜਬਰ ਤੋਂ ਡਰਨ ਵਾਲਾ ਨਹੀਂ ਹੈ। ਜ਼ਿਕਰਯੋਗ ਹੈ ਕਿ ਤਰਨਤਾਰਨ ਜ਼ਿਮਨੀ ਚੋਣ ਦੀ ਅਕਾਲੀ ਉਮੀਦਵਾਰ ਸੁਖਵਿੰਦਰ ਕੌਰ ਰੰਧਾਵਾ ਦੀ ਧੀ ਕੰਚਪਨਪ੍ਰੀਤ ਕੌਰ ਨੂੰ 11 ਨਵੰਬਰ ਨੂੰ ਥਾਣਾ ਝਬਾਲ ਵਿਖੇ ਮੁਕੱਦਮਾ ਨੰਬਰ 208 ਵਿੱਚ ਨਾਮਜ਼ਦ ਕੀਤਾ ਸੀ। ਬੀਤੇ ਕੱਲ੍ਹ ਪੁਲਿਸ ਵੱਲੋਂ ਉਸ ਨੂੰ ਥਾਣੇ ‘ਚ ਪੁੱਛਗਿੱਛ ਲਈ ਬੁਲਾਉਣ ਤੋਂ ਬਾਅਦ ਗ੍ਰਿਫ਼ਤਾਰ ਕਰ ਲਿਆ ਸੀ। ਅੱਜ ਰਾਤ ਅੱਠ ਵਜੇ ਉਸ ਦੀ ਤਰਨਤਾਰਨ ਅਦਾਲਤ ਵਿੱਚ ਪੇਸ਼ੀ ਹੋਵੇਗੀ।



