
ਬਠਿੰਡਾ, 7 ਜਨਵਰੀ- ਪਿਛਲੇ ਕਈ ਦਿਨਾਂ ਤੋਂ ਪੈ ਰਹੀ ਹੱਡ ਚੀਰਵੀ ਠੰਢ, ਧੁੰਦ ਅਤੇ ਠੰਢੀਆਂ ਹਵਾਵਾਂ ਨਾਲ ਜਨ ਜੀਵਨ ਬੁਰੀ ਤਰ੍ਹਾਂ ਪ੍ਰਭਾਵਿਤ ਹੋ ਰਿਹਾ ਹੈ। ਪਸ਼ੂ ਪੰਛੀਆਂ ਦੇ ਨਾਲ ਨਾਲ ਮਨੁੱਖ ਲਗਾਤਾਰ ਬਿਮਾਰ ਹੋ ਰਹੇ ਹਨ। ਠੰਢ ਨੇ ਪਸ਼ੂ ਪਾਲਕਾਂ ਦੀਆਂ ਮੁਸ਼ਕਿਲਾਂ ਬਹੁਤ ਵਧਾ ਦਿੱਤੀਆਂ ਹਨ। ਕੜਾਕੇ ਦੀ ਠੰਢ ਕਾਰਨ ਪਸ਼ੂਆਂ ਦੀ ਦੁੱਧ ਦੇਣ ਦੀ ਸਮਰੱਥਾ 20 ਫ਼ੀਸਦੀ ਤਕ ਘਟ ਗਈ ਹੈ। ਸਰਦੀਆਂ ਦੇ ਮੌਸਮ ਵਿਚ ਪਸ਼ੂਆਂ ਨੂੰ ਮੁੱਖ ਚਾਰੇ ਵਜੋਂ ਵਰਤੀ ਜਾਣ ਵਾਲ ਬਰਸੀਂਮ ਦੀ ਫ਼ਸਲ ਵੀ ਵਧ ਫੁੱਲ ਨਹੀਂ ਰਹੀ ਅਤੇ ਇਸ ਤੋਂ ਇਲਾਵਾ ਇਹ ਠੰਢ ਅਤੇ ਧੁੰਦ ਪਸ਼ੂ ਪਾਲਕਾਂ (ਦੋਧੀਆਂ) ਲਈ ਵੀ ਵੱਡੀ ਮੁਸੀਬਤ ਬਣੀ ਹੋਈ ਹੈ, ਕਿਉਕਿ ਇਸ ਸਰਦੀ ਦੇ ਮੌਸਮ ਵਿਚ ਸਵੇਰੇ ਜਲਦੀ ਉੱਠ ਕੇ ਸ਼ਹਿਰਾਂ ਵਿਚ ਦੁੱਧ ਪਾਉਣ ਜਾਣਾ ਦੋਧੀਆਂ ਲਈ ਬਹੁਤ ਔਖਾ ਹੋ ਗਿਆ ਹੈ। ਜਦੋਂ ਧੁੰਦ ਕਾਰਨ ਸੜਕਾਂ ’ਤੇ ਵਿਜੀਬਿਲਟੀ ਜ਼ੀਰੋ ਦੇ ਬਰਾਬਰ ਹੈ। ਪ੍ਰਿੰਸੀਪਲ ਡਾਕਟਰ ਬਿਮਲ ਸ਼ਰਮਾ ਨੇ ਦੱਸਿਆ ਕਿ ਪਸ਼ੂ ਪਾਲਕਾਂ ਦੀਆਂ ਠੰਢ ਕਾਰਨ ਮੁਸ਼ਕਿਲਾਂ ਕਾਫੀ ਵਧ ਗਈਆਂ ਹਨ। ਠੰਢ ਕਾਰਨ ਪਸ਼ੂ ਕਰੀਬ 20 ਫੀਸਦੀ ਘੱਟ ਦੁੱਧ ਦੇ ਰਹੇ ਹਨ। ਪਸ਼ੂ ਪਾਲਕਾਂ ਸੁਖਦੀਪ ਸਿੰਘ , ਮੇਜਰ ਸਿੰਘ ਗੱਲ ਕੀਤੀ ਤਾਂ ਉਨ੍ਹਾਂ ਦੱਸਿਆ ਕਿ ਜਿਹੜੀ ਗਊ ਪਹਿਲਾਂ 20-25 ਕਿੱਲੋ ਦੁੱਧ ਪ੍ਰਤੀ ਦਿਨ ਦਿੰਦੀ ਸੀ ਹੁਣ 15-18 ਕਿੱਲੋ ਹੀ ਦੁੱਧ ਦੇ ਰਹੀ ਹੈ। ਇਸੇ ਤਰ੍ਹਾਂ ਜਿਹੜੀ ਮੱਝ ਪ੍ਰਤੀ ਦਿਨ 12-14 ਕਿੱਲੋ ਦੁੱਧ ਦਿੰਦੀ ਸੀ ਹੁਣ 8-10 ਕਿੱਲੋ ਪ੍ਰਤੀ ਦਿਨ ਦੁੱਧ ਦੇ ਰਹੀ ਹੈ। ਧੁੱਪ ਨਾ ਨਿਕਲਣ ਕਾਰਨ ਪਸ਼ੂਆਂ ਨੂੰ ਬਾਹਰ ਨਹੀਂ ਕੱਢਿਆ ਜਾ ਸਕਦਾ ਅਤੇ ਦਿਨ ਰਾਤ ਪਸ਼ੂ ਇਕ ਜਗ੍ਹਾ ’ਤੇ ਹੀ ਖੜ੍ਹੇ ਰਹਿੰਦੇ ਹਨ, ਜਿਸ ਕਾਰਨ ਪਸ਼ੂਆਂ ਥੱਲੇ ਫ਼ਰਸ਼ ਗਿੱਲਾ ਰਹਿੰਦਾ ਹੈ। ਪਸ਼ੂ ਪਾਲਕਾਂ ਵੱਲੋਂ ਪਰਾਲੀ ਬਗੈਰਾ ਦੀ ਸੁੱਕ ਤਾਂ ਵਿਛਾਈ ਜਾ ਰਹੀ ਹੈ ਪ੍ਰੰਤੂ ਇਹ ਫਿਰ ਵੀ ਨਾਕਾਫ਼ੀ ਹੈ। ਪਸ਼ੂਆਂ ਨੂੰ ਕੰਬਲਾਂ (ਝੁਲਾ) ਨਾਲ ਢੱਕਣਾ ਪੈ ਰਿਹਾ ਹੈ ਅਤੇ ਅੱਗ ਬਾਲ ਕੇ ਪਸ਼ੂਆਂ ਨੂੰ ਠੰਢ ਤੋਂ ਬਚਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਛੋਟੀ ਉਮਰ ਦੇ ਕੱਟੇ/ਵੱਛੇ ਨਿਮੂਉਨੀਆ ਅਤੇ ਡਾਇਰੀਆ ਦਾ ਸ਼ਿਕਾਰ ਹੋ ਰਹੇ ਹਨ ਅਤੇ ਵੱਡੇ ਪਸ਼ੂ ਵੀ ਆਮ ਨਾਲੋਂ ਵਧੇਰੇ ਬਿਮਾਰ ਹੋ ਰਹੇ ਹਨ। ਇਹੀ ਕਾਰਨ ਹੈ ਕਿ ਪਸ਼ੂ ਕਰੀਬ 20 ਫੀਸਦੀ ਘੱਟ ਦੁੱਧ ਦੇਣ ਲੱਗੇ ਹਨ।
ਪਸ਼ੂਆਂ ਨੂੰ ਠੰਢ ਤੋਂ ਬਚਾਉਣ ਲਈ ਐਡਵਾਇਜ਼ਰੀ ਜਾਰੀ
ਪਸ਼ੂ ਧਨ ਨੂੰ ਸਰਦੀ ਤੋਂ ਬਚਾਅ ਸਬੰਧੀ ਪਸ਼ੂ ਪਾਲਕਾਂ ਨੂੰ ਜਾਗਰੂਕ ਕਰਦਿਆਂ ਵੈਟਰਨਰੀ ਪੋਲੀਟੈਕਨਿਕ ਅਤੇ ਖੇਤਰੀ ਖੋਜ ਕੇਂਦਰ ਕਾਲਝਰਾਣੀ ਦੇ ਪ੍ਰਿੰਸੀਪਲ ਡਾਕਟਰ ਬਿਮਲ ਸ਼ਰਮਾ ਨੇ ਕਿਹਾ ਕਿ ਸਰਦੀਆਂ ਦੇ ਮੌਸਮ ਵਿਚ ਪਸ਼ੂਆਂ ਨੂੰ 20 ਫੀਸਦੀ ਵਧੇਰੇ ਖ਼ੁਰਾਕ ਦੀ ਲੋੜ ਹੁੰਦੀ ਹੈ ਅਤੇ ਰਾਸ਼ਨ ਵਿਚ 40 ਫੀਸਦੀ ਦਾਣੇ, 32 ਫ਼ੀਸਦੀ ਤੇਲ, 25 ਫ਼ੀਸਦੀ ਬਰਾਨਜ, 2 ਫੀਸਦੀ ਮਿਨਰਲ ਮਿਕਚਰ ਅਤੇ 1 ਫੀਸਦੀ ਨਮਕ ਹੋਣਾ ਚਾਹੀਦਾ ਹੈ। ਪਸ਼ੂਆਂ ਨੂੰ ਹਮੇਸ਼ਾ ਤਾਜ਼ਾ ਜਾਂ ਕੋਸਾ ਪਾਣੀ ਪਿਆਓ ਅਤੇ ਫ਼ਰਸ਼ ਧੋਣ ਲਈ ਘੱਟ ਤੋਂ ਘੱਟ ਪਾਣੀ ਦੀ ਵਰਤੋਂ ਕਰੋ। ਪਸ਼ੂਆਂ ਵਾਲੇ ਕਮਰਿਆਂ ਦੇ ਦਰਵਾਜ਼ੇ ਅਤੇ ਖਿੜਕੀਆਂ ਬੰਦ ਰੱਖੋ। ਧੁੱਪ ਨਿਕਲਣ ’ਤੇ ਹੀ ਪਸ਼ੂਆਂ ਨੂੰ ਬਾਹਰ ਕੱਢੋ। ਫ਼ਰਸ਼ ’ਤੇ ਪਰਾਲੀ ਜਾ ਤੂੜੀ ਦੀ ਮੋਟੀ ਤਹਿ ਵਿਛਾਓ। ਕੋਠੇ ਵਿਚ ਕਦੇ ਵੀ ਪਸ਼ੂਆਂ ਨੂੰ ਧੂੰਆਂ ਨਾ ਕਰੋ ਕਿਉਕਿ ਇਸ ਨਾਲ ਪਸ਼ੂਆਂ ਨੂੰ ਸਾਹ ਲੈਣ ਵਿਚ ਦਿੱਕਤ ਆ ਸਕਦੀ ਹੈ। ਪਸ਼ੂਆਂ ਨੂੰ ਠੰਢ ਤੋਂ ਬਚਾਉਣ ਲਈ ਕੰਬਲ ਜਾ ਬੋਰੀਆਂ ਦੇ ਝੁਲ ਪੌਣੇ ਚਾਹੀਦੇ ਹਨ। ਵੱਡੇ ਪਸ਼ੂਆਂ ਨੂੰ ਖਾਸ ਕਰਕੇ ਸਰਦੀਆਂ ਦੇ ਮੌਸਮ ਵਿਚ ਹਰ ਹਫ਼ਤੇ 150-200 ਗ੍ਰਾਮ ਗੁੜ ਅਤੇ ਛੋਟੇ ਪਸ਼ੂਆ ਨੂੰ 50-100 ਗ੍ਰਾਮ ਗੁੜ ਜਰੂਰ ਦੇਣਾ ਚਾਹੀਦਾ ਹੈ, ਕਿਉਕਿ ਗੁੜ ਵਿਚ ਕੈਲਸ਼ੀਅਮ,ਪੋਟਾਸ਼ੀਅਮ, ਮੈਗਨੀਸੀਅਮ ਅਤੇ ਆਈਰਨ ਦੇ ਖ਼ੁਰਾਕੀ ਤੱਤ ਹੁੰਦੇ ਹਨ। ਜੇਕਰ ਪਸ਼ੂ ਬਿਮਾਰ ਹੋ ਜਾਵੇ ਤਾਂ ਤਰੁੰਤ ਨਜ਼ਦੀਕ ਦੇ ਪਸ਼ੂ ਹਸਪਤਾਲ ਜਾ ਕੇ ਡਾਕਟਰ ਦੀ ਸਲਾਹ ਲੈਣੀ ਚਾਹੀਦੀ ਹੈ।



